ਇਕ ਧੱਕਾ ਜਿਹਾ ਲੱਗਾ; ਆਪਣੇ ਆਪ ਨੂੰ ਸੰਭਾਲ ਕੇ ਮੈਂ ਪੁੱਛਿਆ, "ਇਹ ਨਵੇਂ ਦੁਕਾਨਦਾਰ ਉਨ੍ਹਾਂ ਦੇ ....? ਗੱਲ ਇਹ ਹੈ ਬਾਬਾ ਜੀ, ਮੈਂ ਉਨ੍ਹਾਂ ਦੇ ਪੈਸੇ ਦੇਣੇ ਹਨ। ਉਨ੍ਹਾਂ ਦੇ ਘਰ..."
"ਕਾਕਾ, ਲੱਡੂ ਰਾਮ ਦਾ ਕੋਈ ਨਹੀਂ; ਨਾ ਧੀ ਨਾ ਪੁੱਤ, ਨਾ ਭੈਣ ਨਾ ਕਰਾ। ਉਹ ਇਕੱਲਾ ਸੀ। ਘਰ ਅਤੇ ਦੁਕਾਨ ਸਭ ਕਿਰਾਏ ਦੇ ਸਨ । ਕੁਝ ਦਿਨ ਢਿੱਲਾ ਹੋਇਆ ਸੀ। ਦਮੇਂ ਦਾ ਰੋਗ ਸੀ ਉਸਨੂੰ। ਮਰਨ ਤੋਂ ਪਹਿਲਾਂ ਤੇਰੇ ਹਿਸਾਬ ਵਾਲੀ ਕਾਪੀ ਮੈਨੂੰ ਦਿੱਤੀ ਸੀ ਉਸਨੇ, ਅਤੇ ਕਿਹਾ ਸੀ ਜਦੋਂ ਤੂੰ ਆਵੇਂ, ਤੈਨੂੰ ਦੇ ਦਿਆਂ।"
ਰੇਸ਼ਮੀ ਰੁਮਾਲ ਵਿਚ ਲਪੇਟੀ ਹੋਈ ਕਾਪੀ ਮੈਂ ਖੋਲ੍ਹੀ। ਇਹ ਉਹੋ ਕਾਪੀ ਸੀ, ਜਿਹੜੀ ਉਸਨੇ ਪਿਤਾ ਜੀ ਦੇ ਸਾਹਮਣੇ ਖੋਲ੍ਹ ਕੇ ਮੇਰਾ ਹਿਸਾਬ ਦੱਸਿਆ ਸੀ, "ਤਿੰਨ ਰੁਪਏ ਬਾਰਾਂ ਆਨੇ।" ਕਾਪੀ ਵਿਚ ਕਿਧਰੇ ਕੋਈ ਹਿਸਾਬ ਕਿਤਾਬ ਨਹੀਂ ਸੀ ਲਿਖਿਆ ਹੋਇਆ। ਸਾਰੀ ਕਾਪੀ ਕੋਰੀ ਸੀ। ਇਕ ਸਫੇ ਉੱਤੇ ਚਾਰ ਰੁਪਏ ਦੇ ਉਹੋ ਨੋਟ ਟਾਂਕੇ ਹੋਏ ਸਨ, ਜਿਹੜੇ ਪਿਤਾ ਜੀ ਨੇ ਉਸਨੂੰ ਦਿੱਤੇ ਸਨ ਅਤੇ ਹਿੰਦੀ ਅੱਖਰਾ ਵਿਚ ਲਿਖਿਆ ਸੀ:
"ਪੂਰਣ ਸਿੰਹ, ਤੁਮੇਂ ਮਨ ਹੀ ਮਨ ਅਪਣਾ ਬੇਟਾ ਮਾਨ ਕਰ ਜਿਸ ਆਨੰਦ ਕਾ ਅਨੁਭਵ ਮੈਂਨੇ ਕੀਆ ਹੈ, ਉਸ ਕੇ ਬਦਲੇ ਮੇਂ ਮੈਂ ਤੁਮ੍ਹੇਂ ਕੁਛ ਨਹੀਂ ਦੇ ਸਕਾ। ਜੋ ਮੇਰੇ ਪਾਸ ਥਾ ਉਸ ਸੇ ਮੈਂਨੇ ਉਸ ਯਤੀਮਖ਼ਾਨੇ ਕਾ ਰਿਣ ਚੁਕਾਨੇ ਕੀ ਕੋਸ਼ਿਸ਼ ਕੀ ਹੈ ਜਿਸ ਮੈਂ ਮੇਰਾ ਬਚਪਨ ਗੁਜ਼ਰਾ। ਤੁਮ੍ਹਾਰੇ ਲੀਏ ਯਹ ਚਾਰ ਰੁਪਏ ਬਚੇ ਹੈਂ। ਭਲਾ ਯਹ ਵੀ ਕੋਈ ਵਿਰਾਸਤ ਹੈ ?
ਲੱਭੂ ਰਾਮ"
ਲੱਭੂ ਰਾਮ ਦੇ ਬੁੱਲ੍ਹਾਂ ਉੱਤੇ ਵਰਤਮਾਨ ਕਦੀ ਕਦੀ ਮੁਸਕਾਨ ਬਣ ਕੇ ਆ ਬੈਠਦਾ ਸੀ ਪਰ ਭਵਿੱਖ ਵਿਚਲੀ ਸੁੰਞ ਦਾ ਅਹਿਸਾਸ ਉਸ ਦੀਆਂ ਅੱਖਾਂ ਦੀ ਸਦੀਵੀ ਉਦਾਸੀ ਬਣ ਗਿਆ ਸੀ; ਇਹ ਭੇਤ ਮੇਰੇ ਉੱਤੇ ਪਹਿਲੀ ਵੇਰ ਪਰਗਟ ਹੋਇਆ।