ਲੱਭੂ ਰਾਮ ਦੀ ਦੁਕਾਨ ਸਾਹਮਣੇ ਪਿਤਾ ਜੀ ਦਾ ਸਾਈਕਲ ਰੁਕਿਆ। ਮੈਂ ਪਹਿਲਾਂ ਹੀ ਸਾਈਕਲ ਉੱਤੇ ਉਤਰ ਚੁੱਕਾ ਸਾਂ। ਮੇਰੀਆਂ ਸਹਿਮੀਆਂ ਅੱਖਾਂ ਨੇ ਲੱਡੂ ਰਾਮ ਵੱਲ ਵੇਖਿਆ। ਉਸ ਦੀਆਂ ਅੱਖਾਂ ਵਿਚ ਉਦਾਸੀ ਤਾਂ ਸਦਾ ਹੀ ਹੁੰਦੀ ਸੀ ਪਰ ਉਸ ਸਮੇਂ ਉਸਦੀ ਉਦਾਸੀ ਕੁਝ ਭਿਆਨਕ ਜਿਹੀ ਹੋ ਗਈ ਸੀ। ਮੈਂ ਬਾਬਾ ਲਛਮਣ ਸਿੰਘ ਜੀ ਦੀ ਦੁਕਾਨ ਵੱਲ ਵੇਖਣ ਲੱਗ ਪਿਆ। ਪਿਤਾ ਜੀ ਨੇ ਜ਼ਰਾ ਤਲਖ਼ ਜਿਹੇ ਲਹਿਜੇ ਵਿਚ ਆਖਿਆ, "ਲੱਭ ਰਾਮਾ, ਖੋਲ੍ਹ ਇਹਦਾ ਖਾਤਾ ਅਤੇ ਦੱਸ ਕਿੰਨੇ ਦੀ ਮਠਿਆਈ ਖਾ ਗਿਆ ਇਹ ?" ਮੇਰੀਆਂ ਲੱਤਾਂ ਕੰਬ ਰਹੀਆਂ ਸਨ।
ਬਾਬਾ ਲਛਮਣ ਸਿੰਘ ਜੀ ਆਪਣੀ ਦੁਕਾਨ ਵਿਚ ਬੈਠੇ, ਪਿਤਾ ਜੀ ਵੱਲ ਵੇਖਦੇ ਰਹੇ ਪਰ ਬੋਲੇ ਕੁਝ ਨਾ। ਲੱਭੂ ਰਾਮ ਨੇ ਕਿਹਾ, "ਲਉ ਜੀ, ਇਸ ਦਾ ਹਿਸਾਬ ਮੈਂ ਵੱਖਰੀ ਕਾਪੀ ਉੱਤੇ ਲਿਖਿਆ ਹੋਇਆ ਹੈ। ਜ਼ਰਾ ਜਮ੍ਹਾ ਕਰ ਕੇ ਦੱਸਦਾ ਹਾਂ।" ਲੱਡੂ ਰਾਮ ਦੇ ਹੱਥਾਂ ਵਿਚ ਫੜੀ ਹੋਈ ਕਾਪੀ ਮੈਨੂੰ ਦਿੱਸਣੇ ਹਟਦੀ ਜਾ ਰਹੀ ਸੀ।
"ਲਓ ਗਿਆਨੀ ਜੀ, ਕੁਲ ਮਿਲਾ ਕੇ ਬਣੇ ਤਿੰਨ ਰੁਪਏ ਬਾਰਾਂ ਆਨੇ।"
ਆਪਣੀ ਗੱਲ ਮੁਕਾ ਲੈਣ ਪਿੱਛੋਂ ਲੱਭੂ ਰਾਮ ਦੇ ਮੂੰਹ ਉੱਤੇ ਮੁਸਕਰਾਹਟ ਫੈਲ ਗਈ
ਅਤੇ ਉਸਦੀਆਂ ਅੱਖਾਂ ਦੀ ਉਦਾਸੀ ਆਪਣਾ ਨਿਵਾਸ ਅਸਥਾਨ ਛੱਡ ਗਈ।
"ਬੱਸ ਏਨੇ ਹੀ ?"
"ਹਾਂ ਜੀ, ਏਨੇ ਹੀ, ਗਿਆਨੀ ਜੀ ਪਿਛਲੇ ਛਿਆਂ ਮਹੀਨਿਆਂ ਦਾ ਹਿਸਾਬ ਹੈ ਇਹ। ਕਦੇ ਕਦੇ ਕੋਈ ਚੀਜ਼ ਲੈ ਕੇ ਖਾ ਲੈਂਦਾ ਹੈ ਜਾਂ ਦੁੱਧ ਪੀ ਲੈਂਦਾ ਹੈ।"
"ਕਿਉਂ ਉਏ, ਘਰ ਦੋ ਮੱਝਾਂ ਲਵੇਰੀਆਂ ਹਨ; ਉਨ੍ਹਾਂ ਦਾ ਦੁੱਧ ਕੌੜਾ ਲੱਗਦਾ ਤੈਨੂੰ ?" ਮੈਂ ਚੁੱਪ ਰਿਹਾ। ਪਿਤਾ ਜੀ ਨੇ ਲੱਭੂ ਰਾਮ ਨੂੰ ਆਖਿਆ, "ਇਸਨੂੰ ਅੱਧ ਪਾ ਬਰਫ਼ੀ ਦੇ ਦੇ ਅਤੇ ਐਹ ਲੈ ਚਾਰ ਰੁਪਏ। ਅੱਗੇ ਤੋਂ ਉਧਾਰ ਬਿਲਕੁਲ ਨਾ ਦੇਵੀਂ।" ਲੱਭੂ ਰਾਮ ਅੰਦਰੋਂ ਬਾਹਰੋਂ, ਸਾਰਾ ਦਾ ਸਾਰਾ ਆਨੰਦ, ਆਨੰਦ ਹੋ ਗਿਆ। ਉਸਦੇ ਚਿਹਰੇ ਉੱਤੇ ਆਈ ਦੈਵੀ ਖੁਸ਼ੀ ਵੱਲ ਬਹੁਤਾ ਧਿਆਨ ਦੇਣ ਦੀ ਮੈਨੂੰ ਵਿਹਲ ਨਹੀਂ ਸੀ। ਮੇਰੀ ਆਪਣੀ ਹਾਲਤ ਉਸ ਆਦਮੀ ਵਰਗੀ ਸੀ ਜਿਹੜਾ ਕਿਸੇ ਮਜਬੂਰੀ ਜਾਂ ਭੈ ਕਾਰਨ ਵੱਡੀ ਛਾਲ ਮਾਰਨ ਦੀ ਦਲੇਰੀ ਕਰ ਕੇ ਸੌ ਛੁਟ ਡੂੰਘੀ ਖਾਈ ਨੂੰ ਟੱਪ ਤਾਂ ਗਿਆ ਹੋਵੇ ਪਰ ਟੱਪ ਜਾਣ ਪਿੱਛੋਂ ਖਾਈ ਦੀ ਡੂੰਘਾਈ ਵੱਲ ਝਾਤੀ ਮਾਰ ਕੇ ਅਤੇ ਇਹ ਸੋਚ ਕੇ ਭੈ-ਭੀਤ ਹੋ ਜਾਵੇ ਕਿ ਜੇ ਇਸ ਵਿਚ ਡਿੱਗ ਪਿਆ ਹੁੰਦਾ ਤਾਂ।
"ਸਿੱਧਾ ਘਰ ਜਾਵੀ; ਅੱਗੇ ਤੋਂ ਕੋਈ ਸ਼ਿਕਾਇਤ ਨਾ ਆਵੇ," ਕਹਿ ਕੇ ਪਿਤਾ ਜੀ ਚਲੇ ਗਏ। ਲੱਭੂ ਰਾਮ ਨੇ ਮੈਨੂੰ ਆਪਣੀ ਦੁਕਾਨ ਦੇ ਅੰਦਰ ਬੁਲਾ ਲਿਆ: ਬਰਫੀ ਦੀ ਪਲੇਟ ਕਰ ਕੇ ਮੇਜ਼ ਉੱਤੇ ਰੱਖੀ; ਮੈਨੂੰ ਬਾਹੋਂ ਪਕੜ ਕੇ ਕੁਰਸੀ ਉੱਤੇ ਬਿਠਾ ਲਿਆ