

ਤਾਕ ਵਿੱਚ ਰਹਿੰਦੇ ਸੀ। ਤੇ ਫੇਰ ਅੱਖਾਂ ਬੰਦ ਕਰੀਆਂ ਤਾਂ ਉਹਨੂੰ ਸਭ ਤੋਂ ਪਹਿਲਾਂ ਗੇਲੋ ਮਹਿਰੀ ਯਾਦ ਆਈ, ਜੋ ਨਸੀਬੋ ਦੇ ਮੌਰਾਂ ਵਿੱਚ ਨਿਕਲੀ ਫਿਨਸੀ ਤੇ ਰਸੌਤਾਂ ਲਾਉਂਦੀ ਸੀ। ਇਉਂ ਸਭ ਦਾ ਧਿਆਨ ਰੱਖ ਕੇ ਬੋਲਿਆ, 'ਚਾਚਾ ਆਹ ਬੰਦੇ ਤਾਂ ਜਿਉਂਦੇ ਜੀਅ ਕਦੇ ਧੇਲੇ ਦੇ ਕੰਮ ਨੀ ਆਏ, ਮਰ ਕੇ ਤਾਂ ਫੇਰ ਮੂੰਹ ਚ ਖਿੱਲ੍ਹਾਂ ਕੀ ਪਾਉਣਗੇ' ਤੇ ਫੇਰ ਦੂਜੇ ਸਿਵੇ ਵੱਲ ਵੇਖਦਾ ਬੋਲਿਆ, 'ਤੇ ਆਹ ਕੰਮੀ-ਕਮੀਣ ਤਾਂ ਮੋਡੇ ਨਾ ਮੋਡਾ ਜੋੜ ਕੇ ਚੰਮ ਜੋਤਦੇ ਮਰੇ ਐ, ਖਰੇ ਕਿਤੇ ਹੁਣ ਵੀ ਬੇਬੇ ਦਾ ਆਖਾ ਮੰਨ ਕੇ ਪਾਣੀ ਦੀ ਚੂਲ੍ਹੀ ਫੜ੍ਹਾ ਦੇਣ ਬਾਬੇ ਆਸੇ ਦਾ ਹੱਥ ਨੱਥ ਨੂੰ ਛੱਡ ਕੇ ਫੇਰ ਖੂੰਡੇ ਤੇ ਟਿਕ ਗਿਆ ਤੇ ਉਹ ਦੋ ਪੈਰ ਪਿੱਛੇ ਹੋ ਕੇ ਰਾਹ ਪੈ ਗਿਆ। ਬਲਦ ਵੀ ਆਪੇ ਹੀ ਚਲ ਪਿਆ। ਲੋਕਾਂ ਨੇ, ਜੋ ਕੰਮੀ-ਕਮੀਣ ਸੀ, ਉਨ੍ਹਾਂ ਨੇ ਤਾਂ ਪੂਰੀ ਹੈਰਾਨੀ ਮੰਨੀ, ਪਰ ਜਿੰਮੀਦਾਰਾਂ ਨੇ ਇਹਦਾ ਬਹੁਤ ਬੁਰਾ ਮਨਾਇਆ, ਚਾਹੇ ਕੋਈ ਮੌਕੇ ਤੇ ਨਹੀਂ ਸੀ ਕੁਸਕਿਆ।
ਦੋਵਾਂ ਨੇ ਮਿਲ ਕੇ ਹੀ ਲਾਸ਼ ਨੂੰ ਚਿਖਾ ਤੇ ਰੱਖਿਆ ਤਾਂ ਚਿੱਤ ਥੋੜ੍ਹਾ ਜਿਹਾ ਆਉਖਾ ਹੋ ਗਿਆ। ਢਿੱਡ ਦੀ ਪੀੜ੍ਹ ਉੱਠੀ, ਪਰ ਉਹਨੇ ਪਰਵਾਹ ਨਹੀਂ ਕੀਤੀ। ਸਾਫਾ ਸਿਰ ਤੋਂ ਲਾਹ ਕੇ ਗੰਢ ਮਾਰ ਕੇ, ਧੁੰਨੀ ਤੇ ਕਰਕੇ ਘੁੱਟ ਕੇ ਬੰਨ੍ਹ ਲਿਆ ਤੇ ਅੱਗੇ ਹੋ ਕੇ ਲੱਕੜਾਂ ਚਿਣਨ ਲੱਗ ਪਿਆ। ਕਿਸੇ ਤੀਵੀਂ ਨੇ ਜਾਂਦੀ ਵਾਰ ਦੀ ਮਾਨਸ ਵਡਿਆਈ ਕਰਨ ਦੀ ਰਸਮ ਅਦਾ ਕੀਤੀ, 'ਚੰਗਾ ਵਾਜਾ ਵਜਾ-ਗੀ, ਭਾਗਾਂ ਆਲੀ ਨੂੰ ਸੁਰਗਾਂ ਚ ਢੋਈ ਦੇਵੇ ਰੱਬ..'।
'ਮੈਨੂੰ ਤਾਂ ਏਹਦੇ ਭਾਗ ਨਈਂ ਦਿਸੇ, ਜੰਮਣ ਤੋਂ ਲੈ ਕੇ ਹੁਣ ਤੀਕ ਨਾਲੇ ਰਿਹਾਂ, ਨੌਂ ਮਹੀਨੇ ਢਿੱਡ ਚ ਵੀ ਕੱਟੇ ਐ' ਗੁੱਸਾ ਖਾ ਕੇ ਡੰਮਰੂ ਵਾਂਗ ਸਿਰ ਫੇਰਿਆ ਨਾਂਹ ਵਿੱਚ, 'ਆਵਦੇ ਘਰੇ ਤਾਂ ਉਹਨੇ ਕੋਈ ਸੌਖਿਆਈ ਨੀ ਕੱਟਣ ਦਿੱਤੀ, ਸੁਰਗਾਂ ਚ ਭੜੋਲੇ ਕਿੱਥੋਂ ਛੱਤਦੂ' ਵਗਦੀ ਤੇਜ਼ ਹਵਾ ਨਾਲ ਉਹਦਾ ਚਾਦਰਾ ਪੱਟਾਂ ਤੱਕ ਉੱਡਿਆ। ਭੀੜ ਵਿੱਚ ਖੜ੍ਹੇ ਬਚਨ ਨੇ ਨੀਵੀਂ ਨਹੀਂ ਉੱਤੇ ਚੱਕੀ, ਸਗੋਂ ਅੱਗੇ ਖੜ੍ਹੇ ਬਾਬੇ ਆਸੇ ਦੇ ਪਿੱਛੇ ਲੁਕ ਕੇ, ਧੌਣ ਟੇਢੀ ਕਰਕੇ ਸੱਜੀ ਕੱਛ ਕੋਲ ਦੀ ਵੇਖਣ ਲੱਗਿਆ। ਬਲੌਰੇ ਨੇ ਹਰਖ਼ ਚ ਰੱਤੀਆਂ ਅੱਖਾਂ ਨਾਲ ਸਾਰਿਆਂ ਨੂੰ ਘੂਰ ਕੇ ਕਿਹਾ, 'ਏਹ ਮੇਰੀ ਬੇਬੇ ਐ ਮੇਰੀ ਹਿੱਕ ਥਾਪੜ ਗਿਆ, 'ਏਨੂੰ ਚਾਹੇ ਮੈਂ ਫੂਕਾਂ ਚਾਹੇ ਵਾਹਣ ਚ ਘੜੀਸਾਂ, ਥੋਨੂੰ ਏਹਦੇ ਨਾਲ ਕਾਈ ਮਤਲਵ ਨੀ, ਗੋਢਾ ਨਿਵੌਣ ਆਏ ਆਂ ਠੀਕ ਐ, ਖੇਖਣ ਕਰੇ ਤਾਂ ਉਲਟਾ ਗੋਡੇ ਤੜਵਾਲੋਂਗੇ।'
ਦੀਸਾਂ ਨੇ ਅੱਗੇ ਵੱਧ ਕੇ ਚਿਖਾ ਨੂੰ ਲਾਂਬੂ ਲਾ ਦਿੱਤਾ।
ਦੋਵੇਂ ਹੱਥ ਜੋੜ ਕੇ ਬਲੌਰੇ ਨੇ ਸਿਰ ਤੋਂ ਉੱਤੇ ਚੱਕ ਕੇ, ਪੁੱਠਾ ਹੱਥ ਮਾਰਦੇ ਹੋਇਆਂ ਕਿਹਾ, 'ਬੌਤ ਅਫਸੋਸ ਹੋ ਗਿਆ ਜੀ, ਹੁਣ ਵੱਟ- ਜੋ ਛੂਟ ਏਥੋਂ"।
ਕੱਲ੍ਹ ਸ਼ਾਮ ਨੂੰ ਕਾਕੜੇ ਪੈਣ ਕਰਕੇ ਪੂਰੇ ਠੰਢ ਸੀ। ਬੇ-ਮੌਸਮੀ ਠੰਢੀ ਹਵਾ ਦੇ ਝੋਕੇ ਨਾਲ ਉਹ ਥੋੜ੍ਹਾ ਠਰ ਕੇ ਕੰਬ ਗਿਆ। ਅੱਧੀ ਰਾਤ ਨੂੰ ਤਾਪ ਵੀ ਚੜ੍ਹ ਗਿਆ ਸੀ । ਪਾਲ਼ਾ ਲੱਗਣ ਕਰਕੇ ਬਲੌਰਾ ਅੱਗੇ ਹੋ ਕੇ ਸਿਵੇ ਦੀ ਅੱਗ ਸੇਕਣ ਲੱਗ ਪਿਆ