ਦੇ, ਹੈਵਜਾ ਟਰੈਟ ਸੁੱਖ ਨਾਲ ਅੱਜ ਨੂੰ ਤੇਰੇ ਥੱਲੇ ਵੀ ਹੋਣਾ ਸੀਗਾ, ਜੇ ਥੋਡੇ ਬੁੜ੍ਹੇ ਅਜੈਵ ਨੇ ਪੈਲੀ ਨਾ..'
ਬਲੌਰਾ ਇਹ ਸੁਣ ਕੇ ਆਠਰ ਗਿਆ।
'ਜੇ ਵੇਚੀ ਵੀ ਹੁੰਦੀ ਫੇਰ ਵੀ ਕੁਸ਼ ਹੱਥ-ਪੱਲੇ ਪੈਂਦਾ, ਐਮੇਂ ਭੰਗ-ਭਾਣੇ ਈ ਸੋਰਤੀ' ਬੰਸੀ ਨੇ ਮੂੰਹ ਵਿੱਚ ਉਂਗਲ ਫੇਰ ਕੇ, ਕੋਲ ਬੈਠੀ ਚਿੜੀ ਤੇ ਪਾਣੀ ਦੀ ਕੁਰਲੀ ਕਰ ਦਿੱਤੀ ਤੇ ਸਾਫ਼ੇ ਨਾਲ ਹੱਥ ਪੂੰਝਣ ਲੱਗਿਆ, 'ਗੇਜ ਆਨੂੰ ਏਨੇ ਵੀ ਕੋਠੀ ਛੱਤ ਕੇ ਨਜ਼ਰ ਵੱਟੂ ਟੁੰਗ ਦੇਣਾ ਸੀਗਾ' ਤੇ ਫੇਰ ਹੱਥ ਵਿੱਚ ਰੋਟੀ ਫੜ੍ਹੀ ਖੜੇ ਅੰਗਰੇਜ਼ ਦੇ ਮੁੰਡੇ ਕਿੰਦਰ ਨੂੰ ਨਗੋਚ ਕੀਤੀ, 'ਓਏ ਆਵਦੀ ਬੀਬੀ ਨੂੰ ਵੀ ਕਹਿ ਦਿਆ ਕਰ ਬੀ ਰੋਟੀ ਫੜ੍ਹਾ ਦਿਆ ਕਰੇ ਚਾਚੇ ਨੂੰ, ਛੜੇ ਬੰਦੇ ਦੀ ਤਾਂ ਏਨੇ ਨਾਲ ਈ ਦਾਲ ਕਰਾਰੀ ਹੋ ਜਾਂਦੀ ਐ' ਮੁੰਡੇ ਨੇ ਸੰਗ ਮੰਨੀ ਤਾਂ ਉਹਨੇ ਫੇਰ ਟੋਹਿਆ, 'ਕਉਂ ਓਏ ਬੋਲਦਾ ਨੀਂ'।
'ਆ ਬੀਬੀਏ..'
'ਚੁੱਪ ਓਏ ਪਤੰਦਰਾ ਐਂਵੇ ਖੌਂਸਲੇ ਪਵਾਏਂਗਾ' ਤੇ ਰੋਟੀ ਫੜ੍ਹ ਕੇ, ਕੋਲ ਪਈ ਇੱਟ ਨੂੰ ਪੈਰ ਨਾਲ ਸਿੱਧਾ ਕਰ ਕੇ ਉੱਤੇ ਬਹਿ ਗਿਆ।
ਬਲੌਰੇ ਨੇ ਟੂਟੀ ਦੀ ਧਾਰ ਹੇਠਾਂ ਹੱਥਾਂ ਦੀਆਂ ਰੇਖਾਵਾਂ ਨੂੰ ਵੇਖਿਆ ਤੇ ਫੇਰ ਝਾਵੇਂ ਦੀ ਫਾਕੜ ਨਾਲ ਖੁਰਚ-ਖੁਰਚ ਕੇ ਸਾਫ਼ ਕਰਨ ਲੱਗ ਪਿਆ। ਤਲੀਆਂ ਤੇ ਝਰੀਟਾਂ ਪੈ ਗਈਆਂ। ਤੇ ਇਉਂ ਹੱਥ ਧੋਂਦੇ ਦਾ ਸਾਹ ਚੜ੍ਹ ਗਿਆ। ਏਨ੍ਹਾਂ ਲਕੀਰਾਂ ਵਿੱਚ ਕੋਈ ਚਿਹਰਾ ਵਿਖਾਈ ਦਿੱਤਾ, ਜੀਹਦੇ ਤੇ ਥੁੱਕ ਕੇ ਹੌਲਾ ਫੁੱਲ ਹੋ ਗਿਆ।
ਰੋਟੀ ਖਾਣ ਲਈ ਉਹ ਬਲਦ ਗੱਡੀ ਦੇ ਜੋਤੇ ਤੇ ਬਹਿ ਗਿਆ। ਜੇਬ ਵਿੱਚੋਂ ਗਲਾਸ ਕੱਢ ਕੇ, ਜ਼ੋਰ ਨਾਲ ਉਹਤੇ ਠੋਲੇ ਮਾਰ-ਮਾਰ ਕੇ ਪੈਂਦੀ ਟੁਣਕਾਰ ਸੁਣੀ ਗਿਆ।
*** *** ***