Back ArrowLogo
Info
Profile

ਵਾਰ ਨਾਲ ਮਾਸ ਦੀ ਛੋਤ ਲਾਹ ਦਿੱਤੀ, 'ਲੈ ਹੁਣ ਇਹਦੇ 'ਚ ਲੁਕਿਆ ਫਿਰਦੈਂ" ਏਨਾ ਕਹਿੰਦੇ ਸਾਰ ਉਹਨੇ ਕਾਪੇ ਦੇ ਦੂਜੇ ਵਾਰ ਨਾਲ ਸੱਪ ਦਾ ਗਾਟਾ ਲਾਹ ਦਿੱਤਾ। ਜੀਹਦੇ ਲਹੂ ਤਿਮਕੇ ਉਹ ਦੀ ਛਾਤੀ 'ਤੇ ਪਏ। ਸੱਪ ਥੋੜ੍ਹੀ ਜਿਹੀ ਦੂਰ ਭੱਜਿਆ ਤੇ ਖੱਬਲ ਦੀਆਂ ਤਿੜ੍ਹਾਂ ਵਿੱਚ ਪੁੱਠਾ ਹੋ ਗਿਆ। ਬਿਜਲੀ ਦੀ ਲਿਸ਼ਕ ਵੱਲ ਕੱਬਾ ਵੇਖ ਕੇ, ਮੁਸਕਾ ਪਿਆ ਤੇ ਬੜਕ ਮਾਰੀ, 'ਆਪ ਵੀ ਟੱਕਰੇਂ ਤਾਂ ਜਾਣਾਂ, ਕਾਹਤੋਂ ਬਦੋਸ਼ਿਆਂ ਨੂੰ ਮੇਰੇ ਹੱਥੋਂ ਮਰੌਣ ਦੀ ਵਿੱਡ ਬਣਾਈ ਐ' ਤੇ ਸੱਪ ਦੇ ਤੜਫ ਰਹੇ ਗਾਟੇ 'ਤੇ ਪੈਰ ਰੱਖ ਕੇ, ਨੀਵੀਂ ਪਾਏ ਬਿਨਾਂ ਹੀ ਮੂਕੇ ਨਾਲ ਖੁੱਚ ਕੋਲੋਂ ਲੱਤ ਘੁੱਟ ਕੇ ਬੰਨ੍ਹ ਲਈ ਤੇ ਫੇਰ ਉਵੇਂ ਹੀ ਹੱਥ ਵਿੱਚ ਲਹੂ ਨਾਲ ਭਿੱਜੇ ਕਾਪੇ ਨੂੰ ਫੜ੍ਹ ਕੇ, ਛਾਤੀ ਤਾਣ ਕੇ ਰੱਬ ਦੇ ਅਗਲੇ ਵਾਰ ਦੀ ਉਡੀਕ ਵਿੱਚ ਖੜ੍ਹ ਗਿਆ। ਦਾਣਿਆਂ ਦੀ ਇਕ ਹੋਰ ਲੱਪ ਗੀਝੇ ਵਿੱਚ ਭਰ ਕੇ, ਸਿਰ ਉਤੋਂ ਦੀ ਆਕਾਸ਼ ਵੱਲ ਖਿਲ੍ਹਾਰ ਦਿੱਤੀ ।

*** *** ***

ਅਜੈਵ ਅਜੇ ਵੀ ਖੁਰਲੀ ਵਿੱਚ ਸੁੱਤਾ ਪਿਆ ਸੀ। ਕਾਵਾਂ-ਰੌਲ਼ੀ ਸੁਣ ਕੇ ਖੜਾ ਹੋਇਆ ਤੇ ਕੁੜਤੇ ਤੋਂ ਤੂੜੀ ਦੇ ਕਣ ਝਾੜੇ ਤਾਂ ਕੀੜਿਆਂ ਦੇ ਲੱਗੇ ਭੌਣ ਵੱਲ ਵੇਖਿਆ, ਜੋ ਵੱਢੀ ਹੋਈ ਕਿੱਕਰ ਦੀਆਂ ਜੜ੍ਹਾਂ ਵਿੱਚ ਸੀ। ਕੀੜਿਆਂ ਦੀਆਂ ਦੋ ਤਿੰਨ ਲੰਬੀਆਂ ਕਤਾਰਾਂ ਸੀ, ਜਿਨ੍ਹਾਂ ਦੇ ਮੂੰਹਾਂ ਵਿੱਚ ਇੱਕ-ਇੱਕ ਕਣਕ ਦਾ ਦਾਣਾ ਸੀ।

ਕੀੜਿਆਂ ਦੀ ਇਸ ਕਤਾਰ ਪਿੱਛੇ ਉਹ ਨੀਵੀਂ ਪਾ ਕੇ ਤੁਰਦਾ ਹੋਇਆ ਬਲੌਰੇ ਦੀ ਸੁਆਤ ਵਿੱਚ ਵੜ੍ਹ ਕੇ, ਕਿੰਨਾ ਚਿਰ ਚਾਰ-ਚੁਫੇਰੇ ਕੰਧਾਂ ਵੱਲ ਕਾਣ-ਬੀਣਾ ਹੋ ਕੇ ਵੇਖਦਾ ਰਿਹਾ ਤੇ ਫਿਰ ਖੁੰਜ ਵਿੱਚ ਅੱਧੀ ਖ਼ਾਲੀ ਕੀਤੀ ਬੋਰੀ ਤੇ ਪਏ ਕੁੱਜੇ ਨੂੰ ਚੱਕ ਕੇ, ਕੱਛ ਵਿੱਚ ਅੜਾ ਲਿਆ ਤੇ ਦੂਜੇ ਹੱਥ ਨਾਲ ਤਖਤੇ ਦੀ ਚੂਲ ਕੋਲ ਪਿਆ ਸੰਗਲ ਚੱਕ ਕੇ ਬਾਹਰ ਆ ਗਿਆ। ਇਸ ਸੰਗਲ ਨੂੰ ਸਾੜ ਕੇ ਸੁਆਹ ਕਰਨ ਲਈ ਵਿਹੜੇ ਵਿੱਚ ਡੂੰਘਾ ਟੋਆ ਪੱਟ ਕੇ ਪਾਈ ਕੱਲ੍ਹ ਦੀ ਧੁਖਦੀ ਧੂਣੀ ਵਿੱਚ ਲਿਆ ਕੇ ਸੁੱਟ ਦਿੱਤਾ, ਤੇ ਸੱਜੇ ਹੱਥ ਦੀ ਫੂਕਣੀ ਬਣਾ ਕੇ, ਫੂਕ ਮਾਰਨ ਲਈ ਬੁੱਲ੍ਹਾਂ ਨਾਲ ਲਗਾ ਕੇ, ਸਾਹ ਹੀ ਅੰਦਰ ਖਿੱਚਿਆ ਸੀ ਕਿ ਧੂਣੀ ਦਾ ਭਾਂਬੜ ਮੱਚ ਗਿਆ। ਉਹਨੇ ਕੁੱਜੇ ਵੱਲ ਵੇਖਿਆ ਤਾਂ ਜਿਵੇਂ ਉਹਦੀ ਹੂੰਗਰ ਸੁਣਾਈ ਦਿੱਤੀ, 'ਲੱਗਦੈ ਹੁਣ ਰੱਬ ਦੀ ਗਿੱਚੀ ਤੋਂ ਮਿੱਟੀ ਝਾੜਣੀ ਹੀ ਪੈਣੀ ਐ’

ਉਹ ਧੌਣ ਉੱਚੀ ਕਰਕੇ, ਧੂਣੀ ਦੇ ਚਿੱਟੇ ਧੂੰਏਂ ਵਿੱਚ ਦੀ ਬਚਨ ਕੇ ਕੋਠੇ 'ਤੇ ਬਣਾਏ ਬਾਜ ਵੱਲ ਘੂਰੀ ਵੱਟ ਕੇ, ਪੂਰੇ ਹਰਖ ਨਾਲ ਵੇਖਣ ਲੱਗ ਪਿਆ। ਉਹਦੀਆਂ ਅੱਖਾਂ ਦੇ ਚਿੱਟੇ ਆਕਾਸ਼ ਵਿੱਚ ਪਹੁ ਫੁਟਾਲੇ ਤੋਂ ਪਹਿਲਾਂ ਵਾਲੀ ਰੱਤੀ ਭਾਅ ਠਾਠਾ ਮਾਰਨ ਲੱਗ ਪਈ, ਜੋ ਬਿੰਦ ਦੀ ਬਿੰਦ ਘੁਲ-ਘੁਲ ਕੇ ਗਾੜੀ ਹੋਈ ਜਾਂਦੀ ਸੀ ।

ਇੰਨੇ ਉਹਨੂੰ ਹਨੇਰੀ ਨਾਲ, ਬਾਰਲੇ ਬੂਹੇ ਨੂੰ ਲਾਈ ਹੋਈ, ਪੱਟੀ ਚੀਪਟ ਦੇ ਹੱਥ ਭਰ ਬਣੇ ਮੋਘਰੇ ਵਿੱਚੋਂ ਦੀ, ਗਲੀ ਵਿੱਚ ਤੁਰੇ ਆਉਂਦੇ ਧੱਤੂ ਦੇ ਪੈਰਾਂ ਵਿੱਚ ਪਾਈਆਂ ਦੱਪਲਾਂ ਦੀ 'ਖੜੈਂ ਖੜੈਂ ਸੁਣਾਈ ਦੇਣ ਲੱਗੀ।

103 / 106
Previous
Next