

ਬਚਨ ਕਿਆਂ ਨੂੰ ਬੈ ਕੀਤੇ ਹੋਏ ਵਾਹਣ ਵਿੱਚ। ਜਦੋਂ ਹੋਸ਼ ਪਰਤੀ ਤਾਂ ਪੈਰ ਘੜੀਸ ਕੇ ਤੁਰਦਾ ਹੋਇਆ, ਪੱਟੀਆਂ ਟਾਹਲੀਆਂ ਕੋਲ ਚਲਾ ਗਿਆ। ਝੜੇ ਪੱਤਿਆਂ ਨੂੰ ਰੁੱਗ ਭਰ-ਭਰ ਕੇ ਹਵਾ ਵਿੱਚ ਉਡਾਇਆ। ਟੋਏ ਦੀ ਮਿੱਟੀ ਨੂੰ ਮੂੰਹ-ਮੱਥੇ ਤੇ ਮਲਣ ਲੱਗਿਆ। ਫੇਰ ਝੱਗੇ ਦੀ ਝੋਲੀ ਬੰਨ੍ਹ ਕੇ, ਜੜਾਂ ਨਾਲੋਂ ਝੜੀ ਮਿੱਟੀ ਵਿੱਚ ਭਰ ਲਈ। ਸਾਫੇ ਦੇ ਲੜ ਵਿੱਚ ਜੜ੍ਹਾਂ ਬੰਨ੍ਹ ਕੇ ਗਲ ਨਾਲ ਲਮਕਾ ਲਈਆਂ। ਇੱਕ ਵੱਡੀ ਸਾਰੀ ਟਾਹਣੀ ਮੋਢੇ ਤੇ ਤਾਣ ਕੇ, ਉਹਦੀ ਛਾਂਵੇ ਤੁਰਦਾ ਹੋਇਆ, ਘਰ ਆ ਕੇ ਸੁਆਤ ਦੇ ਬੂਹੇ ਅੱਗੇ ਪੈ ਗਿਆ।
ਮੋਢੇ ਤਾਣੀ ਟਾਹਣੀ ਨੂੰ ਇੱਥੇ ਟੋਆ ਪੱਟ ਕੇ ਗੱਡ ਲਿਆ, ਤੇ ਆਪ ਸਾਰੀ ਰਾਤ ਇਹਦੇ ਪਰਛਾਂਵੇ ਹੇਠ ਮੂਧੇ ਮੂੰਹ ਪਿਆ ਰਿਹਾ। ਉਹਨੂੰ ਬੁਲਾ ਲੈਣ ਦੀ ਕਿਸੇ ਵਿੱਚ ਹਿੰਮਤ ਨਹੀਂ ਸੀ । ਜਦੋਂ ਪਹੁ-ਫੁੱਟੀ ਤਾਂ ਉਹਦੀ ਜਾਗ ਖੁੱਲ੍ਹ ਗਈ। ਉਹ ਕਿੰਨਾ ਚਿਰ ਕੋਲ ਦੀ ਲੰਘਦਿਆਂ ਕੀੜੀਆਂ ਵੱਲ ਝਾਕੀ ਗਿਆ, ਜੋ ਉਹਦੀ ਢਿੱਲੀ ਹੋਈ ਮੁੱਠੀ ਵਿੱਚੋਂ ਦਾਣੇ ਕੱਢ-ਕੱਢ ਕੇ ਲਿਜਾ ਰਹੀਆਂ ਸਨ।
ਉਹਨੇ ਧਰਤੀ ਤੇ ਖਿਲਰੀ ਝੋਲੀ ਵਾਲੀ ਮਿੱਟੀ ਨੂੰ ਹੱਥ ਨਾਲ ਇਕੱਠਾ ਕਰਕੇ, ਝੋਲੀ ਵਿੱਚ ਪਾ ਲਿਆ, ਤੇ ਸਿੱਧਾ ਈ ਪੀਰੂ ਘੁਮਿਆਰ ਕੋਲ ਆ ਗਿਆ।
'ਚੱਕਾ ਚੋਅ' ਆਪਣੀ ਝੋਲੀ ਦੀ ਸਾਰੀ ਮਿੱਟੀ ਉਹਦੇ ਕੋਲ ਪਈ, ਮਿੱਟੀ ਗੁੰਨਣ ਵਾਲੀ ਪਰਾਂਤ ਵਿੱਚ ਪਾ ਦਿੱਤੀ। ਇਹਦੇ ਨਾਲ ਕੁੱਜਾ ਬਣਾ ਕੇ ਚਾਅ ਨਾਲ ਘਰ ਲੈ ਆਇਆ। ਜੀਹਦੇ ਨਾਲ ਉਹ ਹੁਣ ਕਦੇ ਕਦੇ ਗੱਲਾਂ ਕਰਦਾ, ਜੋ ਕਿਸੇ ਨਾਲ ਨਹੀਂ ਕਰ ਸਕਦਾ।
ਪਾਡੋਂ ਮਿੱਟੀ ਨਾਲ ਅੱਖਾਂ ਮੂੰਹ ਬਣਾ ਕੇ ਕੋਈ ਮੜ੍ਹੰਗਾ ਬਣਾ ਲੈਂਦਾ।
ਤੇ ਅੱਜ,
ਜਾਣੀ ਕਿ ਹੁਣ--।
ਸੁਆਤ ਵਿੱਚ, ਇੱਕ ਬੋਰੀ ਵਿੱਚ ਪਾ ਕੇ ਰੱਖੀਆਂ ਟਾਹਲੀ ਦੀਆਂ ਜੜ੍ਹਾਂ ਵੇਖ ਕੇ, ਢਿੱਡ ਦੀ ਪੀੜ ਹੋਰ ਡੂੰਘੀ ਹੋ ਗਈ।
ਪਰ ਦਾਰੋ ਦੀਆਂ ਝਾਂਜਰਾਂ ਦੀ ਅਵਾਜ਼ ਸੁਣ ਕੇ, ਉਹਨੂੰ ਸਾਰੀ ਪੀੜ੍ਹ ਭੁੱਲ ਗਈ। ਉਹ ਸੁਆਤ ਵਿੱਚੋਂ ਬਾਹਰ ਆ ਕੇ, ਕੰਧ ਕੋਲ ਗੱਡੇ ਕਿੱਲੇ ਤੇ ਖੱਬਾ ਪੈਰ ਧਰ ਕੇ ਬਹਿ ਗਿਆ। ਹੱਥ ਨਾਲ ਥਾਂ ਸੁੰਬਰ ਕੇ, ਫੂਕ ਮਾਰ ਕੇ ਡੱਕੇ ਦੀ ਟੋਅ ਨਾਲ ਲਕੀਰਾਂ ਮਾਰ ਕੇ, ਚਿੱਤ ਵਿੱਚ ਦਾਰੋ ਦੀ ਸ਼ਕਲ ਵਾਹੁਣ ਲੱਗ ਪਿਆ। ਇੰਨੇ ਹੀ ਉਹਦੇ ਕੋਲ ਕੰਧ ਟੱਪ ਕੇ ਆਈ ਗੇਂਦ ਚੱਕਣ ਆਇਆ ਧੱਤੂ, ਉਹਨੂੰ ਇਉਂ ਜਮੂਰਾ ਜਿਹਾ ਬਣ ਕੇ ਬੈਠਾ ਵੇਖ ਕੇ ਹੱਸ ਪਿਆ।
ਲਕੀਰਾਂ ਵੱਲ ਵੇਖਦਾ ਹੋਇਆ ਕੋਈ ਸਿਆਣ ਕੱਢਣ ਦੀ ਕੋਸ਼ਿਸ਼ ਵਿੱਚ ਬੋਲਿਆ, 'ਚਾਚਾ ਓਏ, ਆਹ ਕੀ ਬਣਾਈ ਜਾਨਾਂ'।
ਉਹ ਧੌਣ ਹਿਲਾਏ ਬਿਨਾ ਹੀ ਅੱਖਾਂ ਨੂੰ ਐਨ ਕੋਇਆਂ ਨਾਲ ਲਾਅ ਕੇ, ਵੇਖਦਾ ਬੋਲਿਆ, 'ਤੇਰੀ ਬੀਬੀ ਬਣਾਈ ਜਾਨਾਂ'।