ਸਾਰੇ ਉਦਾਸ ਬੈਠੇ ਸਨ। ਰੁੜਾ ਹੌਲੀ ਹੌਲੀ ਤੁਰਦਾ ਮੁੜ ਬੜ੍ਹੇ ਉੱਤੇ ਆ ਗਿਆ ਅਤੇ ਯਾਰਾਂ ਸੋ ਰੁਪਏ ਦੀ ਪੋਟਲੀ ਨੰਬਰਦਾਰ ਦੇ ਸਾਹਮਣੇ ਰੱਖ ਕੇ ਆਖਿਆ, "ਚਾਚਾ, ਆਹ ਲਉ ਮੇਰੇ ਭਾਅ ਦੀਆਂ ਬੱਕਰੀਆਂ। ਮੈਥੋਂ ਨਹੀਂ ਸਾਂਜੀਆਂ ਜਾਣੀਆਂ। ਜੇ ਉਨ੍ਹਾਂ ਨੂੰ ਨਹੀਂ ਸਾਂਭ ਸਕਿਆ ਤਾਂ ਇਨ੍ਹਾਂ ਪੈਸਿਆਂ ਦਾ ਮੈਂ ਕੀ ਲੱਗਨਾਂ। ਉਹ ਬੱਕਰੀਆਂ ਪਿੰਡ ਦੀਆਂ ਸਨ: ਇਹ ਪੈਸੇ ਪਿੰਡ ਦੇ ਨੇ। ਮੈਂ ਯਰੀਮ ਹੋ ਗਿਆ ਚਾਚਾ ਮੇਰਾ ਕੋਈ ਨਹੀਂ।" ਰੂੜੇ ਦੇ ਹੰਝੂ ਬੇਕਾਬੂ ਹੋ ਗਏ। ਨੰਬਰਦਾਰ ਨੇ ਉਸਨੂੰ ਗਲ ਨਾਲ ਲਾ ਕੇ ਦਿਲਾਸਾ ਦਿੱਤਾ, "ਹੇ ਕਮਲਾ ਹੋਇਆ। ਅੰਞਾਣਿਆਂ ਵਾਂਗ ਰੋਈ ਜਾਂਦਾ। ਅਸੀਂ ਤੇਰੇ ਆਂ ਰੂੜਿਆ... ਅਸੀਂ ਸਾਰੇ।" ਅਤੇ ਨੰਬਰਦਾਰ ਦੀ ਡਿੱਗੀ ਬੱਝ ਗਈ। ਪਿੱਪਲ ਦੁਆਲੇ ਬਣੇ ਸੜ੍ਹੇ ਉੱਤੇ ਬੈਠੇ ਸਾਰੇ ਆਦਮੀਆਂ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ।
ਬੱਕਰੀਆਂ ਸਮੇਤ ਅਠਵੰਜਾ ਜੀਆਂ ਨੂੰ ਆਪਣੀ ਬੁੱਕਲ ਵਿਚ ਸੰਭਾਲੀ ਰੱਖਣ ਵਾਲਾ ਖੁੱਲ੍ਹਾ ਵਾੜਾ, ਇਕੱਲੇ ਰੂੜੇ ਨੂੰ ਖਾਣ ਨੂੰ ਆਉਂਦਾ ਸੀ। ਪਿੰਡ ਦੇ ਪ੍ਰਾਇਮਰੀ ਸਕੂਲ ਕੋਲ ਆਪਣੀ ਇਮਾਰਤ ਨਹੀਂ ਸੀ। ਪਿੰਡ ਦੇ ਗੁਰਦੁਆਰੇ ਕੋਲੋਂ ਸਕੂਲ ਦਾ ਕੰਮ ਲਿਆ ਜਾਦਾ ਸੀ। ਰੂੜੇ ਨੇ ਆਪਣੇ ਭਰਾ ਦਾ ਘਰ ਬੱਚਿਆਂ ਦੇ ਸਕੂਲ ਲਈ ਦੇ ਦਿੱਤਾ ਅਤੇ ਆਪ ਨਵੇਂ ਕੋਠੇ ਵਿਚ ਫ਼ਕੀਰਾਂ ਵਰਗਾ ਜੀਵਨ ਜੀਣ ਲੱਗ ਪਿਆ।
ਦੇਸ਼ ਦੀ ਹਵਾ ਕੁਝ ਹੋਰ ਹੁੰਦੀ ਜਾ ਰਹੀ ਸੀ। ਦੇਸ਼ ਦੀ ਆਜ਼ਾਦੀ ਅਤੇ ਪੰਜਾਬ ਦੀ ਵੰਡ ਦੀਆਂ ਗੱਲਾਂ ਆਮ ਸਨ। ਸਾਰਾ ਦੇਸ਼ ਆਜ਼ਾਦੀ ਦੇ ਰੰਗ ਵਿਚ ਰੰਗਿਆ ਜਾ ਰਿਹਾ ਸੀ। ਰੂੜੇ ਨੂੰ ਇਸ ਹਫੜਾ-ਦਫੜੀ ਨਾਲ ਕੋਈ ਦਿਲਚਸਪੀ ਨਹੀਂ ਸੀ। ਉਸਨੂੰ ਉਦਾਸੀ ਸੀ ਕਿ ਇਸ ਰੌਲੇ-ਰੱਪੇ ਅਤੇ ਭੀੜ-ਭੜੱਕੇ ਦੁਆਰਾ ਰੌਣਕਾਂ ਅਤੇ ਸਾਂਝਾਂ ਦਾ ਨਿਰਾਦਰ ਕੀਤਾ ਜਾ ਰਿਹਾ ਸੀ।