

ਉਹਨੇ 'ਬੀਬੀ' ਨੂੰ ਜ਼ਿਦ ਨਾਲ ਪਜੇਬਾਂ ਲਾਹੁਣ ਲਈ ਕਿੰਨੇ ਵਾਰ ਕਿਹਾ ਸੀ, ਪਰ ਅੱਗੋਂ ਉਹ ਟਾਲ ਮਾਰ ਕੇ ਆਖ ਦਿੰਦੀ, 'ਪਾਈ ਰੱਖ ਧੀਏ, ਆਹੀ ਦਿਨ ਹੁੰਦੇ ਐ, ਪਹਿਨ-ਪਚਰ ਕੇ ਹੰਢਾਉਣ ਦੇ'।
ਹੇਠਾਂ ਬਰਾਂਡੇ ਵਿੱਚੋਂ ਗੀਤ ਗਾਉਂਦੀਆਂ ਬੁੜੀਆਂ ਵਿੱਚੋਂ ਕਿਸੇ ਨੇ ਕਸੂਤੀ ਝਹੇਡ ਕੀਤੀ, ਤਾਂ ਉਹਨਾਂ ਦੇ ਹਾਸੇ ਦੀ ਉੱਚੀ ਹੋਈ ਅਵਾਜ਼ ਸੁਣ ਕੇ, ਉਹ ਦੋਵੇਂ ਚੁਬਾਰੇ ਵਿੱਚੋਂ ਬਾਹਰ ਆ ਗਈਆਂ ਤੇ ਪੌੜੀਆਂ ਤੇ ਖੜ੍ਹ ਕੇ, ਉਹਨਾਂ ਵੱਲ ਕਿਸੇ ਨਿਰਖ ਨਾਲ ਵੇਖਣ ਲੱਗੀਆਂ। ਦੋਵਾਂ ਦੀ ਨੇਠੀ ਵੇਖ ਕੇ ਸ਼ਿਆਮੋ ਨੇ ਅਗਲਾ ਗਾਉਣਾ ਸ਼ੁਰੂ ਕੀਤਾ, 'ਰੱਬ ਨੇ ਬਣਾਈਆਂ ਜੋੜੀਆਂ, ਚਿੱਟੇ ਚੌਲ ਜਿੰਨ੍ਹਾਂ ਪੁੰਨ ਕੀਤੇ' ਫੇਰ ਪਿੱਛੇ ਇੱਕ ਸੁਰ ਵਿੱਚ ਕਿੰਨੀਆਂ ਹੀ ਅਵਾਜ਼ਾਂ ਗੂੰਜ ਪਈਆਂ।
ਕਿਸੇ ਮੋਹ ਨਾਲ ਪਾਸ਼ੋ ਨੇ ਦੀਸਾਂ ਦਾ ਹੱਥ ਘੁੱਟ ਕੇ ਫੜ੍ਹ ਲਿਆ ਤੇ ਇੱਕ ਦੂਜੇ ਵੱਲ ਝਾਕਣ ਲੱਗ ਪਈਆਂ। ਇੰਨੇ ਮੂਰਤੀ ਨੇ ਵੀ ਨਵੀਂ ਤੰਦ ਰਲਾ ਦਿੱਤੀ, 'ਬੇਬੇ ਫਿਰੇ ਮੇਰਾ ਵਰ ਟੋਲ ਦੀ, ਨੀ ਮੈਂ ਨਿੱਤ ਨਵਾਂ ਈ ਹੰਢਾਵਾਂ, ਭੋਲੀ ਮਾਂ ਫਿਰੇ ਵਰ ਟੋਲ-ਦੀ'।
ਨਸੀਬੋ ਨੇ ਹੱਥ ਵਿੱਚ ਫੜ੍ਹੀ ਸੋਟੀ ਨੂੰ ਪਾਵੇ ਨਾਲ ਖੜਕਾ ਕੇ ਡਰਾਵਾ ਮਾਰਿਆ, 'ਨੀ ਗੰਦ ਨਾ ਪਾਓ'।
ਦੀਸਾਂ ਨੇ ਸਾਰੇ ਵਿਹੜੇ ਵਿੱਚ ਤਰਦੀ ਨਜ਼ਰ ਮਾਰ ਕੇ ਵੇਖਿਆ, ਘੀਚਰ ਕਿਤੇ ਵੀ ਨਹੀਂ ਸੀ ਲੱਭਿਆ। ਟੰਬੇ ਨਾਲ ਮੇਖਾਂ ਗੱਡ ਕੇ ਬੰਨ੍ਹੀਆਂ ਲਾਲਟੈਣਾਂ ਦੇ ਚਾਨਣ ਵਿੱਚ ਬੁੜੀਆਂ ਨਾਲ ਆਏ ਬੰਦੇ ਦਾਰੂ ਪੀਂਦੇ ਹੋਏ, ਬਾਰਾਂ-ਬੀਟੀ ਖੇਡੀ ਜਾਂਦੇ ਸੀ । ਨਿੱਕੇ-ਨਿੱਕੇ ਨਿਆਣੇ ਇੱਕ-ਦੂਜੇ ਦੇ ਪਿੱਛੇ ਭੱਜਦੇ ਪਏ ਸੀ । ਪਾਸ਼ੋ ਨੇ ਉਹਦੇ ਦਿਲ ਦੀ ਰਮਜ਼ ਪਛਾਣ ਲਈ ਤੇ ਆਪ ਵੀ ਉਹਦੀ ਭਾਲ ਕਰਨ ਲੱਗ ਪਈ।
ਇੰਨੇ ਕੋਇਲ ਦੀ ਕੂਕ ਸੁਣ ਕੇ ਉਹ ਦੋਵੇਂ ਪਸ਼ੂਆਂ ਵਾਲੇ ਵਾੜੇ ਵਿੱਚ ਪਿਸ਼ਾਬ ਦਾ ਪੱਜ ਬਣਾ ਕੇ ਤੁਰ ਪਈਆਂ । ਸਰੋਂ ਦੇ ਤੇਲ ਦਾ ਦੀਵਾ ਬਾਲ ਕੇ, ਦੀਸਾਂ ਨੇ ਤਲੀ ਤੇ ਜਚਾ ਕੇ ਰੱਖ ਲਿਆ ਤੇ ਕੰਧ ਤੋਂ ਉੱਚਾ ਕਰ ਦਿੱਤਾ।
ਚਾਨਣ ਦੀ ਓਟ ਲੈ ਕੇ ਘੀਚਰ ਰੂੜੀਆਂ ਦੇ ਓਲ੍ਹੇ ਛਹਿ ਕੇ, ਕੰਧ ਦੇ ਆਲੇ ਕੋਲ ਆ ਗਿਆ, ਜੀਹਦੇ ਵਿੱਚ ਤਲੀ ਤੋਂ ਚੁੱਕ ਕੇ ਦੀਵਾ ਧਰ ਦਿੱਤਾ ਸੀ। ਦੀਵੇ ਦਾ ਚਾਨਣ ਦੋਵਾਂ ਦੇ ਚਿਹਰਿਆਂ ਨੂੰ ਲਿਸਕਾਉਣ ਲੱਗ ਪਿਆ। ਆਲੇ ਵਿੱਚ ਦੀ ਦੀਸਾਂ ਨੂੰ ਕਿਨੇ ਦਿਨਾਂ ਬਾਦ ਛੋਹਿਆ ਸੀ।
ਖੁਸ਼ਕੀ ਨਾਲ ਸੰਘ ਵਿੱਚ ਚੀਪੜ ਹੋਈ ਜੀਭ ਨੂੰ ਥੋੜ੍ਹਾ ਔਖ ਨਾਲ ਪੱਟਿਆ, 'ਜੇ ਦਾਤੇ ਨੇ ਮਰਜ਼ੀ ਨਾਲ ਸਾਨੂੰ ਜਿਉਂਣ ਈ ਨਹੀਂ ਸੀ ਦੇਣਾ, ਫੇਰ ਜੰਮਿਆ ਕਾਹਤੋਂ, ਜੇ ਜੰਮੇ ਬਿਨ ਸੌਰਦਾ ਨਈਂ ਸੀ ਫੇਰ ਆ ਮੋਹ ਆਲੀ ਕਵੱਸਤੀ ਤਾਂ ਗਲਾਂਵੇ ਨਾ ਪਾਉਂਦਾ'।
'ਹਏ" ਘੀਚਰ ਨੇ ਉਹਦਾ ਹੱਥ ਜ਼ੋਰ ਨਾਲ ਘੁੱਟਿਆ, 'ਆਸ਼ਕ ਮੂਹਰੇ ਰੱਬ ਦੀ ਕੀ ਮਜਾਲ ਐ ਬੀ ਖੰਗ-ਜੇ, ਬਸ ਚਿਤ ਆਵਦਾ ਈ ਨਹੀਂ ਮੰਨਿਆ, ਐਂਵੇ ਨਾ ਫੋਸਲ ਕਿਹਾ ਕਰ ਜੱਟ ਨੂੰ, ਜਿੱਦੇਂ ਪਰਤਿਆਵਾ ਲੈਣਾ ਹੋਏ, ਮਰਜ਼ੀ ਲੈ-ਲੀ।