ਸਮਾਂ ਬੀਤਦਾ ਗਿਆ। ਪਾਕਿਸਤਾਨ ਤੋਂ ਬੇ-ਘਰ ਹੋ ਕੇ ਆਏ ਲੋਕ ਹੌਲੀ ਹੌਲੀ ਘਰਾਂ ਵਾਲੇ ਹੋ ਗਏ। ਜੀਵਨ ਮੁੜ ਆਪਣੀ ਚਾਲੇ ਤੁਰਨ ਲੱਗ ਪਿਆ। ਪਰ ਇਸ ਚਾਲ ਵਿਚ ਪਹਿਲਾਂ ਵਾਲੀ ਸਾਦਗੀ ਅਤੇ ਸੁਹਿਰਦਤਾ ਨਹੀਂ ਸੀ। ਹਰ ਆਦਮੀ ਪ੍ਰਾਪਤੀਆਂ ਦੀ ਦੌੜ ਦੌੜਦਾ ਜਾਪਦਾ ਸੀ। ਸਮਾਜਕ ਜੀਵਨ ਦੀ ਹਰ ਸੁੰਦਰਤਾ ਨੂੰ ਪਦਾਰਥਕ ਪ੍ਰਾਪਤੀ ਦਾ ਸਾਧਨ ਬਣਾਇਆ ਜਾਣਾ ਯੋਗ ਸਮਝਿਆ ਜਾਣ ਲੱਗ ਪਿਆ ਸੀ।
ਰੂੜੇ ਨੂੰ ਧੀਆ-ਪੁੱਤਾ ਕਹਿ ਕੇ ਪਿਆਰਨ ਵਾਲੇ ਬੁੱਢੇ ਇਕ ਇਕ ਕਰ ਕੇ ਤੁਰ ਗਏ ਸਨ। ਉਸਦੀ ਉਮਰ ਦੇ ਲੋਕ ਉਸ ਵਾਂਗ ਬੁੱਢੇ ਹੁੰਦੇ ਜਾ ਰਹੇ ਸਨ। ਜਿਨ੍ਹਾਂ ਮੁੰਡਿਆਂ ਨੂੰ ਉਹ ਕਸਰਤਾਂ ਕਰਵਾਉਂਦਾ, ਦੁੱਧ ਪਿਆਉਂਦਾ ਅਤੇ ਭੰਗੜੇ ਪੁਆਉਂਦਾ ਰਿਹਾ ਸੀ, ਉਹ ਆਪੋ ਆਪਣੇ ਕਾਰਾਂ-ਵਿਹਾਰਾਂ ਅਤੇ ਪਰਿਵਾਰਾਂ ਵਿਚ ਰੁੱਝ ਗਏ ਸਨ। ਉਨ੍ਹਾਂ ਦੇ ਮਨਾਂ ਵਿਚ ਰੂੜੇ ਲਈ ਪਿਆਰ ਅਤੇ ਸਤਿਕਾਰ ਜਿਉਂ ਦਾ ਤਿਉਂ ਕਾਇਮ ਸੀ। ਰੂੜੇ ਦਾ ਘਰ ਉਨ੍ਹਾਂ ਲਈ ਧਰਮ-ਅਸਥਾਨ ਦਾ ਦਰਜਾ ਰੱਖਦਾ ਸੀ। ਆਪਣੇ ਵਿਹਲੇ ਸਮੇਂ ਨੂੰ ਰੂੜੇ ਦੇ ਨੇੜ ਵਿਚ ਬਿਤਾਉਣ ਨੂੰ ਉਹ ਸਤਸੰਗ ਦਾ ਦਰਜਾ ਦਿੰਦੇ ਸਨ। ਨਵੇਂ ਪੰਚ ਦੇ ਮੁੰਡੇ ਰੂੜੇ ਨੂੰ 'ਬਾਬਾ ਰੂੜਾ' ਕਹਿ ਕੇ ਬੁਲਾਉਂਦੇ ਸਨ ਪਰ ਉਨ੍ਹਾਂ ਲਈ 'ਬਾਬੇ ਰੂੜੇ' ਦਾ ਉਹ ਮਹੱਤਵ ਨਹੀਂ ਸੀ ਜੋ ਉਨ੍ਹਾਂ ਦੇ ਮਾਪਿਆਂ ਲਈ ਸੀ।
ਦੇਸ਼ ਕਈ ਪੱਖਾਂ ਤੋਂ ਉੱਨਤ ਹੋ ਰਿਹਾ ਸੀ। ਸਾਡੇ ਨਿੱਕੇ ਜਿਹੇ ਸ਼ਹਿਰ ਵਿਚ ਕਾਲਜ ਬਣ ਗਿਆ ਸੀ; ਪਿੰਡਾਂ ਨੂੰ ਸੜਕਾਂ ਬਣਾ ਦਿੱਤੀਆਂ ਗਈਆਂ ਸਨ; ਪਿੰਡ ਪਿੰਡ ਸਕੂਲ ਬਣ ਗਏ ਸਨ; ਸਕੂਲਾਂ ਵਿਚ ਕਲਚਰ ਦੇ ਨਾਂ ਉੱਤੇ ਖੇਡਾਂ, ਨਾਟਕਾਂ ਅਤੇ ਭੰਗੜਿਆਂ ਦਾ ਰਿਵਾਜ ਪਾਇਆ ਜਾ ਰਿਹਾ ਸੀ। ਦੇਸ਼ ਦਾ ਨਵਾਂ ਪੇਚ ਇਸ ਨਵੇਂ ਵਾਤਾਵਰਣ ਦੀ ਉਪਜ ਸੀ।
ਬਾਬੇ ਰੂੜੇ ਦੇ ਘਰ ਵਿਚ ਬਣੇ ਸਕੂਲ ਵਿਚ ਪੰਜ ਜਮਾਤਾਂ ਪੜ੍ਹ ਕੇ ਸੁਰਿੰਦਰ ਹੁਣ ਗੌਰਮਿੰਟ ਕਾਲਜ ਵਿਚ ਦਾਖ਼ਲ ਹੋ ਚੁੱਕਾ ਸੀ। ਭੰਗੜੇ ਦਾ ਉਸਨੂੰ ਸ਼ੌਕ ਸੀ ਅਤੇ ਇਸ ਸੋਕ ਨੂੰ ਪਾਲਣ ਦੀ ਯੋਗਤਾ ਉਸਨੂੰ ਰੱਬ ਮਿਲੀ ਹੋਈ ਸੀ। ਉਹ ਜ਼ਿਲ੍ਹੇ ਦੀ ਭੰਗੜਾ ਟੀਮ ਦਾ ਕੈਪਟਨ ਜਾਂ ਲੀਡਰ ਸੀ। ਕਾਲਜ ਦੀ ਡਰਾਮਾ ਕਲੱਬ ਵਿਚ ਵੀ ਉਸਦੀ ਵਿਸ਼ੇਸ਼ ਥਾਂ ਸੀ। ਜ਼ਿਲ੍ਹੇ ਦੀ ਭੰਗੜਾ ਟੀਮ ਦੇ ਚੌਦਾਂ ਮੈਂਬਰਾਂ ਵਿਚੋਂ ਛੇ ਉਸਦੇ ਆਪਣੇ ਕਾਲਜ