Back ArrowLogo
Info
Profile

'ਬੱਸ ਵੇ, ਕਾਤੋਂ ਲਾਚੜੀ ਜਾਨੈਂ"।

ਉਹਦੀ ਤਲੀ ਤੋਂ ਘੋਰਕੰਢੇ ਕਰਦਾ ਹੋਇਆ ਬੋਲ ਪਿਆ, 'ਏਹ ਗੱਲ ਤਾਂ ਲੀਲੀ ਛੱਤ ਆਲਾ ਵੀ ਨਈਂ ਦੱਸ ਸਕਦਾ, ਫੇਰ ਮੇਰਾ ਤਾਂ ਮਾਂਜਨਾ ਈ ਕੀ ਐ ਤੇਰੇ ਮੂਹਰੇ...'।

ਪਾਸ਼ੋ ਨੇ ਨਲਕਾ ਗੇੜ ਕੇ, ਪੈਰ ਮਾਂਜ ਕੇ ਧੋਤੇ, ਤੇ ਸਲਵਾਰ ਦੇ ਪਹੁੰਚੇ ਉੱਤੇ ਚੱਕ ਕੇ, ਦੀਸਾਂ ਨਾਲ ਕਵੇਲਾ ਹੁੰਦਾ ਵੇਖ ਕੇ ਘਰ ਨੂੰ ਆ ਗਈ। ਜਦੋਂ ਉਹ ਮੂਰਤੀ ਕੋਲ ਦੀ ਲੰਘਣ ਲੱਗੀ ਤਾਂ ਉਹਨੇ ਨਘੋਚ ਕੱਢੀ, 'ਕੁੜੇ ਬੀਬੀ ਦਾਜ ਚ ਭਲਾਂ ਕੀ- ਕੀ ਲੈ ਕੇ ਜਾਏਂਗੀ' ਅੱਗੋਂ ਉਹਨੇ ਕੋਈ ਉਤਰ ਨਾ ਦਿੱਤਾ, ਤਾਂ ਨਿਹੋਰੇ ਨਾਲ ਬੋਲੀ, 'ਕਾਹਦੀ ਆਕੜ ਚ ਆਫਰਗੀ ਏਂ।

'ਲੈ ਕੇ ਕੀ ਜਾਣਾ ਭਾਬੀ, ਨਾਲ ਕੋਈ ਲਜਾ ਸਕਿਆ, ਏਹ ਪੁੱਛ ਏਥੇ ਛੱਡ ਕੇ ਕਿੰਨਾ ਕੁੱਛ ਜਾਊਂ-ਗੀ?' ਉਹ ਆਪਣਾ ਪੈਰ ਹਿਲਾਉਣ ਲੱਗੀ ਤਾਂ ਪਜੇਬਾਂ ਦੀ ਛਣ-ਛਣ ਚੰਗੀ ਨਹੀਂ ਲੱਗੀ। ਬੰਦਾ ਮਰਨ ਵੇਲੇ ਸਭ ਕੁਝ ਛੱਡਦਾ ਹੈ, ਪਰ ਤੀਵੀਂ ਜਿਉਂਦੇ ਜੀ ਛੱਡਦੀ ਹੈ।

ਉਹ ਚੁਬਾਰੇ ਵਿੱਚ ਆ ਗਈ। ਪੈਰ ਨੂੰ ਪਲੰਘ ਦੀ ਬਾਹੀ ਤੇ ਰੱਖ ਲਿਆ ਅਤੇ ਫੇਰ ਵੱਟੇ ਨਾਲ ਝਾਜਰਾਂ ਦਿਆਂ ਬੋਰਾਂ ਵਿੱਚੋਂ ਰੋੜ੍ਹ ਕੱਢਣ ਲੱਗ ਪਈ।

*** *** ***

ਪਾਸ਼ੋ ਦੇ ਵਿਆਹ ਵਿੱਚ ਡੱਕ ਦੇ ਦਾਰੂ ਪੀਣ ਨਾਲ ਬਲੌਰੇ ਨੂੰ ਅਜੇਹੀ ਹੱਡ- ਭੰਨਣੀ ਲੱਗੀ, ਦੋ ਦਿਨਾਂ ਤੀਕ ਉਹਤੋਂ ਉਠਿਆ ਨਹੀਂ ਗਿਆ। ਖੇਸ ਦਾ ਲੜ ਦੱਬ ਕੇ ਪਿਆ ਰਿਹਾ। ਨਸੀਬੋ ਦਿਨ ਵਿੱਚ ਦੋ-ਤਿੰਨ ਵਾਰ ਗੁੜ ਦਾ ਸਰਬਤ ਬਣਾ ਕੇ ਪਿਆਉਂਦੀ। ਢਿੱਡ ਵਿੱਚ ਸੁੱਤੀ ਪਈ ਪੁਰਾਣੀ ਸੱਟ ਫੇਰ ਜਾਗ ਪਈ। ਸਾਫ਼ੇ ਵਿੱਚ ਮੋਟੀ ਗੰਢ ਮਾਰ ਕੇ, ਤੇ ਗੰਢ ਨੂੰ ਪੀੜ ਵਾਲੀ ਥਾਂ ਰੱਖ ਕੇ, ਘੁੱਟ ਕੇ ਲੱਕ ਨੂੰ ਬੰਨ੍ਹ ਲਿਆ। ਗੋਢੇ ਮੋੜ ਕੇ ਹਿੱਕ ਨਾਲ ਲਾ, ਓਤਦੀ ਬਾਹਵਾਂ ਦੀ ਬੁੱਕਲ ਮਾਰ ਲਈ।

ਓਦਣ..!

ਜਿਸ ਦਿਨ, ਕਿੱਕਰ ਦੀ ਲਗਰ ਨਾਲੋਂ ਦਾਤਣ ਤੋੜ ਕੇ ਬਲੌਰੇ ਨੂੰ, ਮੀਂਹ ਵਿੱਚ ਕੋਈ ਕੋਠਾ ਡਿੱਗਣ ਜਿੰਨੀ ਧਮਕਾਰ ਸੁਣੀ ਤਾਂ, ਧੂੜ੍ਹ ਦੇ ਗੁਬਾਰ ਵਿੱਚ ਦੀ, ਉਹਨੂੰ ਪੰਛੀਆਂ ਦੀ ਡਰ ਕੇ ਉੱਡਦੀ ਹੋਈ ਉਡਾਰ ਵਿਖਾਈ ਦਿੱਤੀ। ਉਹਨੇ ਮੋਢੇ ਜਿੰਨੀ ਉੱਚੀ ਜਵਾਰ ਦੇ ਉਤੋਂ ਦੀ, ਟਾਹਲੀ ਦਾ ਸ਼ਤੀਰ ਡਿੱਗਿਆ ਪਿਆ ਵੇਖਿਆ। 'ਜ਼ੋਰ ਲਗਾਦੇ.. ਹਈ ਸ਼ਾ.. ਹੇ-ਲਾ' ਇੱਕ ਬੌਣਾ ਬੰਦਾ ਕੁਹਾੜੀ ਨਾਲ ਜੜ੍ਹਾਂ ਦੇ ਮੋਛੇ ਪਾਈ ਜਾਂਦਾ ਸੀ, ਜੀਹਦੀ ਤਿੰਗ ਕੇ ਟੱਕ ਮਾਰਨ ਕਰਕੇ ਆਉਂਦੀ 'ਹੂੰਗਰ' ਦੀ ਅਵਾਜ਼, ਬਲੌਰੇ ਦੇ ਮੱਥੇ ਵਿੱਚ ਵੱਜੀ ਪੁਰਾਣੀ ਸੱਟ ਜਿਵੇਂ ਫੇਰ ਚੜ੍ਹ ਗਈ।

ਵਾਹਰ ਕਰਵਾਉਣ ਲਈ ਭੱਜ ਕੇ ਉਹਨਾਂ ਬੰਦਿਆਂ ਵੱਲ ਜਾਣ ਲੱਗਿਆ ਤਾਂ ਵੱਟ ਨਾਲ ਠੇਡਾ ਖਾ ਕੇ, ਮੱਥੇ ਦੀ ਤੇੜ ਪਰਨੇ ਡਿੱਗ ਪਿਆ। ਬੇ-ਸੁਰਤ ਹੋ ਕੇ ਏਥੇ ਪਿਆ ਰਿਹਾ। ਸਾਂਝੀ ਵੱਟ ਤੇ ਉਹ ਅੱਧਾ ਆਪਣੇ ਵਾਹਣ ਵਿੱਚ ਪਿਆ ਸੀ, ਅੱਧਾ

52 / 106
Previous
Next