Back ArrowLogo
Info
Profile

ਤੇ ਦੂਜੀ ਕੰਧ ਮੋਦਨ ਕਿਆਂ ਨਾਲ। ਉਹਨੂੰ ਆਪਣੇ ਲਹੂ ਵਿੱਚ ਘੁਲੀ ਕੋਈ ਚੀਜ਼ ਬਚਨ ਦੇ ਜਬਾੜ੍ਹੇ ਵਿੱਚ ਕੜੱਕ ਕਰਕੇ ਫੁੱਟ ਦੀ ਸੁਣਾਈ ਦਿੱਤੀ। 'ਸੀਲਰ ਹੈ-ਗੇ ਆ' ਇੰਨਾ ਬੋਲ ਕੇ ਸੋਚਾਂ ਵਿੱਚ ਪੈ ਗਿਆ ਕਿ ਉਹ ਬੰਦਾ ਵੀ ਨਹੀਂ ਰਿਹਾ।

'ਸਾਡੀ ਕੀ ਮਜ਼ਾਲ ਐ ਸਰਦਾਰੋ ਥੋਨੂੰ ਜਵਾਵ ਦੇਦੀਗੇ, ਹੋਰ ਵੀ ਕੁਛ ਲੈ ਕੇ ਜਾਣਾ' ਬਚਨ ਨੇ ਖਿਝ ਕੇ ਪਤਾ ਨਹੀਂ, ਕਿਸ ਸ਼ੈਅ ਦਾ ਬਦਲਾ ਲਿਆ। ਉਹਦੇ ਮੂੰਹ ਵੱਲ ਸੈਲ੍ਹੀ ਮਾਰ ਕੇ ਮੁੱਛ ਨੂੰ ਤਾਅ ਦਿੱਤੀ, 'ਦੱਸੋ'।

'ਮੈਨੂੰ ਕੁਝ ਦੇਣ ਦੀ ਅਕਾਤ ਤਾਂ ਰੱਬ ਦੀ ਵੀ ਨਈਂ ਜੀਹਦਾ ਦਿੱਤਾ ਵਿਆ ਤੇਰੇ ਘਰੇ ਏਹ ਸਵ ਕੁੱਛ ਐ, ਤੇ ਜੀਹਦੀ ਤੈਨੂੰ ਆਕੜ ਵੀ ਚੜ੍ਹੀ ਐਂ" ਉਹਨੇ ਗਲ ਦੀਆਂ ਰਗਾਂ ਨੂੰ ਘੁੱਟ ਕੇ ਸਾਹ ਨੂੰ ਘੁੱਟ ਲਿਆ 'ਤੇ ਬਿੰਦ ਦੀ ਬਿੰਦ ਅਕਾਸ਼ ਵੱਲ ਵੇਖ ਕੇ, ਫੇਰ ਸਿੱਧਾ ਬਚਨ ਦੀ ਅੱਖ ਵਿੱਚ ਖੁਦ ਨੂੰ ਰੜਕਾਇਆ, 'ਤੂੰ ਤਾਂ ਆਪ ਓਦੀ ਬਣਾਈ ਹੋਈ ਛੋਟੀ ਜੇਹੀ ਚੀਜ਼ ਐਂ ਬਾਈ ਅੰਗੂਠੇ ਤੇ ਉਂਗਲ ਵਿੱਚ ਚੂੰਡੀ ਭਰ ਕੇ ਇਸ਼ਾਰਾ ਕੀਤਾ 'ਛੋਟੀ ਚੀਜ਼' ਤੇ ਅੱਖ ਮੀਚ ਕੇ, ਦੂਜੀ ਅੱਖ ਨਾਲ ਏਸ ਵਿਰਲ ਵਿੱਚੋਂ ਦੀ ਉਹਨੂੰ ਵੇਖਣ ਲੱਗਿਆ।

ਬਚਨ ਦਾ ਦਿਲ ਕੀਤਾ ਕਿ ਕੁੱਤੇ ਦਾ ਸੰਗਲ ਖੋਲ੍ਹ ਕੇ ਲਗਾ ਦੇਵਾਂ। ਹੱਡੀਆਂ ਨੂੰ ਕੇਰਾਂ ਤਾਂ ਰੇਤੇ ਵਿੱਚ ਰੋਲ ਦੇਵਾਂ। ਬਾਦ ਦੀ ਬਾਦ ਵਿੱਚ ਵੇਖੀ ਜਾਊ।

ਬਲੌਰੇ ਦੇ ਚਿੱਤ ਵਿੱਚ ਫੁਰਿਆ ਕਿ ਕੁੱਤਾ ਸੰਗਲ ਤੁੜਾ ਕੇ, ਉਹਨੂੰ ਵੱਢ ਖਾਣ ਨੂੰ ਆਵੇ, ਤਾਂ ਉਹ ਦੋਵਾਂ ਹੱਥਾਂ ਨਾਲ ਇਹਦੇ ਜਬਾੜੇ ਪਾੜ ਕੇ ਰੱਖ ਦੇਵੇ।

ਇੰਨੇ ਕੰਧੋਲੀ ਉੱਤੋਂ ਦੀ ਵੇਖ ਕੇ ਪੇੜਾ ਕਰਦੀ ਸ਼ਿਆਮੋ ਨੇ ਹਾਕ ਮਾਰੀ, 'ਵੇ ਜੂਪ' ਅੱਗੋਂ ਕੋਈ ਸੁਰ ਨਾ ਮਿਲਿਆ ਤਾਂ ਫੇਰ ਖਿੱਝ ਕੇ ਬੋਲੀ, 'ਜੂਪ ਵੇ.. ਕਿੱਥੇ ਫੁੜਕ ਗਿਆਂ, ਮੂੰਹੋਂ ਫੁੱਟ ਤੰਦੂਆਂ ਤਾਂ ਨ੍ਹੀ ਛੋਹ ਗਿਆ' ਤਵੇ ਦੀ ਰੋਟੀ ਦਾ ਪਾਸਾ ਪਲਟ ਕੇ, ਤੁਰ ਕੇ ਵਿਹੜੇ ਵਿੱਚ ਆ ਗਈ।

ਵੱਛੀ ਦੇ ਦਾਗੇ ਸਿੰਗਾਂ ਤੇ ਹਲਦੀ ਲਾਉਂਦਾ ਹੋਇਆ ਬੋਲਿਆ, 'ਬੋਲ ਭਾਬੀ'।

'ਵੇ ਅੱਜ ਰੋਟੀ ਕੇੜ੍ਹੇ ਖੇਤ ਲੈ ਕੇ ਜਾਣੀ ਐ" ਰੋਟੀ ਦੇ ਸੜ ਜਾਣ ਦੇ ਫ਼ਿਕਰ ਨਾਲ ਕਾਅਲ ਨਾਲ ਪੁੱਛਿਆ।

'ਬਲੌਰੇ ਕੇ ਖੇਤ' ਸਾਰੇ ਘਰ ਵਿੱਚ ਇਹ ਪੈਲੀ, ਜੋ ਅਜੈਵ ਨੇ ਜਵਾਨੀ ਵਿੱਚ ਬੈ ਕੀਤੀ ਸੀ, ਪਰ ਅੱਲ ਅੱਜ ਵੀ 'ਬਲੌਰੇ ਕੇ ਖੇਤ' ਦੀ ਪੈਂਦੀ। ਇਹ ਸੁਣ ਕੇ ਬਲੌਰੇ ਨੇ ਗੁੱਸੇ ਦੀ ਜੁਗਾਲੀ ਥੁੱਕ ਦਿੱਤੀ ਤੇ ਚਾਅ ਨਾਲ ਪੈਲ੍ਹਾਂ ਪਾਉਂਦਾ ਹੋਇਆ, ਅੰਗਰੇਜ਼ ਦੇ ਘਰ ਜਾਣ ਦੀ ਬਿਜਾਏ, ਆਪਣੇ ਘਰ ਨੂੰ ਆ ਗਿਆ।

ਲੱਸੀ ਵਿੱਚ ਖੰਡ ਘੋਲ ਕੇ, ਡਕਾਰ ਆਉਣ ਤੱਕ ਪੀਤੀ ਤੇ ਖੁਸ਼ੀ ਲਾਲ ਖੀਵਾ ਹੋ ਗਿਆ, 'ਪੈਲੀ ਅਜੇ ਵੀ ਮੇਰੇ ਨਾਉ ਬੋਲਦੀ ਐ'।

48 / 106
Previous
Next