ਫਰਕਣ ਦੇ ਜਿੰਨੇ ਚਿਰ ਲਈ ਧੌਂਣ ਉੱਤੇ ਕਰਕੇ ਕੁੱਜੇ ਵੱਲ ਵੇਖਿਆ, ਤੇ ਫੇਰ ਧੌਣ ਫੇਰ ਕੇ ਨੀਵੀਂ ਪਾ ਕੇ ਬੋਲਿਆ, 'ਬਈ ਕੁੱਜਿਆ ਰੱਬ ਆਵਦੇ ਜਾਣੀ ਤਾਂ ਪਿੰਡੇ ਤੇ ਕਰਮਾਂ ਵਿੱਚੋਂ ਜਾਨ ਜੁੱਫੀ ਬੈਠਾ, ਪਰ ਏਨੀ ਕੁ ਸਤਿਆ ਤਾਂ ਹੈ-ਗੀ ਐ, ਬੀ ਐਦੇ ਪੱਟੇ ਲੱਲ੍ਹੇ ਚ ਮੂਤਦੀਗੇ' ਖੱਬੇ ਡਾਉਲੇ ਨੂੰ ਸੱਜੇ ਹੱਥ ਨਾਲ ਥਾਪੀ ਦੇ ਕੇ, ਚਾਦਰੇ ਦੇ ਲੜ੍ਹ ਕੱਠੇ ਕਰਕੇ ਗੋਢਿਆਂ ਤੀਕ ਚਾੜ੍ਹ ਲਏ, 'ਜੇ ਅੱਜ ਰੱਬ ਪੁੱਛੇ, ਬਈ ਬਲੌਰ ਸਿਆਂ ਦੱਸ ਤੇਰੀ ਕੀ ਇੱਛਿਆ ਓਏ'।
ਫੇਰ ਕੋਲ ਪਈ ਤੂਤ ਦੀ ਛਮਕ ਚੱਕ ਲਈ ਤੇ ਲੰਬੀ ਬਾਂਹ ਕਰਕੇ ਕੁੱਜੇ ਨੂੰ ਇੱਕ ਤਾਲ ਨਾਲ ਖੜਕਾਅ ਦਿੱਤਾ। ਸੇਲ੍ਹੀ ਮਾਰ ਕੇ ਕੀਤੇ ਖੜਾਕ ਨੂੰ ਸੁਣ ਕੇ ਬੋਲਿਆ, 'ਆਹੋ, ਮੈਂ ਏਹੀ ਆਖੂੰ, 'ਬਈ ਬਾਕੀ ਦੀ ਗੱਲ ਤਾਂ ਬਾਦ ਚ ਰਹੀ, ਪਹਿਲਾ ਤਮੀਜ਼ ਨਾਲ ਬੋਲ ਆਹ ਓਏ ਕੀ ਹੁੰਦਾ, ਤੇ ਰਹੀ ਗੱਲ ਦੂਜੀ, ਮੇਰੀ ਇੱਛਾ ਪੂਰੀ ਕਰਨ ਦੀ ਉਹ ਤੇਰੇ ਤਾਂ ਕੀ, ਤੇਰੇ ਪਿਉ ਦੇ ਵੱਸ ਵੀ ਨਈਂ"।
ਕੁੱਜੇ ਦੇ ਸਿਰ ਵਿੱਚ ਪਏ ਦਾਣਿਆਂ ਨੂੰ ਚੁਗਣ ਲਈ, ਜੰਗਲੇ ਵਿੱਚੋਂ ਦੀ ਲੰਘ ਕੇ ਇੱਕ ਚਿੜੀ ਆ ਗਈ। ਜਦੋਂ ਚਿੜੀ ਚੁੰਝਾਂ ਮਾਰ ਕੇ ਚੋਗ ਚੁਗਦੀ ਹੋਈ ਖੜਾਕ ਕਰਕੇ ਉੱਡ ਗਈ ਤਾਂ ਉਹਨੇ ਫੇਰ ਕਿਹਾ, 'ਹਾ-ਹੋ ਉਹ ਤੇ ਫੇਰ ਸੋਚੀਂ ਪੈਜੂ ਤੇ ਤਿੰਗ ਕੇ ਬੋਲੂ..' ਰੱਬ ਦੀ ਸੁਆਂਗ ਲਾਹੁਣ ਲਈ ਰਗਾਂ ਘੁੱਟ ਕੇ, ਅਵੱਲੀ ਜੇਹੀ ਅਵਾਜ਼ ਕੱਢੀ, 'ਮੇਰੇ ਬਣਾਏ ਦੋ ਲੱਤਾਂ ਆਲ਼ੇ ਜਨੌਰ ਦੀ ਐਸੀ ਕੇੜ੍ਹੀ ਇੱਛਾ, ਜੋ ਮੈਥੋਂ ਨਈਂ ਪੂਰੀ ਹੋ ਸਕਣੀ' ਜਿਦੋਂ ਬਾਹਲਾ ਹੀ ਸਿਰੇ ਚੜ੍ਹਣ ਲੱਗਿਆ, ਮੈਂ ਇਉਂ ਢਾਕਾਂ ਤੇ ਹੱਥ ਧਰ ਕੇ ਕਹਿ ਦੇਣਾ, ਕਿਸੇ ਦਾ ਡਰ ਥੋੜ੍ਹਾ ਮਾਰਿਆ' ਮੰਜੇ ਦੀ ਬਾਹੀ ਤੇ ਆਢਾਂ ਬਹਿ ਕੇ ਲੱਕ ਤੇ ਦੋਏ ਹੱਥ ਰੱਖ ਕੇ ਤੌਰ ਬਦਲ ਕੇ ਬੋਲਿਆ, 'ਮੈਂ ਤੇਰੇ ਮੂੰਹ ਤੇ ਥੁੱਕਣਾ, ਹੈ ਹਿੰਮਤ ਤਾਂ ਕਰ ਮੂੰਹ ਅੱਗੇ, ਮੇਰੀ ਇੱਛਾ ਪੂਰੀ ਕਰ ਸਕੇਂ, ਰੱਬਾ ਤੇਰੀ ਏਨੀ ਔਕਾਤ ਕਿੱਥੇ' ਫੇਰ ਵੇਖੀਂ ਮੂੰਹ ਕਿਵੇਂ ਵਿੰਗਾ ਜਿਹਾ ਕਰਦਾ' ਨਾਲ ਹੀ ਮੂੰਹ ਨੂੰ ਵਿੰਗਾ ਕਰ ਲਿਆ 'ਪਰ ਮੈਨੂੰ ਲੱਗਦਾ ਨੀ ਬੀ ਰੱਬ ਆਪਣੀ ਆਖਰੀ ਇੱਛਿਆ ਪੁੱਛਣ ਦੀ ਸੂਲਾ ਮਾਰੂ' ਉਹ ਥੋੜ੍ਹਾ ਜਿਹਾ ਕਸੂਤਾ ਹੱਸ ਪਿਆ ਤੇ ਸਿਰ ਦੀ ਮੂੰਗੀਆ ਪੱਗ ਲਾਹ ਕੇ, ਚੰਗੀ ਤਰ੍ਹਾਂ ਧੂੜ ਝਾੜੀ ਜੋ ਤੁਰਦੇ ਹੋਇਆਂ ਪੈਰਾਂ ਨਾਲ ਉੱਡ ਕੇ ਪਈ ਸੀ, ਕੁੱਜੇ ਦੇ ਸਿਰ ਤੇ ਧਰ ਦਿੱਤੀ।
ਇਨੇ ਹੀ ਨਸੀਬੋ ਸੋਟੀ ਦੇ ਸਹਾਰੇ ਨਾਲ ਧਰਤੀ ਨੂੰ ਠੋਕਰ ਕੇ ਕਾਅਲੀ ਨਾਲ ਤੁਰਦੀ ਹੋਈ, ਗੁੜ੍ਹ ਦੀ ਚਾਹ ਨਾਲ ਗੜਵੀ ਭਰ ਕੇ, ਉਹਦੇ ਕੋਲ ਅੰਦਰ ਲੈ ਆਈ।
'ਲੈ ਮਾਂ ਸੱਦ ਕੇ ਵੀਰ, ਮੇਰਾ ਪੁੱਤ ਥੱਕਿਆ ਵਿਐ' ਮੰਜੇ ਕੋਲ ਦੌਣ ਵਾਲੇ ਪਾਸੇ ਪੀੜ੍ਹੀ ਡਾਹ ਕੇ ਬਹਿ ਗਈ ਤੇ ਉਹਦੀ ਖੱਬੀ ਲੱਤ ਦੀ ਪਿੰਜਣੀ ਮੰਡਣ ਲੱਗ ਪਈ, 'ਬਾਲ੍ਹਾ ਨ੍ਹੇਰ ਐ ਦਾਤਿਆ, ਧਲੂਤਰ ਜਾ ਓਮਾ ਹੱਟੀ ਦੇ ਥੜੇ ਨਾ ਚੜ੍ਹਣ ਦੇਵੇ, ਇਨ੍ਹੇ ਹੱਥੀਂ ਪਾਲਿਆ, ਮੈਂ ਕਿਆ, 'ਭਾਈ ਆਥਣੇ ਤੇਰਾ ਰਾਈ-ਰਾਈ ਦਾ ਸਾਵ ਨੱਕੀ ਕਰ ਦੇਣਾ, ਕਾਣੀ ਕੌਢੀ ਨੀ ਕਿਹੇ ਖੁੰਜ ਚ ਰਹਿਣ ਦਿੰਦੇ' ਫੇਰ ਕਿਤੇ ਜਾ ਕੇ ਗੋਂਗਲੂੰ ਨੇ ਖੰਡ ਦਾ ਫੱਕਾ ਹੁਦਾਰ ਦਿੱਤਾ..'