ਬਲੌਰੇ ਨੇ ਹੁੱਜਕੇ ਨਾਲ ਲੱਤ ਇੱਕਠੀ ਕਰਕੇ, ਪਰ੍ਹੇ ਕਰ ਲਈ। ਮੁੱਠੀ ਏਨੇ ਜ਼ੋਰ ਨਾਲ ਘੁੱਟ ਕੇ ਮੀਚੀ ਕਿ ਅੰਗੂਠੇ ਦਾ ਕੜਾਕਾ ਨਿਕਲ ਗਿਆ । ਮੱਥੇ ਤੋਂ ਮੁੜ੍ਹਕੇ ਦੀ ਬੂੰਦ ਸੇਲ੍ਹੀ ਕੋਲੋਂ ਚਿਉਂ ਕੇ ਮੰਜੇ ਦੀ ਬਾਹੀ ਵਿੱਚ ਪਈ ਤਰੇੜ ਵਿੱਚ ਡਿੱਗ ਕੇ ਖ਼ਪ ਗਈ। ਨਹੁੰ ਨਾਲ ਏਸ ਤਰੇੜ ਵਿੱਚੋਂ ਕੁਛ ਖ਼ਰਚ ਕੇ ਲੱਭਣ ਲੱਗ ਪਿਆ।
ਉਹਨੂੰ ਘਾਣੀ ਕੁੱਛ ਲੋਟ ਨਾ ਲੱਗੀ ਤਾਂ ਚਾਹ ਤੋਂ ਮਲਾਈ ਲਾਹ ਕੇ ਪਰੇ ਸੁੱਟਦੀ ਹੋਈ ਨੇ, ਠਰਮੇ ਨਾਲ ਗੱਲ ਪੜਤਾਲੀ, 'ਕੀ ਹੋਇਆ' ਚੁੰਨੀ ਦੀ ਬੁੱਕਲ ਵਿੱਚ ਵਲ੍ਹੇਟੇ ਕੰਨ ਬਾਹਰ ਕੱਢ ਲਏ ਤਾਂ ਤੁੰਗਲ ਹਿੱਲੇ। ਗੱਲ੍ਹਾਂ ਦੀਆਂ ਝੁਰੜੀਆਂ ਹੋਰ ਡੂੰਘੀਆਂ ਹੋ ਗਈਆਂ, ਜਿੰਨ੍ਹਾਂ ਵਿੱਚ ਸੰਨਸੇ ਦਾ ਪਾਣੀ ਛੱਲਾਂ ਮਾਰ ਕੇ ਵਗਣ ਲੱਗ ਪਿਆ। ਕੋਰੇ ਕੁੱਜੇ ਵਿੱਚੋਂ ਪਾਣੀ ਦੀ ਕੌਲੀ ਭਰ ਕੇ ਬਲੌਰੇ ਵੱਲ ਕੀਤੀ ਤਾਂ ਅੱਧੀ ਕੌਲੀ ਪੀ ਕੇ, ਬਾਕੀ ਜੰਗਲੇ ਵਿੱਚੋਂ ਦੀ ਚਲਾਵੀਂ ਮਾਰੀ, ਜੋ ਦੀਸਾਂ ਦੇ ਪੈਰਾਂ ਵਿੱਚ ਧੇਹ ਦੇ ਕੇ ਵੱਜੀ।
ਕੁੱਛ ਬੋਲ ਕੇ ਦੱਸਣ ਦੀ ਬਿਜਾਏ ਬਲੌਰੇ ਨੇ ਝੱਗੇ ਦੀ ਜੇਬ ਪੁੱਠੀ ਕਰਕੇ ਵਿਖਾ ਦਿੱਤੀ, 'ਪਤਾ ਨੀ ਬੇਬੇ ਸਵ ਕੁਛ ਕੇੜ੍ਹੀ ਖੁੱਡ ਚ ਸੁਰ ਜਾਂਦੈ, ਹਾ ਬਰਕੈਣ ਅਰਗੀ ਕੁੜੀ ਵੀ ਕੱਲ੍ਹ ਨੂੰ ਕਿਹੇ ਦੇ ਮੱਥੇ ਡੰਮਣੀ ਪੈਣੀ ਐ, ਕਿੱਥੋਂ ਔਂਣ-ਗੇ ਨੇਕੜੂ'।
ਪੈਰਾਂ ਭਾਰ ਬੈਠੀ ਹੋਇਆਂ ਨਸੀਬੋ ਨੇ ਪੀੜ੍ਹੀ ਧੂਹ ਕੇ ਗਿੱਠ ਕੁ ਅੱਗੇ ਕਰੀ ਤੇ ਉਹਦੇ ਗੋਢੇ ਤੇ ਹੱਥ ਰੱਖ ਕੇ ਹੱਲਾ-ਸ਼ੇਰੀ ਵਿੱਚ ਬੋਲੀ, 'ਜੇਰਾ ਰੱਖ ਸਾਊ, ਕਿਤੇ ਰੱਬ ਵੀ ਤੇ ਸਾਡਾ ਹੋਊ, ਅਏਂ ਰੋਇਆਂ ਕੇੜ੍ਹਾ ਢਾਡਾ ਰਿੱਜ-ਦੈ' ਅੱਖਾਂ ਪੂੰਜਣ ਲਈ ਚੁੰਨੀ ਦਾ ਲੜ ਅੱਗੇ ਕੀਤਾ ਤਾਂ ਬਲੌਰੇ ਨੇ ਕੌੜ ਕੇ ਵੇਖਿਆ, ਤਾਂ ਫੇਰ ਆਪਣਾ ਸੁੱਕਾ ਮੱਥਾ ਈ ਪੂੰਜਣ ਲੱਗ ਪਈ।
ਦੀਸਾਂ ਨੇ ਹੱਥ ਵਿੱਚ ਫੜ੍ਹੀ ਰੋਟੀ ਵਾਲੀ ਥਾਲੀ ਵਿਹੜੇ ਵਿੱਚ ਭੁੰਜੇ ਰੱਖ ਦਿੱਤੀ। ਬਾਹਰੋਂ ਮੋਤੀ ਕੁੱਤਾ ਆ ਕੇ ਦਾਲ ਲੱਕਣ ਲੱਗ ਪਿਆ। ਸਵਾਤ ਦੇ ਤਖ਼ਤੇ ਨਾਲ, ਟੇਢੇ ਲੋਟ ਈ ਡੁੰਨ ਵੱਟਾ ਬਣ ਕੇ ਪਥੱਲਾ ਮਾਰ ਕੇ ਬਹਿ ਗਈ, 'ਜੇ ਐਸ ਘਰ ਨੇ ਜੇਰਾ ਨੀ ਕਰਿਆ ਫੇਰ ਕਰਿਆ ਕੀਹਨੇ ਐ, ਜੇਰਾ ਕਰਕੇ ਈ ਏਨਾ ਪਾਵਿਆਂ ਨੂੰ ਅੱਪੜੇਂ ਆ ਬੇਬੇ'।
ਨਸੀਬੋ ਦੀ, ਰੋਅਬ ਪਾਉਣ ਲਈ ਬਿਨਾ ਜਾੜ੍ਹਾਂ ਤੋਂ ਵੱਟੀ ਕਚੀਚੀ ਨਾਲ ਗੱਲ੍ਹਾਂ ਦਾ ਮਾਸ ਵਿੱਚ ਨੂੰ ਧਸ ਗਿਆ । ਤਾਲੂਏ ਨਾਲ ਜੰਮੀ ਜੀਭ ਖਗੂੰਰਾ ਮਾਰ ਕੇ ਗਿੱਲੀ ਕੀਤੀ, ਤੇ ਬੋਲੀ, 'ਨੀ ਆਹ ਲੁਤਰੋ ਨੂੰ ਜਕ ਚ ਨੀ ਰੱਖੀ-ਦਾ, ਕੇ ਮਰਿਆ ਈ ਭਾਲਦੀ ਐਂ, ਭਾਜਾ ਹਈਥੋਂ ਸਾੜ ਸੱਤੀ, ਢਿੱਡੋਂ ਜੰਮੀ ਜਾਨ ਦੀ ਵੈਰੀ' ਸੋਟੀ ਧਰਤੀ ਤੇ ਦੋ ਵਾਰ ਮਾਰ ਕੇ, ਤੀਜੀ ਵਾਰ ਤਖ਼ਤੇ ਤੇ ਮਾਰੀ। ਓਨਾ ਚਿਰ ਉਹਦੇ ਵੱਲ ਸੋਟੀ ਹਿਲਾਉਂਦੀ ਹੋਈ ਝਾਕੀ ਈ ਗਈ, ਜਿੰਨ੍ਹਾਂ ਚਿਰ ਦੀਸਾਂ ਚਲੀ ਨਹੀਂ ਗਈ। ਤੇ ਫੇਰ ਬਲੌਰੇ ਵੱਲ ਅਹੁਲੀ, 'ਸਾਊ ਦਾਤਾ ਸਵ ਕੁਛ ਵੇਖੀ-ਝਾਕੀ ਜਾਂਦੈ, ਲੈ ਫੜ੍ਹ...' ਚਾਹ ਦੀ ਬਾਟੀ ਚੱਕ ਕੇ ਉਹਦੇ ਹੱਥਾਂ ਕੋਲ ਕੀਤੀ।