

ਟੁੱਟਣ-ਭੱਜਣ ਵਾਲਾ ਸਮਾਨ ਚੁੱਕ ਕੇ ਅੰਦਰ ਰੱਖਣ ਲੱਗ ਪਏ। ਅੰਦਰੋਂ ਕੁੰਡਾ ਲਾ ਕੇ ਛਾਪਲ ਗਏ। ਕੋਠੇ ਤੋਂ ਮੰਜਾ ਲਾਹੁੰਦਾ ਹੋਇਆ ਭੰਤਾ, ਜੋ ਪੱਤੀ ਵਿੱਚ ਭਤੀਜੇ ਦੀ ਥਾਂ ਲੱਗਦਾ ਸੀ, ਰੱਬ ਨੂੰ ਕੋਸਣ ਲੱਗਿਆ, 'ਕਾਹਤੋਂ ਠਿੱਠ ਕਰਿਆ ਜਕ ਨਾਲ ਸੌਣ ਵੀ ਨਹੀਂ ਦੇਣਾ, ਸਾਰੇ ਦਿਨ ਦੇ ਖਪੇ -ਖੂਨ ਹੋਏ ਆਉਨੇ ਆਂ ਕਾਹਤੋਂ ਮੂੰਹ 'ਚੋਂ ਨੇਕੜੂ ਖੋਹਣਾ' ਇੰਨੇ ਹਨੇਰੀ ਦੀ ਪੈਂਦੀ ਸ਼ੂਕਰ ਵਿੱਚ ਉਹਦੀ ਆਵਾਜ਼ ਦੱਬੀ ਗਈ।
ਬਲੌਰੇ ਨੇ ਲਾਲਟੈਣ ਨੂੰ ਸੱਜੀ ਬਾਂਹ ਵਿੱਚ ਪਾ ਲਿਆ ਤੇ ਡੱਬ ਵਿੱਚ ਕਾਪਾ ਕੱਢ ਕੇ, ਉਹਦੀ ਧਾਰ 'ਤੇ ਹੱਥ ਫੇਰਦਾ, ਜਦ ਖੂਹ ਕੋਲ ਦੀ ਗਲ਼ੀ ਦਾ ਮੋੜ ਮੁੜਿਆ ਤਾਂ ਉਹਦੇ ਕੰਨਾਂ ਵਿੱਚ ਆਸੇ ਪੰਡਤ ਦੀ ਵਲੇਲ ਪਈ, ਜੀਹਨੂੰ ਸਿਸਤ ਬੰਨ੍ਹ ਕੇ ਸੁਣਦੇ ਹੋਇਆਂ ਤੋਰ ਥੋੜੀ ਜਿਹੀ ਸੁਸਤ ਪੈ ਗਈ, 'ਕਾਹਤੋਂ ਘਰਾਂ ਦੀ ਛੱਤ ਖੁੰਗ ਕੇ ਸਾਨੂੰ ਅਜਾੜਨ 'ਤੇ ਲੱਕ ਬੱਧਿਆ, ਕੱਟ ਲੈਣ ਦੇ ਤੇਰੀ ਨਗਰੀ ਦੇ ਚਾਰ ਦਿਆੜੇ' ਤੇ ਫੇਰ ਮਿੰਨਤ ਕਰਨ ਦੇ ਲਹਿਜ਼ੇ ਨਾਲ ਮੂੰਹ ਵਿੱਚ ਬਾਣੀ ਦੀ ਤੁਕ ਗਾਉਣ ਲੱਗ ਪਿਆ, 'ਹੇ ਅੱਲਾ... ਰਾਮ... ਵਾਖਰੂ, ਜੋ ਵੀ ਨੇੜੇ ਐ ਉਈ ਸੁਣਲੋ...' ਘਰ ਦੇ ਵਿਹੜੇ ਵਿੱਚ ਲੱਗੇ ਦਰੱਖਤ ਦੇ ਟਾਹਣੇ ਟੁੱਟਣ ਦਾ ਜਰਾਕਾ ਸੁਣ ਕੇ, ਉਹਦੀ ਆਵਾਜ਼ ਡਰ ਨਾਲ ਕਾਂਬਾ ਛੇੜ ਕੇ ਹਉਕੇ ਵਿੱਚ ਗੋਤਾ ਮਾਰ ਈ।
ਉਹਦੇ ਬੋਲ ਸੰਘ ਵਿੱਚ ਕਸੀਰ ਬਣ ਕੇ ਖੁੱਬੇ ਵੇਖ ਕੇ, ਬਲੌਰੇ ਨੂੰ ਅੱਗੇ ਨਾਲੋਂ ਤੈਸ਼ ਦੀ ਘੇਰ ਚੜ੍ਹ ਗਈ, 'ਚਿੰਤਾ ਉਡੰਤਰ ਕਰ ਦੂੰ ਚਾਚਾ, ਧਰਦਾਂ ਜਾ ਕੇ ਸੰਘੀ ਤੇ ਗੋਡਣੀ' ਫੇਰ ਕਚੀਚੀ ਲੈ ਕੇ ਜ਼ੋਰ ਨਾਲ ਗੋਢੇ 'ਤੇ ਥਾਪੀ ਮਾਰ ਕੇ, ਲਾਲਟੈਣ ਵਾਲ਼ੇ ਹੱਥ ਵਿੱਚ ਕਾਪਾ ਫੜ੍ਹ ਕੇ ਅੱਗੇ ਨਾਲੋਂ ਵੀ ਕਾਹਲਾ ਹੋ ਕੇ ਚੱਲ ਪਿਆ। ਅੱਗੋਂ ਆਉਂਦੀ ਧੂੜ ਦੇ ਗੁਬਾਰ ਨਾਲ ਭਰੀ ਹਨੇਰੀ ਵਿੱਚ ਉਹਨੇ ਅੱਖਾਂ ਨਹੀਂ ਬੰਦ ਕੀਤੀਆਂ। ਕੰਨਾਂ ਦੇ ਸੰਨਾਂ ਵਿੱਚ ਦੀ ਖਹਿ ਕੇ ਲੰਘਦੀ ਹਨੇਰੀ ਸੀਟੀ ਵਜਾਉਂਦੀ ਹੋਈ ਨੇ ਰਾਹ ਵਿੱਚ ਕਿਨੇ ਹੀ ਰੁੱਖ ਜੜੋਂ ਪੱਟ ਕੇ ਮੂਧੇ-ਮੂੰਹ ਸੁੱਟ ਦਿੱਤੇ ਸੀ।
ਉਹਨੇ ਫਿਰਨੀ 'ਤੇ ਖੜ੍ਹ ਕੇ ਸਾਰੇ ਪਿੰਡ ਵੱਲ ਨਜ਼ਰ ਮਾਰੀ, ਜਿਵੇਂ ਕੋਈ ਪੂਰਾ ਜ਼ੋਰ ਲਾ ਕੇ ਇਹਨਾਂ ਘਰਾਂ ਦੀਆਂ ਛੱਤਾਂ ਨੂੰ ਪੱਟਣ ਦੀ ਕੋਸ਼ਿਸ਼ ਕਰ ਰਿਹਾ ਸੀ, ਤੇ ਫੇਰ ਇੱਥੇ ਖੜ ਕੇ ਮਿੱਥੇ ਸਮੇਂ ਤੇ ਪਹੁੰਚਣ ਲਈ ਹੋਣ ਵਾਲੀ ਦੇਰ ਤੋਂ ਡਰ ਕੇ ਤੁਰਤ ਪੈਰੀਂ ਚੱਲ ਗਿਆ। ਰਾਹ ਵਿੱਚ ਕਿੰਨੇ ਕੰਢਿਆਂ ਦੇ ਝਾਫੇ ਪੈਰਾਂ ਗਿੱਟਿਆਂ ਵਿੱਚ ਅੜਦੇ ਰਹੇ, ਉਹਨੇ ਸੀ ਵੀ ਨਹੀਂ ਕੀਤੀ ਤੇ ਖੇਤ ਦੀ ਵੱਟ 'ਤੇ ਖੜ ਕੇ, ਕਾਪੇ ਵਾਲੀ ਬਾਂਹ ਦੀ ਕਫ ਚਾੜਦੇ ਹੋਇਆਂ ਬੜ੍ਹਕ ਮਾਰੀ, ‘ਬੁਰਰ... ਆ ਗਿਆ ?' ਤੇ ਚਾਰੇ ਪਾਸੇ ਅੱਖਾਂ 'ਤੇ ਪਲਾਕੀ ਧਰੇ ਬਿਨਾਂ ਵੇਖਿਆ, 'ਕਿੱਥੇ ਜੇ ਐ, ਆਹ ਖਾ ਹੁਣ ਢਾਹ ਮੱਥਾ' ਇੰਨੇ ਬਿਜਲੀ ਦੋ ਵਾਰ ਲਿਸ਼ਕੀ ਤਾਂ ਹਰ ਸ਼ੈਅ ਬਿੰਦ ਦੀ ਬਿੰਦ ਉਹਨੂੰ ਸਾਫ ਵਿਖਾਈ ਦਿੱਤੀ ਤੇ ਧਰਤੀ ਤੇ ਆਪਣਾ ਪਰਛਾਵਾਂ ਵੀ ਸ਼ੀਸ਼ੇ ਵਾਂਗ ਦੂਰ ਤੱਕ ਦਿਸ ਗਿਆ। ਬਚਨੇ ਕੇ ਪਰੇ ਲੱਗੇ ਸਫੈਦਿਆਂ ਦੀ ਦੋ ਕਿੱਲੇ ਲੰਮੀ ਲੱਗੀ ਕਤਾਰ ਵੱਲ ਵੇਖ ਕੇ ਇਉਂ ਲੱਗਿਆ, ਜਿਵੇਂ ਉਹਦੀਆਂ ਲਾਈਆਂ ਟਾਹਲੀਆਂ ਨੂੰ ਘੇਰਾ ਪਾਉਣ ਲਈ ਕਿਲ੍ਹਾ-ਬੰਦੀ ਕਰ