ਬਾਜ਼ਾਰ ਦੇ ਕੰਮਾਂ ਵਿਚ ਤਿੰਨ ਚਾਰ ਘੰਟੇ ਲੱਗ ਗਏ। ਖਰੀਦਾ ਖਰਾਦੀ ਦੇ ਝਮੇਲੇ ਵਿਚੋਂ ਜਦੋਂ ਵੀ ਕੁਝ ਸਮਾਂ ਮਿਲਦਾ ਸੀ, ਘਰ ਵਾਲੀ ਦੁੱਧ ਦੀ ਬੋਤਲ ਦੀ ਚੋਰੀ ਦਾ ਚੇਤਾ ਕਰਵਾ ਦਿੰਦੀ ਸੀ। ਹੌਲੀ ਹੌਲੀ ਇਹ ਖ਼ਿਆਲ ਮੇਰੇ ਮਨ ਵਿਚ ਘਰ ਕਰਦਾ ਜਾ ਰਿਹਾ ਸੀ। ਥੋੜਾ ਜਿਹਾ ਸ਼ੱਕ ਮੈਨੂੰ ਅਜ ਵੀ ਸੀ ਕਿ ਕਿਧਰੇ ਦੁੱਧ ਦੇਣ ਵਾਲਿਆਂ ਨੇ ਹੀ ਅੱਜ ਤਿੰਨ ਬੋਤਲਾਂ ਨਾ ਰੱਖੀਆਂ ਹੋਣ। ਘਰ ਮੁੜਨ ਉੱਤੇ ਮੈਂ ਪਹਿਲਾ ਕੰਮ ਦੋਬੀਆਂ ਨੂੰ ਟੈਲੀਫੂਨ ਕਰ ਕੇ ਇਹ ਪਤਾ ਕਰਨ ਦਾ ਕੀਤਾ ਕਿ ਉਹ ਅੱਜ ਸਵੇਰੇ ਸਾਨੂੰ ਕਿੰਨੀਆਂ ਬੋਤਲਾਂ ਦੇ ਕੇ ਗਏ ਸਨ। ਉਨ੍ਹਾਂ ਦਾ ਉੱਤਰ ਸੀ, "ਚਾਰ"। ਕਿੰਨਾ ਚੰਗਾ ਹੁੰਦਾ ਜੇ ਚਾਰ ਦੀ ਥਾਂ ਤਿੰਨ ਆਖਿਆ ਗਿਆ ਹੁੰਦਾ।
"ਹੁਣ ਹੋ ਗਿਆ ਯਕੀਨ ?" ਕਹਿ ਕੇ ਘਰ ਵਾਲੀ ਨੇ ਸ਼ਾਪਿੰਗ ਸਾਂਭਣ ਤੋਂ ਪਹਿਲਾਂ ਆਪਣੀ ਇਕ ਸਹੇਲੀ ਨੂੰ ਟੈਲੀਫੂਨ ਕਰ ਕੇ ਇਸ ਚੋਰੀ ਦਾ ਅਤੇ ਇਸ ਤੋਂ ਪਹਿਲਾਂ ਹੋ ਚੁੱਕੀਆਂ ਚੋਰੀਆਂ ਦਾ ਪੂਰਾ ਪੂਰਾ ਵਿਸਥਾਰ ਸੁਣਾਇਆ। ਇਹ ਸਭ ਕੁਝ ਸੁਣ ਕੇ ਮੇਰਾ ਮਨ ਭਾਰਾ ਹੋ ਗਿਆ। ਮੈਂ ਡ੍ਰਾਇੰਗ ਰੂਮ ਵਿਚ ਬੈਠ ਗਿਆ। ਘਰ ਵਾਲੀ ਰਸੋਈ ਦੇ ਆਹਰ ਵਿਚ ਲੱਗ ਗਈ। ਮੈਂ ਸੋਚ ਰਿਹਾ ਸਾਂ, "ਅੱਜ ਦਾ ਇਹ ਨਿੱਕਾ ਜਿਹਾ ਸਿਆਲੀ ਦਿਨ ਕਿੰਨਾ ਉਦਾਸ ਬੀਤਿਆ ਹੈ । ਕਿੰਝ ਹੌਲੀ ਹੌਲੀ ਤੁਰਿਆ ਹੈ ਅੱਜ ਸਮਾਂ। ਜਿਵੇਂ ਇਸ ਨਿੱਕੀ ਜਿਹੀ ਘਟਨਾ ਦੇ ਭਾਰ ਹੇਠ ਦੱਬਿਆ ਗਿਆ ਹੋਵੇ। ਉਂਝ ਇਹ ਘਟਨਾ ਏਨੀ ਨਿੱਕੀ ਵੀ ਨਹੀਂ। ਜਦੋਂ ਇਸ ਨਾਲ ਦੇ ਹੋਰ ਘਟਨਾਵਾਂ ਆ ਜੁੜਦੀਆਂ ਹਨ, ਉਦੋਂ ਇਸਦਾ ਆਕਾਰ ਵੱਡਾ ਹੋ ਜਾਣਾ ਕੁਦਰਤੀ ਹੈ। ਅਠਵੰਜਾ ਘਰਾਂ ਦੀ ਨਿੱਕੀ ਜਿਹੀ ਸੜਕ ਉੱਤੇ ਤਿੰਨ ਕੁ ਹਫ਼ਤਿਆਂ ਦੇ ਥੋੜੇ ਜਿਹੇ ਸਮੇਂ ਵਿਚ ਇਨ੍ਹਾਂ ਘਟਨਾਵਾਂ ਦਾ ਵਾਪਰਨਾ ਇਨ੍ਹਾਂ ਨੂੰ ਆਪੋ ਵਿਚ ਜੋੜਨ ਦੀ ਸਲਾਹ ਵੀ ਦੇਂਦਾ ਹੈ। ਇਸ ਤੋਂ ਪਹਿਲਾਂ ਸੱਤ ਅੱਠ ਸਾਲ ਦੇ ਸਮੇਂ ਵਿਚ ਏਥੇ ਰਹਿੰਦਿਆਂ ਹੋਇਆਂ ਮੈਂ ਅਜਿਹਾ ਕੁਝ ਹੋਇਆ ਵਾਪਰਿਆ ਨਹੀਂ ਵੇਖਿਆ। ਏਥੇ ਇਸ ਸੜਕ ਉੱਤੇ ਅੰਗਰੇਜ਼, ਭਾਰਤੀ, ਪਾਕਿਸਤਾਨੀ, ਟਰਕਿਸ਼, ਸ੍ਰੀ ਲੰਕਨ, ਆਇਰਿਸ਼ ਅਤੇ ਇਟੈਲੀਅਨ ਰਲੇ ਮਿਲੇ ਵੱਸਦੇ ਹਨ। ਇਨ੍ਹਾਂ ਪਰਿਵਾਰਾਂ ਵਿਚ ਉਚੇਚੀ ਮਿੱਤਰਤਾ ਭਾਵੇਂ ਨਹੀਂ ਤਾਂ ਵੀ ਇਕ ਦੂਜੇ ਪ੍ਰਤੀ ਕਿਸੇ ਪ੍ਰਕਾਰ ਦੀ ਨਫ਼ਰਤ ਜਾਂ ਕੁਵਰਤੋਂ ਵੀ ਕਦੇ ਵੇਖਣ ਵਿਚ ਨਹੀਂ ਆਈ। ਇਕ ਦੂਜੇ ਨੂੰ ਮਿਲਣ ਉੱਤੇ, ਹੈਲ, ਗੁੱਡ ਮਾਰਨਿੰਗ, ਹਉ ਆਰ ਯੂ ਤੋਂ ਇਲਾਵਾ ਕਦੇ ਕਦੇ ਮੌਸਮ ਬਾਰੇ ਵੀ ਗੱਲ-ਬਾਤ ਕਰਦੇ ਆਏ ਹਾਂ। ਇਹ ਮੰਨਿਆ ਕਿ ਮਹਾਂਨਗਰ ਦੇ ਗੁਆਂਢੀਆਂ ਵਿਚ ਗੁਆਂਢ ਦਾ ਗੂੜ੍ਹ ਹੁਣ ਨਹੀਂ ਰਿਹਾ ਤਾਂ ਵੀ ਇਕ ਦੂਜੇ ਦੇ ਘਰ ਚੋਰੀ ਕਰਨ ਤਕ ਨੌਬਤ ਆ ਜਾਣੀ ਤਾਂ ਇਕ ਪ੍ਰਕਾਰ ਦਾ ਹਨੇਰ ਹੈ। ਕਿਉਂ ਵਧਦਾ ਜਾ ਰਿਹਾ ਹੈ ਹਨੇਰ। ਖੁੱਲ੍ਹਾ ਖਾਣ ਨੂੰ ਹੈ: ਪ੍ਰਾਪਤੀ ਦਾ ਭਰੋਸਾ ਹੈ। ਸ਼ਾਇਦ ਇਸੇ ਕਰਕੇ ਹੀ ਅਮਿੱਤਰਤਾ ਦਾ ਹਨੇਰਾ ਵਧਦਾ ਜਾ ਰਿਹਾ ਹੈ। ਲੋੜਾਂ ਅਤੇ ਥੁੜਾਂ ਸਾਡੇ ਰਿਸ਼ਤਿਆਂ ਦਾ ਆਧਾਰ ਹੁੰਦੀਆਂ ਹਨ; ਇਹ ਜਨਮ ਭੂਮੀ ਹਨ