Back ArrowLogo
Info
Profile

ਉਹ ਲੰਘਿਆ।

ਨਰਮੇ ਦੇ ਬੂਟੇ ਉਹਦੇ ਨਾਲ ਖਹਿੰਦੇ ਤਾਂ ਉਹਨਾਂ ਦੀ ਫੁੱਲ-ਗੱਡੀ ਝੜ੍ਹਦੀ। ਕਿਸੇ ਬਾਲ੍ਹੇ ਅੱਖੜ੍ਹ ਤੇ ਅੜੀਅਲ ਬੂਟੇ ਤੇ ਕਾਪਾ ਮਾਰ ਕੇ ਵੱਢ ਵੀ ਦਿੰਦਾ। ਸਾਰੇ ਸਰੀਰ ਦਾ ਲਹੂ ਨਾੜ੍ਹਾਂ ਵਿੱਚੋਂ ਕੱਠਾ ਹੋ ਕੇ ਬਾਹੀ ਵਿੱਚ ਆ ਗਿਆ।

'ਪਰ ਖੌਰੇ ਪਰਾਰ.. ਖਣੀ ਪਰ ਪਰਾਰ... ਜਾਣੀ ਓਸ ਵਰ੍ਹੇ ਕਣਕ ਏਨੀ ਜੰਮ ਕੇ ਹੋਈ, ਮੂੰਹੋਂ ਬੋਲ ਕੇ ਆਂਹਦੀ ਸੀ ਬਈ, ਬੰਦਾ ਮਾਰਦੇ ਜੱਟਾ, ਬੰਦਾ, ਮੈਂ ਹੈਗੀ ਆਂ ਨਾ, ਕੱਢ ਲੈ ਰੜ੍ਹਕ ਜੇੜ੍ਹੀ ਕੱਢਣੀ ਐ" ਛਾਤੀ ਨੂੰ ਹੱਥ ਨਾਲ ਠੋਕਰ ਕੇ ਅੰਗਰੇਜ਼ ਨੇ ਹਾਮੀ ਭਰੀ, 'ਛਾਂ ਨੀ ਮਿੱਧਣ ਦਿੰਦੀ, ਪਹੈਲੀ ਪੇਸ਼ੀ ਈ ਛੁਡਾ ਲੂੰਗੀ, ਵੇਖਦਾ ਕੀ ਐਂ" ਉਹਨੇ ਜਵੀਂ ਦੀ ਵੱਟ ਤੇ ਖੜ੍ਹ ਕੇ ਮੁੱਛ ਨੂੰ ਤਾਅ ਦਿੰਦੇ ਹੋਇਆਂ, ਬਲੌਰੇ ਦੀ ਥਾਂਏ ਅੱਜ ਨਵੇਂ ਲਿਆਂਦੇ ਕਾਮੇ ਜੂਪ ਨੂੰ ਗੱਲ ਸੁਣਾਈ।

ਉਹਨਾਂ ਦੀ ਸਾਂਝੀ ਵੱਟ ਤੋਂ ਲੰਘਦਾ ਬਲੌਰਾ ਇਹ ਸੁਣ ਕੇ ਖੜ੍ਹ ਗਿਆ ਤੇ ਬੋਲਿਆ, 'ਕਾਹਤੋਂ ਐਵੇਂ ਗੱਪ ਰੋੜੀ ਜਾਨੈ, ਏਨ੍ਹਾਂ ਫਸਲਾਂ ਦੀ, ਫੁੱਲਾਂ ਦੀ ਗੱਲ ਸੁਣਨ ਦੀ ਤੇਰੀ ਔਕਾਤ ਹੈ-ਨੀ' ਇਹ ਸੁਣ ਕੇ ਅੰਗਰੇਜ਼ ਥੋੜ੍ਹਾ ਜਿਹਾ ਕੱਬਾ ਝਾਕਿਆ ਤੇ ਫੇਰ ਉਹਦੇ ਹੱਥ ਵਿੱਚ ਫੜ੍ਹੇ ਤਰੇਲ ਨਾਲ ਭਿੱਜ ਕੇ, ਚਿਉਂ ਰਹੇ ਕਾਪੇ ਵੱਲ ਵੇਖ ਕੇ ਢੈਲਾ ਪੈ ਗਿਆ, 'ਜੇੜ੍ਹੀ ਕਣਕ ਸਵ ਜੀਆਂ-ਜੰਤਾਂ, ਦੁਨੀਆ ਦਾ ਢਿੱਡ ਭਰਦੀ ਹੋਵੇ ਨਾ, ਉਹ ਐਂ ਨੀ ਆਖ ਸਕਦੀ, ਬਈ ਜਾ ਕੇ ਬੰਦਾ ਮਾਰਦੇ'।

ਜੂਪ ਵੀ ਉਹਨਾਂ ਦੀ ਹੋਈ ਤੜੈਂ ਵੇਖ ਕੇ ਪੱਠੇ ਵੱਢਦਾ ਹੋਇਆ ਟੱਕ ਵਿੱਚੋਂ ਖੜ੍ਹਾ ਹੋ ਗਿਆ।

'ਉਹ ਤਾਂ ਭੋਲਿਆ-ਭੁੱਖਿਆਂ ਦੇ ਢਿੱਡ ਚ ਪੈਣ ਲਈ ਤੜਫੂ, ਬੰਦੇ ਦੇ ਢਿੱਡ ਚ ਬਲਦੀ ਅੱਗ ਨੂੰ ਆਵਦਾ ਵਾਰ ਕੇ ਬਜੋਂਦੀ ਐ, ਕਿਤੇ ਏਹ ਢਿੱਡੋਂ ਨਿਕਲ ਕੇ ਘਰਾਂ ਨੂੰ ਨਾ ਲੱਗਜੇ' ਫੇਰ ਜੂਪ ਵੱਲ ਸੈਨਤ ਮਾਰ ਕੇ ਪੁੱਛਿਆ, 'ਕਿਉਂ ਬਈ ਜੂਪ ਸਿਆਂ ਬਾਈ ਤੇਰੀ ਮੱਤ ਕੀ ਆਂਹਦੀ ਐ ?'

ਦਾਤਰੀ ਨੂੰ ਸੱਥਰੀ ਤੇ ਸੁੱਟ ਕੇ, ਹੱਕ ਪਾਉਂਦਾ ਬੋਲਿਆ, 'ਹੁਣ ਤਾਂ ਬਾਈ ਜੋ ਕੁਛ ਤੂੰ ਆਹਨਾਂ ਉਹੀ ਸੱਚ ਐ ਰੱਬ ਵੀ ਝੂਠਾ ਜਾਣ' ਗੁੱਜੇ ਡਰ ਨਾਲ ਹੱਸਣ ਦੀ ਕੋਸ਼ਿਸ਼ ਕੀਤੀ। ਉਹਦੇ ਅੰਦਰ ਮਾਣ ਹੋਇਆ, ਅੱਜ ਤੱਕ ਕਿੰਨੇ ਘਰਾਂ ਨਾਲ ਉਹਨੇ ਸੀਰ ਕੱਟੇ ਸੀ, ਪਰ ਕਿਸੇ ਨੇ ਵੀ ਏਨੇ ਮੋਹ ਨਾਲ 'ਬਾਈ ਜੂਪ ਸਿਆਂ' ਨਹੀਂ ਸੀ ਆਖਿਆ 'ਓਏ ਜੂਪੀ ਓਏ' ਈ ਸੱਦਦੇ ਸੀ।

ਅੰਗਰੇਜ਼ ਨੇ ਵੀ ਤਜ਼ਰਬੇ ਨਾਲ ਭਾਂਪ ਲਿਆ, ਹੁਣ ਬਲੌਰਾ ਕਿਸੇ ਵੀ ਜੁਗਤ ਨਾਲ ਮੇਰੇ ਦਾਬੇ ਥੱਲੇ ਕੰਨਾ ਨਹੀਂ ਦਿੰਦਾ। ਜੇ ਅੱਗੋਂ ਇਕ ਵਾਰ ਅਲਕ ਵਹਿੜਕੇ ਵਾਂਗ ਢੁੱਡ ਲੈ ਕੇ ਬੋਲ ਪਿਆ, ਫੇਰ ਨਹੀਂ ਡੁੱਕਣਾ। ਉਹ ਐਵੇਂ ਹੀ ਵਹਿੜਕੇ ਨੂੰ ਲਲਕਰ ਕੇ, 'ਓਏ ਖੜੋ-ਜਾ' ਪੱਠਿਆਂ ਦੀ ਸੱਥਰੀ ਚੱਕ ਕੇ, ਗੱਡੀ ਦੇ ਨਾਲ ਬੰਨੇ ਵਹਿੜਕੇ ਨੂੰ ਪਾਉਣ ਲਈ ਤੁਰ ਪਿਆ। ਪਰ ਵਹਿੜਕੇ ਨੇ ਉਹਦੀ ਪਾਈ ਸੱਥਰੀ ਨੂੰ ਸਿੰਗ ਨਾਲ ਤੀਲਾ-ਤੀਲਾ ਕਰਕੇ ਖਿਲ੍ਹਾਰ ਦਿੱਤਾ।

68 / 106
Previous
Next