Back ArrowLogo
Info
Profile

'ਹੁਣੇ-ਹੁਣੀਂ ਤੈਨੂੰ ਕੀ ਸੂਲ ਫੁਰ ਗਿਆ' ਅਜੈਵ ਸਮਝ ਗਿਆ, ਜਦੋਂ ਉਹ ਟਿੱਕੇ-ਟੱਕ ਅੰਗੂਠੇ ਤੇ ਲੱਗੀ ਨੀਲੀ ਸਿਆਹੀ ਵੱਲ ਡੌਰ-ਭੌਰ ਹੋ ਕੇ ਵੇਖੀ ਗਈ। ਚਿਹਰੇ ਦਾ ਮਾਸ ਅੰਬ ਗਿਆ। ਅੱਖ ਵਿੱਚ ਪਿਆ ਮੱਫਰ ਵੀ ਨਹੀਂ ਰੜਕਿਆ ਸੀ। ਉਹਨੇ ਨਸੀਬੋ ਦੇ ਸਿਰ ਹੇਠੋਂ ਪੱਟ ਦਾ ਸਿਰਹਾਣਾ ਕੱਢ ਲਿਆ, "ਹੂੰ--'।

'ਵੇ ਓਅ ਟਾਲ੍ਹੀ ਨੀ ਐਸ ਘਰ ਦਾ ਪਰਦਾ ਕੱਜ ਦੀ ਵੇ ਬਲੌਰਿਆ ਆਂਦਰਾਂ ਚ ਸੀਰ ਬਿੰਨ੍ਹਤਾ ਵੇ, ਮੇਰੇ ਢਿੱਡੋਂ ਜੰਮ ਕੇ ਪਤਾ ਨ੍ਹੀ ਸੋਡੇ ਨਾਲ ਕੇੜ੍ਹਾ ਵੈਰ ਕੱਢਿਆ ਵੇ' ਉਹ ਵੈਣ ਪਾਉਂਦੀ ਅਕਾਸ਼ ਦੇ ਤਾਰਿਆਂ ਵੱਲ ਝਾਕ ਕੇ ਢਿੱਡ ਪਿੱਟਣ ਲੱਗ ਪਈ।

ਅਜੈਵ ਨੇ ਪੈਲੀ ਵੇਚਣ ਵਾਲੀ ਚੋਰੀ ਫੜ੍ਹੀ ਜਾਣ ਕਰਕੇ, ਸੱਜੇ ਹੱਥ ਤੇ ਉਹਦੀ ਗੁੱਤ ਨੂੰ ਵੱਟ ਚਾੜ ਕੇ, ਚਪੇੜਾਂ ਨਾਲ ਉਹਦਾ ਮੂੰਹ ਭੰਨ੍ਹ ਸੁੱਟਿਆ। ਉਹਦੀ ਲੇਰ ਸੁਣ ਕੇ ਘਰਾਂ ਅਤੇ ਵੀਹੀ ਦੇ ਅਵਾਰਾ ਕੁੱਤੇ ਭੌਂਕੇ।

'ਬੂ-ਹਾਅ' ਸੁਣ ਕੇ ਬਲੌਰਾ ਮੰਜੇ ਤੋਂ ਖੜ੍ਹਾ ਹੋਇਆ, ਭਾਂਵੇ ਦੀ ਢਿੱਡ ਵਿੱਚ ਕਸਾ ਪੈਣ ਕਰਕੇ ਹੁੰਦੀ ਪੀੜ੍ਹ ਨਾਲ, ਲੱਤਾਂ ਤੋਂ ਭਾਰ ਵੀ ਨਹੀਂ ਸੀ ਚੁੱਕਿਆ ਜਾਂਦਾ, ਉਹ ਫੇਰ ਵੀ ਗੋਢੇ ਤੇ ਹੱਥ ਧਰ ਕੇ, ਲੰਗ ਮਾਰ ਕੇ ਤੁਰਦੇ ਹੋਏ ਨੇ, ਤਖਤੇ ਦੀ ਚੂਲ੍ਹ ਕੋਲ ਪਈ ਸੋਟੀ ਚੱਕ ਕੇ, ਜੋ ਦੂਜੀ ਸੁਆਤ ਵਿੱਚ ਵੀ ਲੱਭੀ ਸੀ, ਦੂਰੋਂ ਈ ਅਜੈਵ ਦੇ ਵੱਲ ਸੁੱਟ ਕੇ ਫੜ੍ਹਾਈ। ਤੇ ਆਪਣੇ ਹੱਥ ਉਹਦੇ ਅੱਗੇ ਕਰ ਦਿੱਤੇ, ਜਿਵੇਂ ਝੋਲੇ ਵਿੱਚ ਫੱਟੀ ਨਾ ਹੋਣ ਦੀ ਸੂਰਤ ਵਿੱਚ ਮਾਸਟਰ ਅਰਜਨ ਰਾਮ ਅੱਗੇ ਕਰਦਾ ਸੀ।

ਅਜੈਵ ਵਿੱਚ ਭੋਰਾ ਜੇਰਾ ਵੀ ਨਹੀਂ ਪਿਆ, ਕਿਸੇ ਨੂੰ ਕੁਛ ਆਖ ਸਕੇ। ਰਾਤ ਦੀ 'ਟੀਂ ਟੀਂ..' ਉਹਨੂੰ ਸਾਫ਼ ਸੁਣਾਈ ਦੇਣ ਲੱਗੀ। ਕਚੀਚੀ ਲੈ ਕੇ ਉਹਨੇ ਸੋਟੀ ਹੱਥ ਵਿੱਚ ਫੜ੍ਹ ਲਈ ਤੇ ਕਮਲ-ਵਾਅ ਚ ਆਪਣੇ ਹੀ ਗਿੱਟੇ-ਪੈਰ ਕੁੱਟਣ ਲੱਗ ਪਿਆ। ਉੱਚੀ-ਉੱਚੀ ਝਾਂਗਰਾਂ ਵੀ ਮਾਰੀ ਗਿਆ। ਸੋਟੀ ਟੁੱਟ ਕੇ ਫ਼ਾਕੜਾਂ ਹੋ ਗਈ। ਕੋਠੇ ਤੇ ਜਾ ਕੇ ਪੈ ਗਿਆ।

ਤੇ ਅੱਜ,

ਜਾਣ ਕਿ ਹੁਣ...!

ਬਲੌਰੇ ਦੀ ਨਿਗ੍ਹਾ ਇਨ੍ਹਾਂ ਟਾਹਲੀ ਦੇ ਤਖ਼ਤਿਆਂ ਤੇ ਪੈਂਦੇ ਸਾਰ ਈ ਇੰਨਾ ਕੁਝ ਪਲ-ਛਿਣ ਵਿੱਚ, ਉਹਦੀ ਸੁਰਤ ਵਿੱਚ ਬੀਤ ਗਿਆ। ਤਖ਼ਤੇ ਉਹਦੀ ਰੂਹ ਨੂੰ ਔਂਤਰੀ ਰੀਝ ਨਾਲ ਘੂਰਦੇ ਰਹੇ। ਉਹਨੇ ਆਪਣੀ ਜੇਬ ਵਿੱਚ ਪਾਂਡੋ-ਮਿੱਟੀ ਦੀ ਰੋੜੀ ਨੂੰ ਦੇਖਿਆ ਤੇ ਚਿੱਤ ਕੀਤਾ, ਇਹਦੇ ਨਾਲ ਤਖ਼ਤੇ ਤੇ ਮੂੰਹ, ਅੱਖਾਂ ਤੇ ਨੱਕ ਉਲੀਕ ਦੇਵੇ।

ਬਚਨ ਪੱਗ ਨੂੰ ਦੋਵਾਂ ਹੱਥਾਂ ਨਾਲ ਪਲੋਸਦਾ ਹੋਇਆ, ਉਹਨੂੰ ਵੇਖ ਕੇ ਬੋਲਿਆ, 'ਓਏ ਤੂੰ, ਮੰਵੀ ਬੌਂਦਲ ਗਿਆ ਸਾਂ, ਹਾ ਹਾ ਹਾ, ਮੈਂ ਕਿਹਾ ਪਤਾ ਨੀ ਕੋਈ ਬੰਦਾ' ਗੱਲ ਚੱਬ ਕੇ ਆਖੀ, 'ਕਵੇਂ ਘੱਲਿਆ ਗੇਜ ਨੇ'।

ਬਲੌਰੇ ਕੇ ਘਰ ਦੀ ਛਿਪਦੇ ਪਾਸੇ ਵਾਲੀ ਕੰਧ ਇਹਨਾਂ ਨਾਲ ਵੀ ਸਾਂਝੀ ਸੀ।

47 / 106
Previous
Next