Back ArrowLogo
Info
Profile

ਕਮਲ-ਵਾ

ਨਸੀਬੋ ਦੀ ਅਚਾਨਕ ਹੋਈ ਮੌਤ ਨੇ ਸਾਰਿਆਂ ਦੇ ਦਿਲ ਵਿੱਚ ਮੌਤ ਦੇ ਬੌਂਗੇ ਪਾ ਦਿੱਤੇ। ਜਿਵੇਂ ਸਾਰਿਆਂ ਨੂੰ ਮਰ ਜਾਣਾ ਵੀ ਭੁੱਲ ਗਿਆ ਸੀ।

ਰਾਤ ਨੂੰ ਨਸੀਬੋ ਦੀ 'ਘਰਰ..' ਦੀ ਅਵਾਜ਼ ਹਵਾ ਦਾ ਰੁਖ ਇਸ ਪਾਸੇ ਹੋਣ ਕਰਕੇ, ਸਆਤ ਵਿੱਚ ਪਏ ਬਲੌਰੇ ਤੱਕ ਆਈ ਗਈ। ਉਹਨੇ ਉਵੇਂ ਹੀ ਨੰਗੇ ਪੈਰੀਂ ਉਠ ਕੇ, ਦੀਵੇ ਦੇ ਚਾਨਣ ਵਿੱਚ, ਉਹਦਾ ਚਿਹਰਾ ਵੇਖਿਆ ਤਾਂ ਠੰਢੀ ਹਵਾ ਹੋਣ ਕਰਕੇ ਵੀ ਮੱਥੇ ਤੇ ਠੰਢੇ ਮੁੜ੍ਹਕੇ ਦੀ ਚਰਗਲ ਵੱਜੀ ਪਈ ਸੀ।

ਮੱਘੇ ਵਿੱਚੋਂ ਪਾਣੀ ਦੀ ਚੂਲ੍ਹੀ ਭਰ ਕੇ ਉਹਦੇ ਮੂੰਹ ਪਾਈ, ਪਰ ਅੱਧਾ ਪਾਣੀ ਬੁੱਲ੍ਹਾਂ ਦੀਆਂ ਵਿਰਲਾਂ ਵਿਚੋਂ ਦੀ ਵਗ ਗਿਆ। ਝੱਗੇ ਦੇ ਲੜ ਨਾਲ ਧੌਣ ਨੂੰ ਪੂੰਜ ਕੇ ਉਹ ਸੁਆਤ ਵਿੱਚ ਆ ਗਿਆ। ਸੰਦੂਕ ਦੇ ਥੱਲੇ ਪਈ ਕੁਹਾੜੀ ਚੱਕ ਕੇ, ਵਿਹੜੇ ਵਿੱਚ ਖੜੀ ਸੁੱਕੀ ਕਿੱਕਰ ਦੇ ਆ ਕੇ ਮੋਛੇ ਪਾਉਣ ਲੱਗ ਪਿਆ। ਟੱਕ ਵੱਜਣ ਦੀ ਅਵਾਜ਼ ਸੁਣ ਕੇ ਅਜੈਬ ਵੀ ਛੱਤੜੇ ਵਿੱਚ ਪਿਆ, ਉਠ ਤਾਂ ਪਿਆ ਪਰ ਉਹ ਦੇ ਕੋਲ ਜਾਣ ਦੀ ਹਿੰਮਤ ਨਹੀਂ ਪਈ।

ਕਿੱਕਰ ਦਾ ਸ਼ਤੀਰ ਭੁੰਜੇ ਡਿੱਗਿਆ ਤਾਂ ਚਾਰੇ ਕੂਟਾਂ ਤੱਕ ਸੁੰਨ ਪੈ ਗਈ।

ਇਸ ਕਿੱਕਰ ਦੇ ਸ਼ਤੀਰ ਨੂੰ ਵੇਖ ਕੇ ਨਸੀਬੋ ਦੀ ਗੱਲ ਯਾਦ ਆ ਗਈ, ਜਦੋਂ ਬਲੌਰਾ ਵਿਹੜੇ ਵਿੱਚ ਖੇਡਦਾ ਹੁੰਦਾ ਤਾਂ ਇਸ ਕਿੱਕਰ ਦੇ ਕੰਡੇ ਉਹਦੇ ਪੈਰਾਂ ਵਿੱਚ ਖੁੱਬ ਜਾਂਦੇ । ਉਹ ਰੋਸਾ ਕਰਦਾ, 'ਏਨੂੰ ਵੱਢ ਕੇ ਪਰੇ ਜੂੜ ਵੱਢੋ, ਕਾਈ ਹੁਰ ਨਿੰਮ ਬਰਕੈਣ ਲੌਂਦੇ ਆ ਬੇਬੇ'।

ਮੰਜੇ ਤੇ ਬੈਠਾ ਕੇ, ਪੈਰ ਨੂੰ ਥੁੱਕ ਨਾਲ ਸਾਫ ਕਰਕੇ, ਕੰਢਾ ਭਾਲ ਕੇ ਕੱਢਦੀ ਹੋਈ ਨਸੀਬੋ ਹੱਲਾਸ਼ੇਰੀ ਦਿੰਦੀ, 'ਆਹ ਕੰਢੇ ਤੇ ਠੇਡੇ ਬੰਦੇ ਨੂੰ ਚੱਜ ਨਾਲ ਤੁਰਨ ਦਾ ਵੱਲ ਸਖੌਂਦੇ ਐ ਡੱਡੀਏ' ਫੇਰ ਪੀੜ੍ਹ ਤੋਂ ਚਿੱਤ ਪਾਸੇ ਕਰਨ ਲਈ ਕਥਾ ਛੋੜ ਦਿੰਦੀ, 'ਕੇਰਾਂ ਨਾ ਭਾਈ ਬੰਦਾ ਸੀਗਾ, ਰੱਬ ਦਾ ਬਾਹਲਾ ਭਗਤ, ਓਦੇ ਮੁੰਡੇ ਨੂੰ ਜਾ ਵੱਢੀ- ਦਾ ਐਸਾ ਰੋਗ ਚਿੰਬੜ ਗਿਆ, ਬਈ ਵੈਦ-ਹਕੀਮ ਵੀ ਹੱਥ ਖੜੇ ਕਰ-ਗੇ, ਆਂਹਦੇ 'ਬੀ ਜੇ ਕਾਈ ਦਿਨ ਦੇ ਛਿਪਣ ਤੋਂ ਪਹਿਲਾਂ ਫਲਾਣੀ ਖੂਹੀ ਤੋਂ ਪਾਣੀ ਲਿਆ ਕੇ, ਏਹਦੇ ਮੂੰਹ ਚ ਪਾ-ਦੋ, ਫੇਰ ਤਾਂ ਬਚਜੂ, ਨਈਂ ਤਾਂ ਭਾਈ ਔਖੇ-ਸੌਖੇ ਹੋ ਕੇ ਰੱਬ ਦਾ ਭਾਣਾ ਮੰਨੋ..'।

'ਫੇਰ!' ਬਲੌਰੇ ਨੇ ਪੀੜ੍ਹ ਜਰਨ ਲਈ ਦੰਦਾਂ ਥੱਲੇ ਜੀਭ ਨੱਪ ਲਈ ਤੇ ਦੋਵੇਂ ਹੱਥਾਂ ਨਾਲ ਗਿੱਟਾ ਘੁੱਟ ਕੇ ਫੜ੍ਹ ਲਿਆ।

'ਉਹ ਬੰਦਾ ਭਾਈ ਘਰੋਂ ਪਾਣੀ ਲੈਣ ਤੁਰ ਪਿਆ, ਓਨੇ ਫਲਾਣੀ ਖੂਹੀ ਤੋਂ ਪਾਣੀ ਦੀ ਮਸ਼ਕ ਭਰ-ਲੀ, ਤੇ ਆਉਣ ਲੱਗੇ ਨੂੰ ਤਾਂ ਭਾਈ ਐਸੀ ਚੌਂਧੀ ਲੱਗੀ ਕਿ ਰਾਹ ਈ ਔਟਲ ਗਿਆ, ਏਸ ਬੰਦੇ ਨੂੰ ਸਿੱਧ ਰਾਹੇ ਪਾਉਣ ਲਈ ਰੱਬ ਉਹਦੇ ਪੈਰ ਚ ਕੰਡਾ ਬਣ ਕੇ ਖੁੱਬ ਗਿਆ, ਡੱਡੀਏ...'।

60 / 106
Previous
Next