ਖੰਗਰ [ਪਿੱਛਲ-ਝਾਤ]
ਬਲੌਰੇ ਦੇ ਹੱਡਾਂ ਵਿੱਚ ਅੱਗ ਸੁੱਤੀ ਪਈ ਹੁੰਦੀ। ਕੰਮ ਨੂੰ ਜਦੋਂ ਹੰਬਲਾ ਮਾਰ ਕੇ ਜੁਟ ਪੈਂਦਾ ਤਾਂ ਕਿੰਨੇ ਈ ਬੰਦਿਆਂ ਦਾ ਜ਼ੋਰ ਆ ਜਾਂਦਾ। ਉਹ ਤਿੰਨ ਕਿੱਲੇ ਲੰਬੀ ਆੜ ਦਾ ਪਰਾ ਲੱਕ ਵਿੱਚ ਕੁੱਬ ਪਾਈ, ਇੱਕੇ ਝੱਟੀ ਨਾਲ ਸੰਵਾਰ ਦਿੰਦਾ। ਇਉਂ ਨਿੱਠ ਕੇ ਕੰਮ ਕਰਨ ਦੀ ਧੁੰਮ ਖੇਤਾਂ ਵਿੱਚ ਪੈ ਗਈ। ਕਿੰਨੇ ਵਰ੍ਹੇ ਹੋ ਗਏ ਸੀ, ਉਹਨੇ ਕਦੇ ਕਾਮਾ ਨਹੀਂ ਸੀ ਪਾਇਆ। ਵੀੜ੍ਹੀ ਕਰ-ਕਰ ਕੇ ਕੰਮ ਸਿਰੇ ਚਾੜ ਲੈਂਦਾ।
ਪਰ ਜਦ ਏਸ ਵਾਰ ਆੜ੍ਹਤ ਤੇ ਜਾ ਕੇ ਕਣਕ ਸੁੱਟ ਕੇ, ਹਾੜ੍ਹੀ ਦਾ ਹਿਸਾਬ ਕਰਿਆ ਤਾਂ ਸਾਰੀ ਵੱਟਤ ਲੈਣ ਦੀ ਬਜਾਏ, ਦੇਣ ਵਿੱਚ ਈ ਕੱਟੀ ਗਈ। ਉਹਨੂੰ ਜਾਪਿਆ, 'ਵਹੀ ਆਲ਼ੇ ਭਾੜੇ ਤੇਰੇ ਵੱਸੋਂ ਬਾਹਰ ਹੋਏ ਖੜ੍ਹੇ ਐ, ਦੇਣ ਵੇਰੀਂ ਦੋ ਦੂਣੀ ਪੰਜ ਹੋ ਜਾਂਦੇ ਨੇ, ਤੇ ਲੈਣ ਵਾਰੀ ਦੋ ਦੂਣੀ ਇੱਕ, ਇਉਂ ਨੀ ਕੰਮ ਨੇਪਰੇ ਚੜ੍ਹਨਾ...’ ਭਾਂਵੇ ਦੀ ਕਣਕ ਚਾਰ ਕਿੱਲਿਆਂ ਦੀ ਸੀ ਪਰ ਫੇਰੀ ਵੀ ਟੀਸੀ ਉਹਨੇ ਮੰਡੀ ਵਿੱਚ ਬਚਨ ਨਾਲੋਂ ਉੱਚੀ ਕੱਢ ਲਈ। ਤੇ ਉੱਤੇ ਮੰਜਾ ਡਾਹ ਕੇ, ਠਾਠ ਬੰਨ੍ਹ ਕੇ ਕੰਨ ਪਰਨੇ ਪਿਆ ਰਹਿੰਦਾ।
ਜਿੱਥੇ ਵੀ ਵਾਹਣ ਵਿੱਚ ਗਿੱਠ ਦੀ ਵੀ ਕੋਈ ਦੌਗੀ ਲੱਭ ਜਾਂਦੀ, ਉੱਥੇ ਈ ਜੇਬ ਵਿੱਚੋਂ ਦਾਣੇ ਕੱਢ ਕੇ, ਉਂਗਲ ਨਾਲ ਮਿੱਟੀ ਚ ਦਾਣਾ ਦੱਬ ਦਿੰਦਾ, 'ਜੀਹਦੇ ਚ ਬੰਦਾ ਮਿੱਟੀ ਹੋ ਗਿਆ ਉੱਥੋਂ ਈ ਕਾਈ ਸ਼ੈਅ ਉਗਦੀ ਐਂ..'
ਉਹਨੇ ਕਦੇ ਵੀ ਆਪਣੀ ਢੇਰੀ ਤੋਂ ਦਾਣੇ ਚੁੱਗਦੇ ਜਨੌਰਾਂ ਨੂੰ ਹੋਕਰ ਮਾਰ ਕੇ ਨਹੀਂ ਸੀ ਉਡਾਇਆ। ਸਗੋਂ ਮੰਜੇ ਤੇ ਗੋਢਿਆਂ ਭਾਰ ਬਹਿ ਕੇ, 'ਆਹ..ਆਹ' ਕਰਕੇ ਉਹਨਾਂ ਨੂੰ ਦਾਣੇ ਚੁਗਣ ਦਾ ਨਿਉਂਦਾ ਦੇਈ ਜਾਂਦਾ । ਸਾਰੀ ਰੜਕ ਅੰਤ ਵਹੀ ਦੇ ਪੀਲੇ ਵਰਕਿਆਂ ਚ ਖੇਹ ਹੋ ਗਈ। ਸਾਫ਼ੇ ਨੂੰ ਦੋਏਂ ਹੱਥਾਂ ਨਾਲ ਵਟੇ ਚਾੜ੍ਹਦਾ ਹੋਇਆ, ਜੇਬ ਵਿੱਚ ਪਾਏ ਕਣਕ ਦੇ ਦਾਣਿਆਂ ਨੂੰ, ਸਾਰੇ ਰਾਹ ਛੋਲਿਆਂ ਵਾਂਗ ਚੱਬ ਕੇ ਖਾਂਦਾ ਹੋਇਆ, ਘਰ ਨੂੰ ਤੁਰ ਪਿਆ।
ਬੂਹੇ ਦੇ ਦੋਏਂ ਤਖ਼ਤਿਆਂ ਵਿੱਚ ਖੜ੍ਹ ਕੇ ਉਹਨੇ ਵੱਡਾ ਸਾਰਾ ਡਕਾਰ ਲਿਆ ਤਾਂ ਥਕੇਵੇਂ ਨਾਲ ਨਿੱਸਲ ਹੋਏ ਸਰੀਰ ਵਿੱਚ, ਸਿਰੋਂ ਲੈ ਕੇ ਪੈਰਾਂ ਤੱਕ ਨਿੱਘ ਪੈਦਾ ਹੋਣ ਲੱਗਿਆ। ਦੋਵੇਂ ਹੱਥ ਪਿੱਛੇ ਕਰਕੇ ਉਹ ਛੱਤੜੇ ਦੇ ਤਲੈਂਬੜ ਨਾਲ ਬੰਨ੍ਹੀ ਬੱਕਰੀ ਕੋਲ ਜਾ ਖੜਿਆ। ਬੱਕਰੀ ਦੀ ਟੋਟਣ ਵਿੱਚ ਪਏ ਚਿੱਟੇ ਬੱਲ੍ਹ ਤੇ ਖੁਰਲੀ ਨਾਲ ਢੁੱਡਾ ਮਾਰ- ਮਾਰ ਕੇ ਲੱਗੀ ਮਿੱਟੀ ਤੇ ਹੱਥ ਫੇਰਿਆ। ਬੱਕਰੀ ਨੇ ਉਹਦੇ ਹੱਥ ਤੇ ਜੀਭ ਫੇਰ ਕੇ ਕੁਤਕੁਤਾਰੀ ਜਿਹੀ ਕੀਤੀ ਤਾਂ ਉਹਨੂੰ ਹਾਸਾ ਛਿੜ ਪਿਆ।
ਫੇਰ ਸੁਆਤ ਵਿੱਚ ਵੜਦੇ ਸਾਰ ਖੱਬੀ ਗੁੱਠ ਵਿੱਚ ਪਏ ਕੁੱਜੇ ਵੱਲ ਵੇਖ ਕੇ, ਜੀਹਤੇ ਆਪਣੇ ਵਾਹਣ ਦੀ ਪਾਂਡੋ ਮਿੱਟੀ ਨਾਲ ਅੱਖਾਂ, ਨੱਕ, ਬੁੱਲ੍ਹ ਵਾਹ ਕੇ ਕੋਈ ਮੜ੍ਹੰਗਾ ਬਣਾਇਆ ਸੀ, ਬਲੌਰੇ ਦਾ ਜਿਹੜਾ ਰਉਂ ਹੁਣੇ ਬਦਲਿਆ ਸੀ, ਉਹ ਫੇਰ ਉਸੇ ਤਾੜੇ ਵਿੱਚ ਆ ਗਿਆ। ਮੰਜੇ ਤੇ ਬਹਿੰਦੇ ਨੇ ਨੱਕ ਪੂੰਜਣ ਦੇ ਪੱਜ ਨਾਲ, ਅੱਖ