ਕਹਾਣੀ ਬਹੁਤੀ ਲੰਮੀ ਨਹੀਂ ਸੀ; ਵੀਹਾਂ ਕੁ ਮਿੰਟਾਂ ਵਿਚ ਪੜ੍ਹੀ ਗਈ। ਆਪਣੇ ਲਾਗੇ ਬੈਠੇ ਆਦਮੀ ਬਾਰੇ ਚਿੰਤਾਤਰ ਹੋਣ ਕਰਕੇ ਮੈਂ ਕਹਾਣੀ ਦਾ ਆਨੰਦ ਨਹੀਂ ਸਾਂ ਮਾਣ ਸਕਿਆ। ਮੇਰੀ ਚਿੰਤਾ ਇਹ ਸੀ ਕਿ ਜੇ ਅਤੇ ਜਦੋਂ ਇਸ ਕਹਾਣੀ ਵਿਚ ਮੌਤ ਦੇ ਹਨੇਰਿਆਂ ਵਿਚ ਗੁਆਚਦੀਆਂ ਢਾਈ ਸੌ ਨਿਰਦੇਸ਼, ਨਿਮਾਣੀਆਂ ਅਤੇ ਮਾਸੂਮ ਜਾਨਾਂ ਦਾ ਜ਼ਿਕਰ ਆਇਆ; ਜਦੋਂ ਢਾਈ ਸੋ ਮਨੁੱਖੀ ਮੂੰਹਾਂ ਉੱਤੇ ਮਲੀ ਗਈ ਮੌਤ ਦੀ ਭਿਆਨਕਤਾ ਦਾ ਵਰਣਨ ਹੋਇਆ: ਜਦੋਂ ਮਹਾਂਬਲੀ ਮਹਾਂਕਾਲ ਤੋਂ ਰੱਖਿਆ ਕਰਨ ਦੇ ਨਿਸਫਲ ਜਤਨ ਕਰਦੀਆਂ ਅਬਲਾਵਾਂ ਦੁਆਰਾ ਆਪਣੇ ਮਾਸੂਮ ਬੱਚਿਆਂ ਨੂੰ ਆਪਣੀ ਗੋਦ ਵਿਚ ਲੁਕਾਉਣ ਦੀ ਗੱਲ ਕੀਤੀ ਗਈ, ਜਦੋਂ ਜੀਵਨ ਦੇ ਮੋਹ ਵਿਚੋਂ ਉਪਜੀਆਂ ਹੋਈਆਂ ਅਫਲ ਅਰਦਾਸਾਂ ਨੇ ਅਖੌਤੀ ਸਰਵ-ਸ਼ਕਤੀਮਾਨ ਨੂੰ ਮਨੁੱਖੀ ਪਾਗਲਪਨ ਸਾਹਮਣੇ ਸ਼ਕਤੀਹੀਣ ਸਿੱਧ ਕਰ ਦਿੱਤਾ ਅਤੇ ਜਦੋਂ ਕਹਾਣੀਕਾਰ ਨੇ ਢਾਈ ਸੌ ਮਨੁੱਖੀ ਹਿਰਦਿਆਂ ਨੂੰ ਆਪਣੇ ਸਨੇਹੀਆਂ ਨੂੰ ਅੰਤਲੀ ਅਲਵਿਦਾ ਆਖਦਿਆਂ ਉਲੀਕਿਆ; ਤਾਂ ਅਤੇ ਤਦੋਂ ਮੇਰੇ ਲਾਗੇ ਬੈਠਾ ਇਹ ਆਦਮੀ ਕਿਵੇਂ ਜੀ ਸਕੇਗਾ। ਪਰੰਤੂ ਕਹਾਣੀ ਵਿਚ ਅਜਿਹੀ ਕੋਈ ਗੱਲ ਨਹੀਂ ਸੀ ਕੀਤੀ ਗਈ। ਸਿਆਸੀ ਸਿਧਾਂਤਾਂ ਦੀ ਦਾਰਸ਼ਨਿਕ ਪੁਣ-ਛਾਣ ਹੀ ਕਹਾਣੀ ਦਾ ਮਨੋਰਥ ਸੀ: ਮਨੁੱਖੀ ਹਿਰਦੇ ਦੇ ਮਰਮ ਦੀ ਗੱਲ ਨਹੀਂ ਸੀ ਹੋਈ। ਮੈਂ ਆਪਣੇ ਲਾਈ ਬੈਠੇ ਆਦਮੀ ਵੱਲ ਵੇਖਿਆ: ਉਹ ਮੂੰਹ ਚੁੱਕੀ ਹਾਲ ਦੀ ਛੱਤ ਵੱਲ ਵੇਖ ਰਿਹਾ ਸੀ।
ਪੜ੍ਹੀ ਜਾਣ ਪਿੱਛੋਂ ਕਹਾਣੀ ਦੀ ਪ੍ਰਸੰਸਾਤਮਕ ਆਲੋਚਨਾ ਆਰੰਭ ਹੋਈ। ਕਿਸੇ ਨੇ ਕਹਾਣੀ ਦੀ ਦਾਰਸ਼ਨਿਕਤਾ ਨੂੰ ਸਲਾਹਿਆ ਅਤੇ ਕਿਸੇ ਨੇ ਇਸਦੀ ਅੰਤਰ-ਰਾਸ਼ਟੀਅਤਾ ਨੂੰ। ਕਿਸੇ ਨੇ ਲੇਖਕ ਦੀ ਲੋਕ-ਹਿਤਾਂ ਪ੍ਰਤੀ ਬਚਨ-ਬੱਧਤਾ ਦਾ ਜ਼ਿਕਰ ਕੀਤਾ ਅਤੇ ਕਿਸੇ ਨੇ ਇਸ ਕਹਾਣੀ ਦੁਆਰਾ ਕਹਾਣੀ ਕਲਾ ਵਿਚ ਆਏ ਤਕਨੀਕੀ ਮੋੜ ਦੀ ਮਹਾਨਤਾ ਵੱਲ ਇਸ਼ਾਰਾ ਕੀਤਾ। ਕਿਸੇ ਨੂੰ ਕਹਾਣੀ ਦੇ ਵਿਸ਼ੇ ਵਸਤੂ ਦੀ ਆਧੁਨਿਕਤਾ ਪਸੰਦ ਆਈ ਅਤੇ ਕਿਸੇ ਨੂੰ ਇਸਦੀ ਵਿਗਿਆਨਿਕਤਾ ਨੇ ਅਚੰਭਿਤ ਕੀਤਾ। ਕਿਸੇ ਨੇ ਇਸਦੀ ਭਾਸ਼ਾਈ ਪ੍ਰਬੀਨਤਾ ਦੀ ਉਸਤਤ ਕੀਤੀ ਅਤੇ ਕਿਸੇ ਨੇ ਵਾਰਤਾਲਾਪੀ ਵਿਚਿੱਤਤਾ ਦੀ। ਮੇਰੇ ਲਾਗੇ ਬੈਠੇ ਆਦਮੀ ਦਾ ਸਿਰ ਹੌਲੀ ਹੌਲੀ ਝੁਕਦਾ ਗਿਆ ਅਤੇ ਆਲੋਚਕਾਂ ਦੀਆਂ ਮੁਬਾਰਕਾਂ ਦੇ ਮੁੱਕਣ ਤਕ ਸਾਹਮਣੇ ਪਏ ਡੈਸਕ ਉੱਤੇ ਆ ਟਿਕਿਆ।
ਮੀਟਿੰਗ ਸਮਾਪਤ ਹੋ ਗਈ। ਹਾਲ ਦੇ ਨਾਲ ਲੱਗਦੇ ਕਮਰੇ ਵਿਚ 'ਖਾਣ-ਪੀਣ' ਦਾ ਪ੍ਰਬੰਧ ਕੀਤਾ ਗਿਆ ਸੀ ਸਾਰੇ ਸਾਹਿਤਕਾਰ ਉੱਠ ਕੇ ਉਧਰ ਚਲੇ ਗਏ; ਮੇਰਾ ਮਿੱਤਰ ਵੀ। 'ਖਾਣ ਪੀਣ' ਤੋਂ ਪ੍ਰਹੇਜ਼ ਕਰਦਾ ਹੋਣ ਕਰਕੇ ਮੈਂ ਹਾਲ ਵਿਚ ਹੀ ਇਧਰ ਉਧਰ ਟਹਿਲਣ ਲੱਗ ਪਿਆ। ਕੁਝ ਮਿੰਟਾਂ ਵਿਚ ਹੀ ਸਾਰੇ ਸਾਹਿਤਕਾਰ ਉਚੇਰੇ ਸਾਹਿਤਕ ਮੰਡਲਾਂ ਵਿਚੋਂ ਹੇਠਾਂ ਆਉਂਦੇ ਆਉਂਦੇ ਨਸ਼ੇ ਦੀ ਤਾਮਸਿਕਤਾ ਦੀਆਂ ਨਿਵਾਣਾਂ ਵੱਲ ਨਿਘਰਦੇ ਗਏ।
ਪਤਾ ਨਹੀਂ ਕਿਵੇਂ ਅਤੇ ਕਿਉਂ ਮੇਰੇ ਮਿੱਤਰ ਨੂੰ ਮੇਰਾ ਚੇਤਾ ਆ ਗਿਆ ਅਤੇ ਉਸਨੇ