

ਸਕੂਲ ਨੂੰ ਜਾਂਦੇ ਧੱਤੂ ਦੇ ਪੈਰ ਆਪ-ਮੁਹਾਰੇ ਹੀ ਬਲੌਰ ਕੇ ਘਰ ਵੱਲ ਮੁੜ ਪਏ ਸੀ ਤੇ ਉਹ ਹੱਥ ਵਿੱਚ ਫੜੀ, ਖੱਟੀ ਗਾਚੀ ਨਾਲ ਪੋਚੀ ਫੱਟੀ ਨੂੰ, ਖੱਬੀ ਬਾਂਹ ਨਾਲ ਹਿਲੋਰੇ ਮਾਰ-ਮਾਰ ਕੇ ਹਵਾ ਨਾਲ ਸਕਾਉਂਦਾ ਹੋਇਆ, ਬੂਹੇ ਅੱਗੇ ਆ ਖੜੋਤਾ। ਅੰਦਰ ਆਉਣ ਦੀ ਬਿਜਾਏ ਉਹਨੇ ਧੌਣ ਟੇਢੀ ਕਰਕੇ, ਵਿਰਲਾਂ ਵਿੱਚੋਂ ਵੇਖਿਆ, ਅੰਦਰ ਅਜੈਬ ਪਥੱਲਾ ਮਾਰ ਕੇ ਬੈਠਾ ਹੋਇਆ ਟਾਹਲੀ ਨਾਲ ਗੱਲਾਂ ਕਰੀ ਜਾਂਦਾ ਸੀ। ਧੱਤੂ ਜਦੋਂ ਪੁੱਠਾ ਮੁੜਣ ਲੱਗਿਆ ਤਾਂ ਪਿੱਛੋਂ ਕਿਸੇ ਨੇ ਰੋੜੀ ਮਾਰੀ ਹੁੰਦੀ ਹੈ, ਇਹ ਸਮਝ ਕੇ ਰੁਕ ਗਿਆ ਤੇ ਨਿੱਕਰ ਨੂੰ ਲੱਕ 'ਤੇ ਚਾੜ੍ਹਦੇ ਹੋਇਆਂ ਝਾਕਿਆ ਤਾਂ ਇਕ ਠਿਆਨੀ ਥੱਲੇ ਪਈ ਚਿਲਕਾਰੇ ਮਾਰੀ ਜਾਂਦੀ ਦਿਸ ਗਈ।
ਧੱਤੂ ਨੇ ਰੇਤੇ ਸਣੇ ਈ ਮੁੱਠੀ ਭਰ ਕੇ ਠਿਆਨੀ ਚੱਕ ਲਈ ਤਾਂ ਇਉਂ ਲੱਗਿਆ ਜਿਵੇਂ ਰੇਤਾ ਵੀ ਹੱਥ ਦੀਆਂ ਲਕੀਰਾਂ ਵਿੱਚ ਰੜਕਿਆ। ਉਹਨੇ ਮੁੱਠੀ ਜ਼ੋਰ ਨਾਲ ਘੁੱਟੀ ਤਾਂ ਕੱਲਾ ਰੇਤਾ ਉਂਗਲਾਂ ਦੀਆਂ ਵਿਰਲਾਂ ਵਿੱਚੋਂ ਦੀ ਭਰ-ਭਰ ਕੇ ਨਿਕਲ ਗਿਆ ਤੇ ਬਸ ਇਕੱਲੀ ਠਿਆਨੀ ਹੀ ਰਹਿ ਗਈ। ਜੀਹਨੂੰ ਝੱਗੇ ਦੀ ਉਤਲੀ ਜੇਬ ਵਿੱਚ ਪਾ ਲਿਆ। ਤੇ ਅੱਧ-ਸੁੱਕੀ ਫੱਟੀ ਨੂੰ ਉੱਤੇ ਚੱਕ ਵੇਖਿਆ, ਜੀਹਦੇ ਤੋਂ ਉਹਨੇ ਚੀਚੀ ਦੇ ਨਹੁੰ ਨਾਲ ਲਕੀਰਾਂ ਮਾਰ ਕੇ, ਆਪਣੇ ਚਾਚੇ ਬਲੌਰੇ ਦੀ ਮੂਰਤ ਬਣਾਈ ਸੀ। ਇਸ ਵੱਲ ਵੇਖ ਕੇ ਉਹ ਬਲੌਰੇ ਦੀ ਰੀਸ ਕਰਕੇ, ਹਿੱਕ ਚੌੜ੍ਹੀ ਕਰ ਤੁਰਦਾ ਹੋਇਆ ਸਕੂਲ ਵੱਲ ਆ ਗਿਆ।
ਉਹਦੀ ਤੋਰ ਵਿੱਚ ਬਲੌਰੇ ਦਾ ਭਖਾ ਵੇਖ ਕੇ ਕੋਈ ਰੁੱਤ ਨਸ਼ਿਆ ਗਈ।
ਜਦੋਂ ਅੰਗਰੇਜ ਘਰ ਦੇ ਸਾਰੇ ਕੰਮ ਧੰਦੇ ਨਬੇੜ ਕੇ, ਹਨੇਰੀ ਦੇ ਖੇਤ ਕੀਤੇ ਹੋਏ ਉਜਾੜ ਦੀ ਨਿਰਖ ਕਰਨ ਲਈ ਬਾਹਰ ਆਇਆ ਤਾਂ ਗਹੀਰਿਆਂ ਕੋਲ ਦੀ ਕਾਰਡ ਵੰਡਦਾ ਹੋਇਆ ਪੀਰੂ ਟੱਕਰ ਪਿਆ। ਭੁੱਕੀ ਤੇ ਚਾਹ ਦੀ ਲੱਗੀ ਤਲਬ ਉਹਦੇ ਹੱਡਾਂ ਦੇ ਜੋੜਾਂ ਨੂੰ ਖੋਲਾ ਕਰਦੀ ਪਈ ਸੀ। ਉਹਨੂੰ ਹੱਥੀ ਕਾਰਡ ਫੜ੍ਹਾ ਕੇ ਪੀਰੂ ਨੇ ਆਖਿਆ, 'ਬਈ ਸਾਰੇ ਟੱਬਰ ਨੂੰ ਕਿਐ ਆਉਣ ਲਈ ਬਲੌਰ ਸਿਆਂ ਨੇ, ਤੇ ਰੋਟੀ-ਟੁੱਕ ਵੀ ਅੱਜ ਤੋਂ ਉਨ੍ਹਾਂ ਦੇ ਘਰੋਂ ਈ ਆਊ...'
'ਹਏ..' ਅੰਗਰੇਜ ਦੇ ਪੈਰ ਧਰਤੀ ਧੱਸ ਗਏ ਤੇ ਉਹਨੇ ਕਾਅਲੀ ਨਾਲ ਕਾਰਡ ਖੋਲ੍ਹ ਕੇ ਪੜਿਆ ਤੇ ਫੇਰ ਟੋਟੋ-ਟੋਟੇ ਕਰਕੇ ਇੰਨੀ ਏਨੀ ਜ਼ੋਰ ਨਾਲ ਉਹਦੇ ਮੂੰਹ 'ਤੇ ਮਾਰੇ ਕਿ ਪੀਰੂ ਦੇ ਪੀੜ ਹੋਈ, 'ਮੰਵੀਂ ਆਖਾਂ ਏਨੂੰ ਕੀਹਨੇ ਢੋਲੇ ਦੇ ਤੇ...
ਤੇ ਉਹਦੀ ਕਰੀ ਏਸ ਕੁੱਤੇ-ਖਾਣੀ ਕਰਕੇ ਪੀਰੂ ਤੁਰੇ ਜਾਂਦੇ ਦੀ ਪਿੱਠ ਵੱਲ ਕਚਿਆਈ ਨਾਲ, ਹੇਠਲਾ ਬੁੱਲ੍ਹ ਦੰਦਾਂ ਨਾਲ ਦੱਬ ਕੇ, ਉਨਾ ਚਿਰ ਵੇਖੀ ਗਿਆ, ਜਿੰਨਾ ਚਿਰ ਉਹਨੇ ਬਲੌਰੇ ਕੇ ਘਰ ਨੂੰ ਜਾਂਦੀ ਗਲ਼ੀ ਮੁੜਦੇ ਹੋਇਆਂ, ਪਿੱਛੇ ਭਉਂ ਕੇ ਵੱਲ ਕੌੜ੍ਹਾ ਨਹੀਂ ਸੀ ਵੇਖਿਆ। ਫੇਰ ਸਾਇਕਲ ਦੇ ਪੁਰਾਣੇ ਟਾਈਰ ਨੂੰ ਡੰਡੇ ਨਾਲ ਭਜਾ ਕੇ ਕੋਲ ਦੀ ਲੰਘਦੇ ਨਿਆਣੇ ਨੂੰ ਹੱਥ ਕਰਕੇ ਰੋਕ ਲਿਆ, 'ਉਏ ਸ਼ੋਰਾ ਕੇਰਾਂ ਸ਼ੇਰ-ਬੱਗਾ ਬਣ ਕੇ ਇਹਦੇ ਚਾਰ ਅੱਖਰ ਤਾਂ ਠਾਈਂ...'