ਸੀ। ਸੰਨਿਆਸੀਆਂ ਨੇ ਦਸ ਅਤੇ ਜੋਗੀਆਂ ਨੇ ਬਾਰਾ ਰਾਹ ਚਲਾ ਦਿੱਤੇ ਸਨ । ਜੰਗਮ, ਸਰੋਵੜੇ ਤੇ ਦਿਗੰਬਰਾਂ ਨੇ ਦੰਗੇ, ਦਗੇ ਤੇ ਵਾਦ ਰਚਾ ਦਿੱਤੇ ਸਨ। ਬ੍ਰਾਹਮਣਾਂ ਨੇ ਵੇਦ ਸ਼ਾਸਤਰ ਤੇ ਪੁਰਾਨ ਹੀ ਲੜਾ ਦਿੱਤੇ ਸਨ। ਛੇ ਸ਼ਾਸਤਰਾਂ ਦੀ ਹਰ ਵਕਤ ਬਹਿਸ ਹੀ ਛਿੜੀ ਰਹਿੰਦੀ ਸੀ। ਪਖੰਡ ਅਨੇਕ ਪ੍ਰਕਾਰ ਦੇ ਪ੍ਰਚੱਲਤ ਹੋ ਗਏ ਸਨ। ਤਵੀਤ, ਧਾਗੇ, ਮੰਤਰ, ਰਸਾਇਣ ਤੇ ਕਰਾਮਾਤਾਂ ਦੀ ਕਾਲਖ ਨਾਲ ਸਭ ਲਿੱਬੜੇ ਹੋਏ ਸਨ। ਭਰਮ ਹੀ ਭਰਮ ਸਭ ਪਾਸੇ ਸੀ :
'ਭਈ ਗਿਲਾਨਿ ਜਗਤ ਵਿਚਿ ਚਾਰਿ ਵਰਨ ਆਮ ਉਪਾਏ।
ਦਸ ਨਾਮਿ ਸੰਨਿਆਸੀਆ, ਜੋਗੀ ਬਾਰਹ ਪੰਥ ਚਲਾਏ।
ਜੰਗਮ ਅਤੇ ਸਰੋਵੜੇ ਦਗੇ ਦਿਗੰਬਰ ਵਾਦਿ ਕਰਾਏ।
ਬ੍ਰਾਹਮਣਿ ਬਹੁ ਪਰਕਾਰਿ ਕਰਿ ਸ਼ਾਸਤਰ ਬੇਦ ਪੁਰਾਣਿ ਲੜਾਏ।
ਖਟਿ ਦਰਸ਼ਨ ਬਹੁ ਵੈਰਿ ਕਰਿ ਨਾਲਿ ਛਤੀਸ ਪਖੰਡ ਰਲਾਏ।
ਤੰਤ ਮੰਤ ਰਾਸਾਇਣਾਂ, ਕਰਾਮਾਤਿ ਕਾਲਖਿ ਲਪਟਾਏ।
ਇਕਸਿ ਤੇ ਬਹੁ ਰੂਪਿ ਕਰਿ, ਰੂਪ ਕਰੂਪੀ ਘਣੇ ਦਿਖਾਏ।
ਕਲਿਜੁਗ ਅੰਦਰ ਭਰਮ ਭੁਲਾਏ॥ ੧੯॥" (ਵਾਰ ਪਹਿਲੀ)
ਆਰਥਕ ਦਸ਼ਾ : ਸਾਰੀ ਜਨਤਾ ਆਸਾਨੀ ਨਾਲ ਦੋ ਹਿੱਸਿਆਂ ਵਿਚ ਵੰਡੀ ਜਾ ਸਕਦੀ ਸੀ-ਇਕ ਅਮੀਰ ਅਤੇ ਦੂਜੇ ਗਰੀਬ। ਦਰਮਿਆਨਾ ਤਬਕਾ ਬਹੁਤ ਘੱਟ ਸੀ। ਮੁਸਲਮਾਨ ਹਾਕਮ ਹੋਣ ਕਰਕੇ ਗਰੀਬ ਜਨਤਾ ਨੂੰ ਲੁੱਟਦਾ ਸੀ। ਉਹ ਭੈੜੀ ਆਰਥਕ ਹਾਲਤ ਦੀ ਮਾਰੀ ਹਾਕਮ ਦਾ ਹਰ ਰੁਹਬ ਸਹਾਰਦੀ ਸੀ। ਹਿੰਦੂ ਜੋ ਅਮੀਰ ਸੀ, ਉਸ ਵਿਚ ਤੇ ਮੁਸਲਮਾਨ ਹਾਕਮ ਵਿਚ ਕੋਈ ਫਰਕ ਨਹੀਂ ਸੀ। ਮੋਟੇ ਲਫ਼ਜ਼ਾਂ ਵਿਚ ਕੋਈ ਮਲਕ ਭਾਗੋ ਸੀ ਜੋ ਲੋਕਾਂ ਦਾ ਖੂਨ ਚੂਸਦਾ ਸੀ ਤੇ ਕੋਈ ਗਰੀਬ ਲਾਲੋ ਸੀ ਜੋ ਕਿਰਤ ਕਰ ਕੇ, ਗੁਜ਼ਾਰਾ ਕਰਦਾ ਸੀ। ਬਹੁਤੇ ਵਾਹਕ ਸਨ, ਜ਼ਮੀਨ ਤੋਂ ਹੀ ਰੋਟੀ ਦਾ ਨਿਰਬਾਹ ਕਰਦੇ ਸਨ। ਵੱਡੇ-ਵੱਡੇ ਜ਼ਿਮੀਂਦਾਰ, ਵਾਹਕਾਂ ਦਾ ਰਤੀ ਭਰ ਖਿਆਲ ਨਹੀਂ ਕਰਦੇ ਸਨ। ਕਈ ਹਿੰਦੂ ਤਜਾਰਤ ਵੀ ਕਰਦੇ ਸਨ, ਪਰ ਬਹੁਤਿਆਂ ਨੇ ਪਿੰਡਾਂ ਅਤੇ ਸ਼ਹਿਰਾਂ ਵਿਚ ਛੋਟੀਆਂ-ਛੋਟੀਆਂ ਹੱਟੀਆਂ ਪਾਈਆਂ ਹੋਈਆਂ ਸਨ । ਕਈ ਸ਼ਾਹੂਕਾਰਾ ਵੀ ਕਰਦੇ ਸਨ। ਇਸ ਵੱਡੇ ਪਾੜੇ ਨੂੰ ਪੂਰਾ ਕਰਨਾ ਮੁਸ਼ਕਲ ਸੀ।
ਇਸ ਰਾਜਸੀ, ਧਾਰਮਕ, ਸਮਾਜਕ ਤੇ ਆਰਥਕ ਦਸ਼ਾ ਨੂੰ ਇਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ-"ਰਾਜ ਲੋਭ ਦਾ ਸੀ, ਚੌਕੀਦਾਰੀ ਕਾਮ ਦੀ ਸੀ, ਸਰਦਾਰੀ ਕੂੜ ਦੀ ਸੀ, ਜਨਤਾ ਅਗਿਆਨਤਾ ਦੇ ਹਨੇਰੇ ਵਿਚ ਫਸੀ ਹੋਈ ਸੀ, ਸੱਚ ਤੇ ਸਦਾਚਾਰ ਉੱਡ ਗਿਆ ਸੀ, ਧਰਮ ਦੇ ਠੇਕੇਦਾਰ ਧਰਮ ਨੂੰ ਵੇਚ-ਵੇਚ ਕੇ ਖਾ ਰਹੇ ਸਨ। ਇਸਤਰੀ ਰੂਪ ਦਾ ਸ਼ਿੰਗਾਰ ਬਣ ਕੇ ਵੇਸਵਾ ਬਣੀ ਹੋਈ ਸੀ, ਗੱਲ ਕੀ, ਹਰ ਗੱਲ ਵਿਚ ਕੂੜ ਪ੍ਰਧਾਨ ਸੀ।" ਇਹ ਸੀ ਦਸ਼ਾ ਜਦ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ।