

ਉਹਦੇ ਕੋਲ ਬਹਿ ਗਈ, 'ਜੇ ਤੂੰ ਨਾ ਮੇਰੇ ਨਾਲ ਗਾਢੀ ਪਾਉਂਦੀ, ਸਹੁੰ ਗੁੱਗੇ-ਪੀਰ ਦੀ, ਮੰਵੀਂ ਕੰਧਾਂ-ਕੋਠੇ ਲੰਘਦੀ ਨੇ ਉਮਰ ਟਪਾ ਦੇਣੀ ਸੂ, ਘਰ ਦੀ ਪੱਟੀ ਮੇਸ ਹੋਣੋਂ ਤੈਂ ਬਚਾਈ ਊ..'।
ਲਾਲਟੈਣ ਦੇ ਮਿੱਸੇ ਚਾਨਣ ਵਿੱਚ ਦੀਸਾਂ ਦਾ ਸਾਂਵਲਾ ਚਿਹਰਾ ਸੋਨੇ ਦੀ ਭਾਅ ਮਾਰੀ ਗਿਆ, 'ਜੇ ਮੰਵੀ ਇਉਂ ਆਵਦਾ ਪੁੰਨ ਖੱਟ ਲੈਂਦੀ, ਫੇਰ ਘਾਟੇ ਈ ਕਾਹਦੇ ਸੀ...'।
'ਜੇ ਕੇਰਾਂ ਜੱਟੀ ਨੇ ਚਿੱਤ ਚ ਠਾਣ-ਲੀ, ਸੋ ਠਾਣ ਲਈ, ਫੇਰ ਓਹੀ ਪੰਧ ਬਣਦਾ' ਪਾਸ਼ੋ ਨੇ ਲਾਲਟੈਣ ਦੀ ਫਿਰਕੀ ਨੂੰ ਘੁੰਮਾ ਕੇ ਬੱਤੀ ਨੀਵੀਂ ਕੀਤੀ ਤਾਂ ਕਿਨੇ ਈ ਟਟਿਆਣੇ ਖੰਭਾਂ ਨਾਲ ਚਾਨਣ ਦੀਆਂ ਲਕੀਰਾਂ ਹਨੇਰੇ ਵਿੱਚ ਵਾਹੁੰਦੇ ਦਿਸੇ। ਝਮੁੱਟ ਮਾਰ ਕੇ ਇੱਕ ਟਟਿਆਣਾ ਫੜ੍ਹ ਲਿਆ। ਹੱਥਾਂ ਦੀ ਬੁੱਕ ਵਿੱਚ ਉਹਦੇ ਹੁੰਦੇ ਚਾਨਣ ਨੂੰ ਵੇਖਣ ਲੱਗ ਪਈ, 'ਘਰੇ ਕਹਿ-ਤਾ ਸੀਗਾ ਮੈਂ ਤਾਂ, ਵਿਆ ਕਰਦੋ ਮੇਰਾ, ਫੇਰ ਨਾ ਕਿਹਾ ਜੇ ਦੱਸਿਆ ਨਹੀਂ"।
ਕੱਚੇ ਧੂੰਏਂ ਦੀ ਹਵਾੜ ਸਿਰ ਨੂੰ ਚੜ੍ਹਣ ਲੱਗੀ ਤਾਂ ਦੀਸਾਂ ਨੇ ਜੰਗਲੇ ਦੀ ਬਾਰੀ ਖੋਲ੍ਹ ਦਿੱਤੀ, ਜੋ ਗਲੀ ਵੱਲ ਖੁੱਲ੍ਹਦੀ ਸੀ। ਇਹਦੇ ਵਿੱਚੋਂ ਅੱਧੇ ਪਿੰਡ ਨੂੰ ਵੇਖਿਆ ਜਾ ਸਕਦਾ ਸੀ। ਨਾਲ ਦੇ ਘਰਾਂ ਵਿੱਚ ਤਾਂ ਹਰ ਚੀਜ਼ ਪਈ ਦਿਸ ਪੈਂਦੀ। ਅਕਾਸ਼ ਵਿੱਚ ਚੜ੍ਹੇ ਤਾਰਿਆਂ ਨੂੰ ਵੇਖਣ ਲੱਗੀ, 'ਫੇਰ ਲੜ੍ਹ-ਪੇ ਹੋਣੇ ਐਂ ਘਰ ਦੇ'।
'ਨਈਂ, ਬੀਬੀ ਕਹਿੰਦੀ, ਅਖੇ ਮੇਰੇ ਨਾਲ ਪੈ ਜਿਆ ਕਰ, ਜੇ ਕੱਲੀ ਪੈਣ ਤੋਂ ਡਰਦੀ ਐਂ ਤਾਂ' ਫੇਰ ਥੋੜ੍ਹਾ ਜਿਹਾ ਮੂੰਹ ਵਿੰਗਾ ਕਰਕੇ ਹੱਸੀ, 'ਉਹਨੂੰ ਕੀ ਪਤਾ ਸੂ, ਬੀ ਏਹ ਡਰ ਨੀ ਦਲੇਰੀ ਐ, ਕੱਲੀ ਹੋਣ ਦਾ ਡਰ ਕੰਧਾਂ-ਕੌਲੇ ਲੰਘਾ ਦਿੰਦੇ'।
'ਵੇਖੀ ਕਿਤੇ ਵਲ੍ਹਾ ਚ ਆ-ਜੇਂ, ਮਾਂ ਸੇਲ੍ਹੀ ਨਈਂ ਬਣਦੀ ਕਦੀ ਵੀ, ਊਂਈ- ਮੁੱਚੀ ਦਾ ਢਕਵੰਜ਼ ਕਰਕੇ ਮਾਵਾਂ ਧੀ ਦੇ ਮਨ ਦੀਆਂ ਬਿੜ੍ਹਕਾਂ ਲੈਂਦੀਆਂ। ਉਹਦੇ ਹੱਥਾਂ ਵਿੱਚ ਆਪਣਾ ਮੂੰਹ ਲੁਕਾ ਲਿਆ।
'ਮੰਵੀ ਆਕ ਨੀ, ਹੱਥੀ ਖੁੰਗ ਕੇ ਗੰਨੇ ਚੂਪੇ ਐ' ਪਾਸੋਂ ਗੁੱਤ ਵਿੱਚ ਗੁੰਦੀ ਪੀਲੀ ਡੋਰੀ ਦੇ ਫੁੱਲਾਂ ਨੂੰ ਘੁੰਮਾਉਂਦੀ ਹੋਈ ਬੋਲੀ, 'ਬੀਬੀ ਮੇਰੇ ਨਾਲ ਪਈ ਤਾਂ ਮੈਂਵੀ ਕਹਿ- ਤਾ ਸੀ ਕੇ', ਬੀਬੀ ਮੈਥੋਂ ਐਵੇ ਫੜ੍ਹਵੇਜ ਨੀ ਹੁੰਦੇ, ਤੇਰੇ ਨਾਲ ਪੈ ਕੇ ਅਜੇ ਵੀ ਕੱਲੀ ਆਂ ਮੈਂ, ਡਰੀ ਜਾਨੀ ਆਂ ਕਿਤੇ ਹੋਰ ਈ ਨਾ ਚੰਦ ਚਾੜ੍ਹ ਦਿਆਂ'।
'ਫੇਰ ਕੁਛ ਬੋਲੀ ਨੀਂ'।
'ਬੋਲਨਾ ਕੀ ਸੀ ਪੀਰੂ ਘੁੰਮਿਆਰ ਦਾ ਸਿਰ, ਅਗਲੇ ਦਿਨ ਦੇ ਛਿਪਣ ਤੋਂ ਪਹਿਲਾਂ, ਮੇਰੇ ਗਿੱਟਿਆਂ ਨੂੰ ਵੱਡੇ ਘੁੰਗਰੂ ਆਲੀ ਪਜ਼ੇਬ ਲਿਆ ਕੇ ਬੰਨ੍ਹ-ਤੀ, ਜਵੇਂ ਮੱਝ ਦੇ ਗਲਾਂਵੇ ਡਹਿਆ ਪਾਇਆ ਹੁੰਦੈ, ਜਿਦੋਂ ਵੀ ਪਾਸਾ ਲੈਨੀ ਆਂ, ਛਣ-ਛਣ ਸੁਣ ਕੇ ਟੱਬਰ ਉੱਠ ਖੜੌ-ਦੈ"। ਇੰਨੇ ਹੀ ਦੂਜੀ ਫਿਰਨੀ ਤੋਂ ਕੁੱਤਿਆਂ ਦੇ ਭੌਂਕਣ ਦੀ ਅਵਾਜ਼ ਸੁਣੀ ਤਾਂ ਉਹਨੇ ਮਨ ਵਿੱਚ ਸੋਚਿਆ, 'ਕੁੱਤੇ ਵੀ ਚੋਰਾਂ ਦੀ ਨਹੀਂ, ਸਗੋਂ ਬੁੜੀਆਂ ਦੀ ਰਾਖੀ ਕਰਨ ਲਈ ਰੱਖੇ ਜਾਂਦੇ ਆਂ।