

ਕੀਹਨੂੰ-ਕੀਹਨੂੰ ਰਜਾਵੇ'।
ਅੰਗਰੇਜ਼ ਆਪਣਾ ਗੁੱਸਾ ਠੰਢਾ ਕਰਨ ਲੱਗ ਪਿਆ, ਜੋ ਦੋ-ਤਿੰਨ ਦਿਨਾਂ ਤੋਂ ਬਲੌਰੇ ਦੇ ਬਿਮਾਰ ਹੋਣ ਕਰਕੇ, ਆਪ ਨੂੰ ਕੰਮ ਕਰਕੇ ਚੜ੍ਹਿਆ ਸੀ। 'ਰੁੱਗ ਨੀਰਾ ਵੀ ਨਈਂ ਵੇਲੇ ਸਿਰ ਲਿਆਂਦਾ, ਦਾਣਾ ਈ ਰਲਾ-ਤਾ, ਫੇਰ ਪੱਠੇ ਤੇਰੀਆਂ ਮਾਵਾਂ ਦੇ ਕਿੱਥੇ ਸੋਰਦਾਂਗੇ..'।
ਉਹ ਦੀਆਂ ਗੱਲਾਂ ਤੋਂ ਧਿਆਨ ਪਰ੍ਹੇ ਕਰਨ ਲਈ, ਮੂੰਹ ਵਿੱਚ ਕੋਈ ਤੁੱਕ ਗਾਉਣ ਲੱਗ ਪਿਆ। ਜਦੋਂ ਉਹਨੇ ਮਾਂ ਦੀ ਗਾਲ ਕੱਢੀ ਤਾਂ ਬਲੌਰੇ ਨੇ ਤੈਸ਼ ਵਿੱਚ ਆ ਕੇ, ਵਹਿੜਕੇ ਦਾ ਰੱਸਾ ਦੋਵਾਂ ਹੱਥਾਂ ਵਿੱਚ ਫੜ੍ਹ ਕੇ ਖਿੱਚਿਆ, ਤੇ ਵਿੱਚੋਂ ਤੋੜ ਕੇ ਦੋ ਟੋਟੇ ਕਰ ਦਿੱਤੇ। ਟੁੱਟਿਆ ਰੱਸਾ ਉਹਦੇ ਪੈਰਾਂ ਵਿੱਚ ਸੁੱਟ ਕੇ, ਗੱਡੀ ਦੇ ਵਿੰਡ ਨਾਲ ਬੰਨ੍ਹਿਆ ਕੁੱਜੇ ਵਾਲਾ ਝੋਲਾ ਖੋਲ੍ਹ ਕੇ, ਹੱਥ ਵਿੱਚ ਫੜ੍ਹ ਲਿਆ। ਧਰਤੀ ਨੂੰ ਠੁੱਡੇ ਮਾਰ-ਮਾਰ ਕੇ ਤੁਰਦਾ ਹੋਇਆ, ਉਹ ਘਰ ਨੂੰ ਆ ਗਿਆ।
*** *** ***
ਕੁੱਜੇ ਨੂੰ ਝੋਲੇ ਵਿੱਚੋਂ ਕੱਢ ਕੇ ਜੰਗਲੇ ਵਿੱਚ ਰੱਖ ਕੇ, ਉਹ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖਣ ਲੱਗ ਪਿਆ। ਹਰਖ ਵਿੱਚ ਆਉਣ ਤੇ ਉਹ ਪਲਕਾਂ ਘੱਟ ਹੀ ਝਪਕਦਾ ਹੁੰਦਾ ਸੀ। ਸਿਰ ਨੂੰ ਹੰਦਾਲੀ ਆਈ ਤੇ ਗਸ਼ ਖਾ ਕੇ ਮੰਜੇ ਤੇ ਡਿੱਗ ਪਿਆ। ਅੱਖਾਂ ਵਿੱਚੋਂ ਪਾਣੀ ਵਹਿ ਕੇ ਸੇਲ੍ਹੀਆਂ ਵਿੱਚੋਂ ਦੀ ਲੰਘਦਾ ਹੋਇਆ, ਘੂਰੀ ਵੱਟਣ ਕਰਕੇ ਮੱਥੇ ਵਿੱਚ ਪਈਆਂ ਤਿਉੜੀਆਂ ਵਿੱਚ ਰਚ ਗਿਆ।
ਨਸੀਬੋ ਟੋਕਰੀ ਵਿੱਚੋਂ ਪਿੱਤਲ ਦਾ ਧਾਮਾ ਚੱਕ ਕੇ ਸਵਾਤ ਦੇ ਤਖ਼ਤਿਆਂ ਕੋਲ ਉਹਦੇ ਸਿਰਹਾਣੇ ਆ ਖੜ੍ਹੀ ਤੇ ਅੱਖਾਂ ਵਿੱਚ ਲਾਲੀ ਵੇਖ ਕੇ ਘਬਰਾ ਗਈ। ਸੋਟੀ ਦੇ ਸਹਾਰੇ ਨਾਲ ਥੋੜ੍ਹੀ ਜਿਹੀ ਨਿਉਂ ਕੇ, ਉਹਦੇ ਮੱਥੇ ਨੂੰ ਪੁੱਠੇ ਹੱਥ ਨਾਲ ਛੋਹ ਕੇ ਵੇਖਿਆ, ਕਿਤੇ ਤਾਪ ਤਾਂ ਨਹੀਂ ਚੜ੍ਹ ਗਿਆ। ਥੋੜ੍ਹੀ ਜਿਹੀ ਕਣਸ ਸੀ, ਖਣੀ ਗੁੱਸੇ ਕਰਕੇ ਉਹਦਾ ਸਰੀਰ ਤਪ ਰਿਹਾ ਸੀ।
'ਤੂੰ ਢੂਹੀ ਸਿੱਧੀ ਕਰ-ਲੈ, ਓਨ੍ਹੇ ਮੈਂ ਲੱਸੀ ਲੈ ਆਵਾਂ-ਗੇਜ ਕਿਉਂ" ਇਹ ਸੁਣ ਕੇ ਬਲੌਰੇ ਨੂੰ ਸਾਰੀ ਪੀੜ੍ਹ ਭੁੱਲ ਗਈ ਤੇ ਹੱਥ ਵਿੱਚੋਂ ਧਾਮਾ ਖੋਹ ਕੇ, ਵਿਹੜੇ ਵਿੱਚ ਚਲਾਵਾਂ ਸੁੱਟ ਦਿੱਤਾ। ਉਹਦੇ ਹੱਡਾਂ ਵਿੱਚ ਬੈਠੀ ਜਾਨ ਕੰਬ ਗਈ। ਜੇਰਾ ਕਰਕੇ, ਉਹ ਪੈਰਾਂ ਭਾਰ ਈ ਪਾਵੇ ਨਾਲ ਢੋਅ ਲਾ ਕੇ ਬਹਿ ਗਈ ਤੇ ਬੋਲੀ, 'ਨਾ ਕੀ ਕਹਿਤਾ, ਗੇਜ ਨੇ ਕਿਆ ਕੁਛ' ਬਲੌਰੇ ਨੇ ਉਹਦਾ ਹੱਥ ਪਰ੍ਹੇ ਝਟਕ ਦਿੱਤਾ ਜੋ ਉਹਦੇ ਵਾਲਾਂ ਦੀ ਜਟੂਰੀ ਵਿੱਚ ਫੇਰਿਆ ਸੀ। 'ਕੇ ਕੋਈ ਹੋਰ ਈ ਧਮੱਚੜ ਪਾਈ ਫਿਰਦੈ"।
ਚੀਸ ਨੂੰ ਝੱਲਣ ਲਈ ਉਹ ਅੱਧਾ-ਸਾਹ ਹੀ ਲੈਂਦਾ ਸੀ। ਸਿਰ ਨੂੰ ਬਾਹੀ ਤੇ ਰੱਖ ਕੇ ਮਸਾਂ ਹੀ ਬੋਲਿਆ, ਜਿਵੇਂ ਲੰਮੀ ਦੌੜ ਲਾਉਣ ਕਰਕੇ ਸਾਹ ਚੜ੍ਹਿਆ ਹੁੰਦਾ, 'ਗਾਲ੍ਹਾਂ ਕੱਢਦਾ ਸੀਗਾ, ਮੈਨੂੰ ਅਵਾ-ਤਵਾ ਬੋਲੀ ਗਿਆ, ਮੈਂ ਜਰੀ ਗਿਆ, ਗਿੱਜੇ ਨੇ ਕਸੂਤੀ ਗਾਲ੍ਹ ਤੈਨੂੰ ਕੱਢੀ, ਉੱਥੇ ਈ ਰੱਫੜ ਪੈ ਗਿਆ' ਥੁੱਕ ਉਬਾਲਾ ਖਾ ਕੇ ਬੁੱਲ੍ਹਾਂ