

ਤੁਰ ਪਿਆ। 'ਏਹ ਰੱਬ ਵੀ ਹੁਣ ਲੋਕਾਂ ਚ ਵੜਿਆ ਫਿਰਦੈ, ਸਾਡੇ ਢਿੱਡ ਨਾਲ ਆਢਾ ਲਾਉਣ ਲਈ, ਪਤਾ ਨੀ ਮਰ ਕੇ ਵੀ ਖਹਿੜਾ ਛੁੱਟੂ ਕੇ ਨਾਂਹ'। ਉਹ ਭੁੰਜੇ ਪਏ ਬਲੌਰੇ ਦੇ ਗੋਢੇ ਤੇ ਸਿਰ ਧਰ ਕੇ ਰੋਂਦੀ ਰਹੀ।
ਬਲੌਰੇ ਨੇ ਪਹਿਲੀ ਵਾਰ ਏਸ ਦਿਨ, ਰੱਬ ਵੱਲ ਲਾਲ ਅੱਖ ਨਾਲ ਧੌਣ ਚੱਕ ਕੇ ਵੇਖਿਆ ਸੀ, ਜਿਵੇਂ ਕੋਈ ਸ਼ਰੀਕ ਹੁੰਦਾ । ਨੀਵੀਂ ਪਾ ਕੇ ਤੁਰਨ ਦੀ ਆਦਤ ਏਨੀ ਪੱਕ ਚੁੱਕੀ ਸੀ ਕਿ ਭੋਰਾ ਧੌਣ ਉੱਤੇ ਚੱਕਣ ਨਾਲ ਵੀ ਗਿੱਚੀ ਦੇ ਮਣਕੇ ਦੁੱਖਣ ਲੱਗ ਪੈਂਦੇ ਸੀ। ਪਰ ਅੱਜ ਤੋਂ ਬਾਦ ਉਹਨੇ ਕਦੇ ਵੀ ਨੀਵੀਂ ਨਹੀਂ ਸੀ ਪਾਈ। ਨਸੀਬੋ ਦੀ ਆਖੀ ਗੱਲ, ਉਹਦੀ ਹਿੱਕ ਵਿੱਚ ਬਰੰਜੀ ਬਣ ਦੇ ਠੋਕੀ ਗਈ। ਜੀਹਨੂੰ ਰਹਿੰਦੀ ਉਮਰ ਤੱਕ ਕਿਸੇ ਵੀ ਦਲੀਲ ਦਾ ਜੰਮੂਰ ਪੱਟ ਨਹੀਂ ਸੀ ਸਕਿਆ।
ਉਹਨੇ ਆਪਣੇ ਗੋਢਿਆਂ ਤੇ ਨਸੀਬੋ ਦੇ ਵਹਿ ਰਹੇ ਹੰਝੂਆਂ ਦੇ ਨਿੱਘ ਨੂੰ ਕਿਸੇ ਸੇਕ ਵਾਂਗ ਮਹਿਸੂਸ ਕੀਤਾ ਤੇ ਬੋਲਿਆ, 'ਮਰ ਕੇ ਤਾਂ ਹਰ ਬੰਦੇ ਦਾ ਖਹਿੜਾ ਛੁੱਟ ਈ ਜਾਂਦੈ ਬੇਬੇ, ਆਪਾਂ ਤਾਂ ਜਿਉਂਦੇ-ਜੀਅ ਰੱਬ ਤੋਂ ਖਹਿੜਾ ਛੁਡੌਣਾ, ਜੇ ਆਪਾਂ ਇਉਂ ਈ ਚਿੱਤ ਦੀ ਚਿੱਤ ਵਿੱਚ ਲੈ ਕੇ ਮਰ-ਗੇ ਨਾ, ਫੇਰ ਤਾਂ ਰੱਬ ਨੂੰ ਸਾਥੋਂ ਖਹਿੜਾ ਛੁਡੌਣਾ ਔਖਾ ਹੋ-ਜੂ...'।
ਉਹਨੇ ਖੁਰਲੀ ਕੋਲ ਖੜੇ ਕੱਟਰੂ ਦੀ ਖ਼ਾਲੀ ਖੁਰਲੀ ਵੇਖੀ ਤੇ ਪੀੜ ਦੀ ਪਰਵਾਹ ਕਰੇ ਬਿਨਾ ਆਪਣੇ ਸਹਾਰੇ ਨਾਲ ਉਠਿਆ। ਠੁੱਡਾ ਵੱਜਣ ਨਾਲ ਨੀਲ ਪੈ ਗਿਆ ਸੀ। ਕੱਟਰੂ ਨੂੰ ਆਪਣਾ ਹੱਥ ਜੀਭ ਨਾਲ ਚੱਟਣ ਲਈ ਦਿੱਤਾ। ਉਹਦੇ ਸਿੰਗ ਵਿੱਚ ਖੁਰਕ ਕਰਦੇ ਦੀ ਨਿਗਾਹ, ਜਦੋਂ ਬਾਹਰਲੇ ਬੂਹੇ ਕੋਲ ਪੱਲੀ ਵਿੱਚੋਂ ਡੁੱਲ੍ਹੇ ਪੱਠਿਆਂ ਦੇ ਰੁੱਗ ਪਈ ਤਾਂ ਜੇਰਾ ਕਰਿਆ, ਜੀਹਦੇ ਵਿੱਚ ਜਾਂਦਾ ਹੋਇਆ ਬਚਨਾ ਠੁੱਡਾ ਮਾਰ ਕੇ ਖਿਲਾਰ ਗਿਆ ਸੀ। ਏਸ ਰੁੱਗ ਨੂੰ ਝੱਗੇ ਦੀ ਝੋਲੀ ਵਿੱਚ ਭਰ ਕੇ ਕੱਟਰੂ ਅੱਗੇ ਅੱਢ ਦਿੱਤਾ। ਕੱਟਰੂ ਉਹਦੀ ਝੋਲੀ ਵਿੱਚ ਮੂੰਹ ਮਾਰ ਕੇ ਪੱਠੇ ਖਾਂਦਾ ਤੇ ਜਦ ਮੂੰਹ ਨੀਲ ਨਾਲ ਲੱਗਦਾ ਤਾਂ ਪੀੜ੍ਹ ਹੋਰ ਟਸਕ ਪੈਂਦੀ।
*** *** ***
ਅਜੈਵ ਨੇ ਕਈ ਦਿਨਾਂ ਤੋਂ ਸਾਫੇ ਦੇ ਲੜ ਨਾਲੋਂ ਲੀਰ ਪਾੜ ਕੇ, ਆਪਣੇ ਸੱਜੇ ਅੰਗੂਠੇ ਤੇ ਪੱਟੀ ਬੱਧੀ ਹੋਈ ਸੀ । ਰੋਟੀ ਖਾਣ ਤੋਂ ਪਹਿਲਾਂ ਉਹਨੇ ਅਵਾਜ਼ ਮਾਰ ਕੇ ਹੱਥ ਧਵਾਉਣ ਲਈ ਕਿਹਾ, 'ਮਖਿਆ ਲਿਆ ਭੋਰਾ ਕੋਸਾ ਜਾ ਪਾਣੀ' ਦੋਵਾਂ ਹੱਥਾਂ ਦੀ ਵੱਡੀ ਸਾਰੀ ਚੂਲ੍ਹੀ ਪਾਵੇ ਤੋਂ ਹੇਠਾਂ ਲਮਕਾ ਲਈ।
ਜਦ ਨਸੀਬੋ ਹੱਥ ਧਵਾਉਣ ਲੱਗੀ ਤਾਂ ਹੱਥਾਂ ਵਿੱਚੋਂ ਗੜਵੀ ਬੁੜਕ ਦੇ ਹੇਠਾਂ ਡਿੱਗ ਪਈ। ਰੋ-ਰੋ ਕੇ ਸੁੱਜੀਆਂ ਅੱਖਾਂ ਪੋਚਾ ਬਣ ਗਈਆਂ। ਪੱਟੀ ਢਿੱਲੀ ਹੋਣ ਕਰਕੇ, ਪਾਣੀ ਦੀ ਧਾਰ ਨਾਲ, ਹੱਥ ਮਲ ਕੇ ਧੋਦਿਆਂ ਤੋਂ ਅੰਗੂਠੇ ਤੋਂ ਲਹਿ ਗਈ ਸੀ। ਲੰਮੀ ਚੀਖ ਮਾਰ ਕੇ ਪਾਣੀ ਦੇ ਕੀਤੇ ਚਿੱਕੜ ਵਿੱਚ ਈ ਬਹਿ ਗਈ, 'ਬੂ ਵੇ ਰੱਬਾ.. ਕਾਸੇ ਥਾਉਂ ਜੋਗਾ ਨ੍ਹੀ ਛੱਡਿਆ, ਕਾਹਤੋਂ ਸਾਡੇ ਸਿਵਿਆਂ ਦੀ ਥਾਂ ਵੀ ਬੈ ਕਰਨੀ ਲਈ ਐ...'।