

ਧੱਤੂ ਨੇ ਗੋਢਿਆਂ ਤੋਂ ਹੱਥ ਚੁੱਕ ਕੇ ਲੱਕ ਤੇ ਰੱਖ ਲਏ ਤੇ ਨਘੋਚ ਕੱਢੀ, 'ਬੀਬੀ ਦੇ ਤਾਂ ਏਥੇ ਤਿਲ ਵੀ ਐ' ਉਹਨੇ ਸੱਜੀ ਗੱਲ੍ਹ ਵਾਲੇ ਪਾਸੇ ਨੱਕ ਦੀ ਜੜ੍ਹ ਤੇ ਉਂਗਲ ਧਰ ਦਿੱਤੀ।
'ਏਥੇ.. !' ਬਲੌਰੇ ਨੇ ਜਾਣ ਕੇ ਹੁਣੇ ਵਾਹੀ ਮੂਰਤ ਦੇ ਦੂਜੇ ਪਾਸੇ ਡੱਕਾ ਲਾਇਆ ਤਾਂ ਧੱਤੂ ਆਪ ਵੀ ਔਦਲ ਗਿਆ, ਤੇ ਫੇਰ ਭੱਜ ਕੇ ਸਾਂਝੀ ਕੰਧ ਨਾਲ ਬਣੀ ਖੁਰਲੀ ਤੇ ਚੜ੍ਹ ਕੇ, ਬੋਲ ਮਾਰਿਆ, 'ਬੀਬੀ-ਗੇ...ਨੀ ਬੀਬੀ..'।
ਪੇੜਾ ਕਰਦੀ ਦਾਰੋ ਨੇ ਚੁੱਲ੍ਹੇ ਕੋਲੋਂ ਉਠ ਕੇ, ਜਦੋਂ ਖੱਬੇ ਹੱਥ ਨਾਲ ਮੱਥੇ ਨੂੰ ਖੁਰਕਿਆ ਤਾਂ ਚੁੰਨੀ ਲਹਿ ਗਈ। ਧੌਣ ਝਟਕੇ ਨਾਲ ਹਿਲਾ ਕੇ ਪੁੱਛਿਆ, 'ਕੀ ਐ ?'
'ਕੁੱਛ ਨੀ' ਧੱਤੂ ਬਿੰਦ ਦੀ ਬਿੰਦ ਉਹਦਾ ਚਿਹਰਾ ਵੇਖ ਕੇ ਹੇਠਾਂ ਉਤਰ ਗਿਆ ਤੇ ਭੱਜ ਕੇ ਬਲੌਰੇ ਦੇ ਹੱਥ ਵਿੱਚੋਂ ਡੱਕਾ ਫੜ੍ਹ ਕੇ ਮੂਰਤ ਦੀ ਖੱਬੀ ਗੱਲ੍ਹ ਤੇ ਤਿਲ ਲਾ ਦਿੱਤਾ, 'ਐਥੇ ਐ'।
ਬਲੌਰੇ ਨੇ ਉਹਦੇ ਹੱਥ-ਪੈਰ ਆਪਣੇ ਦੋਵੇਂ ਹੱਥਾਂ ਵਿੱਚ ਫੜ੍ਹ ਕੇ ਟੋਹੇ ਤੇ ਅੱਖਾਂ ਵਿੱਚ ਵੇਖ ਕੇ ਬੋਲਿਆ, 'ਸਕੂਲੇ ਜਾਣ ਲੱਗਿਆ ਤੂੰ ਰੋਨਾ ਕਾਹਤੋਂ ਹੁੰਨਾ..।
'ਮੇਰਾ ਭਾਪਾ ਚੀਜ਼ੀ ਖਾਣ ਨੂੰ ਠਿਆਨੀ ਨੀ ਦਿੰਦਾ' ਧੱਤੂ ਨੇ ਬੁੱਲ੍ਹ ਨੱਕ ਨੂੰ ਚਾੜ ਕੇ ਦੁੱਖ ਕਰਿਆ ਤਾਂ ਬਲੌਰਾ ਆਪਣੇ ਕੁੜਤੇ ਦੀਆਂ ਜੇਬਾਂ ਫਰੋਲਣ ਲੱਗ ਪਿਆ, 'ਏ..' ਮੂੰਹ ਵਿੱਚ ਅਵਾਜ਼ ਕੱਢੀ ਗਿਆ ਤੇ ਫੇਰ ਠਿਆਨੀ ਗੀਝੇ ਚੋਂ ਕੱਢ ਕੇ ਉਹਦੀ ਤਲੀ ਤੇ ਰੱਖ ਕੇ, ਮੁੱਠੀ ਮੀਚ ਦਿੱਤੀ, 'ਆ ਚੱਕ, ਮੈਥੋਂ ਲੈ ਜਿਆ ਕਰ ਠਿਆਨੀ, ਚੰਗੋ ਰੋਇਆ ਨਾ ਕਰ.. ਪੁੱਤ ਕਹਿੰਦਾ ਆਪਣੇ ਜੀਭ ਨੂੰ ਰੋਕਣ ਲੱਗਿਆ ਤਾਂ ਦੰਦਾਂ ਹੇਠ ਟੁੱਕੀ ਗਈ।
ਇਸ ਦਿਨ ਤੋਂ ਬਾਦ ਧੱਤੂ ਰੋਜ਼ ਹੀ ਠਿਆਨੀ ਲੈ ਕੇ ਜਾਣ ਲੱਗ ਪਿਆ। ਜੇ ਬਲੌਰਾ ਸੁੱਤਾ ਪਿਆ ਹੁੰਦਾ ਤਾਂ ਉਹਦੇ ਮੰਜੇ ਦੇ ਪਾਵੇ ਤੇ ਠਿਆਨੀ ਪਈ ਹੁੰਦੀ ਸੀ।
ਬਲੌਰੇ ਨੇ ਕੰਧ ਦੀਆਂ ਵਿਰਲਾਂ ਵਿੱਚੋਂ ਦੀ ਛਣਕੇ ਆਉਂਦੀ ਧੁੱਪ ਦਾ ਨਿੱਘ ਆਪਣੇ ਪੁੱਠੇ ਹੱਥ ਤੇ ਮਹਿਸੂਸ ਕੀਤਾ। ਮੀਂਹ ਦੇ ਝੱਖੜਾਂ ਨੇ ਵਿਰਲਾਂ ਵਿੱਚਲਾ ਗਾਰਾ ਖੋਰ ਕੇ ਕੱਢ ਦਿੱਤਾ ਸੀ। ਕੰਧ ਨੂੰ ਇਸ ਹਾਲਤ ਵਿੱਚ ਵੀ ਅਡੋਲ ਖੜ੍ਹੀ ਵੇਖ ਕੇ, ਉਹਦੇ ਬੁੱਲ੍ਹਾਂ ਤੇ ਹੱਲਾਸ਼ੇਰੀ ਦੇਣ ਵਾਲੀ ਮੁਸਕਾਨ ਆ ਗਈ। ਕੰਧ ਨੂੰ ਸਾਵਾਸ਼ੇ ਦੇ ਕੇ, ਉਹ ਮੋਢੇ ਵਿੱਚ ਪਾਏ, ਕੁੱਜੇ ਵਾਲੇ ਝੋਲੇ ਦੀਆਂ ਤਣੀਆਂ ਨੂੰ ਠੀਕ ਕਰਦਾ, ਅੰਗਰੇਜ਼ ਕੇ ਘਰ ਵੱਲ ਤੁਰ ਪਿਆ।
ਪਾਣੀ ਵਿੱਚ ਟਾਹਲੀ ਦੀ ਜੜ੍ਹ ਉਬਾਲ ਕੇ ਪੀਣ ਨਾਲ਼, ਉਹਦੇ ਢਿੱਡ ਦੀ ਪੀੜ੍ਹ ਕਾਫ਼ੀ ਘਟ ਗਈ ਸੀ । ਉਹ ਚੁੱਪ-ਚਾਪ ਗੱਡੀ ਜੋੜ ਕੇ ਖੇਤ ਵੱਲ ਨੂੰ ਚੱਲ ਪਿਆ। ਸਾਰੇ ਰਾਹ ਕੁੱਜੇ ਨਾਲ ਗੱਲਾਂ ਕਰਦਾ ਰਿਹਾ। ਪੱਗ ਸਿਰ ਤੋਂ ਲਾਹ ਕੇ ਕੁੱਜੇ ਦੇ ਸਿਰ ਬੰਨ੍ਹ ਦਿੱਤੀ ਤੇ ਬੋਲਿਆ, 'ਕੁੱਜਿਆ ਆਂਹਦੇ ਆ ਬਈ, ਰੱਬ ਮਸਤਿਆ ਵਿਆ ਬੰਦੇ ਦੇ ਅੰਦਰ ਈ ਲੁਕਿਆ ਬੈਠਾ, ਜੇ ਕਿਤੇ ਹੁਰ ਬੈਠਾ ਹੋਵੇ ਤਾਂ ਸਤਿਆ ਬੰਦਾ