

ਤਾਂ ਉਹਨੂੰ ਨਿੱਘੀ ਰਜਾਈ ਜਿਹਾ ਨਿੱਘ ਆਇਆ। ਫੇਰ ਪਤਾ ਨਹੀਂ ਚਿੱਤ ਵਿੱਚ ਕੀ ਆਈ, 'ਓਏ ਥੋਡੀ ਨੂੰ!' ਤੇ ਲਾਂਗੜ ਕੱਢ ਕੇ ਸਿਵੇ ਵਿੱਚੋਂ ਭੱਜ ਗਿਆ।
'ਹਿੱਲ ਗਿਆ' ਬਚਨੇ ਨੇ ਨਾਲ ਖੜੇ ਅੰਗਰੇਜ਼ ਦੇ ਕੰਨ ਵਿੱਚ ਫੂਕ ਮਾਰੀ।
'ਲੱਛਣਾਂ ਤੋਂ ਏਹੀ ਲੱਗਦੈ ਮੂੰਹ ਢਿੱਲਾ ਕਰਕੇ ਮੋੜ ਦਿੱਤਾ, 'ਆਪਾਂ ਵੀ ਏਥੋਂ ਟਿੱਬ ਈ ਚੱਲੀਏ ਬਚ ਕੇ, ਕਿਤੇ ਭੂਸਰਿਆ ਵਿਆ ਆਪਾਂ ਨੂੰ ਢੁੱਡ ਲੈ ਕੇ ਸਿੱਧਾ ਹੋ-ਜੇ'।
ਘਰ ਤੱਕ ਬਲੌਰਾ ਇੱਕੇ ਸਾਹ ਭੱਜਦਾ ਹੋਇਆ ਆ ਗਿਆ। ਠੇਡਾ ਖਾਣ ਨਾਲ ਪੈਰ ਦੇ ਅੰਗੂਠੇ ਦਾ ਨਹੁੰ ਉੱਚੜ ਕੇ ਪੱਟਿਆ ਗਿਆ । ਸੰਦੂਕ ਵਾਲੇ ਅੰਦਰ ਵੜ੍ਹ ਗਿਆ। ਕੁੰਡੇ ਨਾਲ ਲਮਕ ਰਿਹਾ ਜਿੰਦਰਾ ਵੇਖ ਕੇ, ਮੱਥੇ ਤੇ ਹੱਥ ਮਾਰ ਕੇ ਬਹਿ ਗਿਆ, 'ਕੁੰਜੀ ਤਾਂ ਭੈਣ ਦੇਣੇ ਦੀ’ ਸਾਹ ਲੈਣ ਲਈ ਗੋਡਿਆਂ ਤੇ ਹੱਥ ਰੱਖ ਲਏ, 'ਬੇਬੇ ਦੇ ਨਾਲੇ ਨਾਲ ਹੀ ਬੱਧੀ ਰਹਿਗੀ'।
ਦਮ ਮਾਰ ਕੇ ਬਾਹਰ ਆ ਗਿਆ ਤਾਂ ਹੱਥ ਦੀ ਠਿੱਬੀ ਨਾਲ ਕੰਧੌਲੀ ਦੀ ਬੁਰਜੀ ਤੋਂ ਉੱਖੜੀ ਇੱਟ ਪੁੱਟ ਲਈ, ਜਿੰਦਰਾ ਭੰਨ੍ਹਣ ਲਈ ਤਾਂ ਇੰਨੇ ਉਹ ਦੀ ਅੱਖ ਛੱਤੜੇ ਚ ਬੈਠੇ ਅਜੈਬ ਤੇ ਪਈ, ਜੋ ਮਗਨ ਹੋ ਕੇ ਬੀੜ੍ਹੀ ਪੀਵੀ ਜਾਂਦਾ ਸੀ ।
ਧੂੰਏਂ ਦੀ ਲਕੀਰ ਉੱਤੇ ਨੂੰ ਜਾਂਦੀ ਸੀ ਤੇ ਉਹਨੇ ਰੇਤੇ ਦੀ ਮੁੱਠੀ ਭਰ ਕੇ ਧੂੰਏਂ ਦੀ ਸੇਧ ਵਿੱਚ ਉਡਾ ਦਿੱਤੀ। ਉਹ ਦੀਆਂ ਬਿੱਲੀਆਂ ਅੱਖਾਂ ਦੇ ਨੀਲੇ ਅਕਾਸ਼ ਵਿੱਚ ਰੱਤੀ ਭਾਅ ਪਹੁ-ਫੁਟਾਲੇ ਦੀ ਲਾਲੀ ਨਾਲ ਮੇਲ ਖਾਂਦੀ ਸੀ। ਉਹਦੇ ਚਿਹਰੇ ਦੇ ਇਸ ਜਲੌਅ ਨੂੰ ਵੇਖ ਕੇ ਵਿਹੜੇ ਵਿੱਚ ਫਿਰਦੀ ਬੱਕਰੀ ਵੀ ਨਸ਼ਿਆ ਗਈ ਤੇ ਛੜੱਪੇ ਮਾਰ ਕੇ ਨੱਚਣ ਲੱਗ ਪਈ। ਗੋਢਣੀ ਟੇਕ ਕੇ ਬੱਕਰੀ ਨੂੰ ਆਪਣੇ ਗਲ ਨਾਲ ਲਾ ਕੇ ਆਖਿਆ, 'ਲੋਕ ਮੇਰੀ ਬੇਬੇ ਨੂੰ ਰੱਬ ਹੋਣ ਦੀ ਗਾਲ੍ਹ ਕੱਢ ਦੇ ਐ, ਮੈਥੋਂ ਜਾਣੀ ਜਰਿਆ ਨੀ ਜਾਂਦਾ' ਤੇ ਫੇਰ ਬਚਨ ਕੀ ਕਿੱਕਰ ਦੀ ਛਾਂ ਵਿੱਚ ਦੀ ਅਕਾਸ਼ ਵੱਲ ਵੇਖ ਕੇ ਪੱਟ ਤੇ ਥਾਪੀ ਮਾਰੀ, 'ਲਾ-ਲਾ ਜਿੰਨੀ ਵਾਹ ਤੈਥੋਂ ਲੱਗਦੀ ਐ, ਮੰਵੀ ਵੇਖਾਂ ਕਿੰਨਾ ਕੁ ਤੰਤ ਐ ਤੇਰੇ ਝੁੱਗੇ ਚ' ਫੇਰ ਅੱਖਾਂ ਨੂੰ ਸਿਕੋੜ ਕੇ ਨਿੱਕਾ ਕਰ ਲਿਆ, 'ਤੈਥੋਂ ਵਾਲ ਨੀ ਵਿੰਗਾ ਹੋਣਾ, ਏਦੂੰ ਬਾਹਲਾ ਕੀ ਐ ਮਾਰ ਦੇਵੇਂਗਾ, ਪਰ ਚੇਤੇ ਰੱਖੀਂ ਈਨ ਤੈਨੂੰ ਮੇਰੀਉ ਮੰਨਣੀ ਪੈਣੀ ਐ' ਉਹਦੇ ਸਾਹ ਲੈਣ ਦੀ ਸ਼ੂਕਰ ਬੱਕਰੀ ਦੇ ਸਾਹਾਂ ਨਾਲੋਂ ਉੱਚੀ ਹੋ ਗਈ।
ਬਲੌਰੇ ਨੇ ਮੰਜੇ ਦੇ ਸੇਰੂ ਤੇ ਚੜ੍ਹ ਕੇ, ਲੰਬੀ ਬਾਂਹ ਕਰਕੇ ਸੰਦੂਕ ਦੀ ਛੱਤ ਤੇ ਪਿਆ ਕਾਪਾ ਚੱਕ ਲਿਆ, ਜੋ ਉਸ ਦਿਨ ਘੀਚਰ ਮੰਜ ਤੇ ਰੱਖ ਗਿਆ ਸੀ। ਸੀਨਾ ਅੰਦਰ ਪਈ ਗੁੱਝੀ ਸ਼ਕਤੀ ਨਾਲ ਤਣਿਆ ਗਿਆ । ਲੋਹੇ ਲੋਹੇ ਦਾ ਫ਼ਰਕ ਹੁੰਦਾ। ਉਹ ਹੱਥ ਵਿੱਚ ਲੋਹੇ ਦੀ ਤੰਗਲੀ ਵੀ ਫੜ੍ਹਦਾ ਹੁੰਦਾ ਸੀ ਤੇ ਦਾਤਰੀ ਵੀ। ਪਰ ਕਦੇ ਇਉਂ ਨਹੀਂ ਸੀ ਜਾਪਿਆ, ਜਿਵੇਂ ਅੱਜ ਆਹ ਕਾਪਾ ਫੜ੍ਹ ਕੇ ਹੋਇਆ ਸੀ।
ਤਿੱਖੀ ਧਾਰ ਤੇ ਉਂਗਲ ਨੂੰ ਜੀਭ ਨਾਲ ਛੁਹਾ ਕੇ ਫੇਰਿਆ ਤਾਂ ਚੀਰ ਫਿਰ ਗਿਆ। ਮੂੰਹ ਵਿੱਚ ਸਿੰਮਦੇ ਲਹੂ ਨੂੰ ਚੂਸਿਆ ਤੇ ਬੋਲਿਆ, 'ਥਿਆਰਾਂ ਦੀ ਜੰਗਾਲ