

ਬਲੌਰਾ ਉਵੇਂ ਈ ਤਰੇਸ ਨਾਲ ਭਿੱਜੇ ਜਵੀਂ ਦੇ ਪੱਤਿਆਂ ਤੇ ਕਾਪੇ ਦੀ ਧਾਰ ਨੂੰ ਫੇਰਦਾ ਹੋਇਆ ਅੱਗੇ ਤੁਰ ਪਿਆ। ਤੇ ਪਾਪੂਲਰਾਂ ਦੀ ਸੰਘਣੀ ਵਾੜ ਲੰਘ ਕੇ, ਅੱਗੇ ਜਾ ਕੇ ਤੂਤ ਦੀ ਛਾਂਵੇਂ ਬਹਿ ਗਿਆ। ਘੀਚਰ ਵੀ ਸਪਰੇ ਵਾਲੀ ਡਰੰਮੀ ਮੋਢਿਆਂ ਤੋਂ ਲਾਹ ਕੇ ਉਹਦੇ ਕੋਲ ਆ ਕੇ ਖੜ੍ਹ ਗਿਆ। ਸਪਰੇ ਕਰਨ ਲਈ ਗੱਟੇ ਦਾ ਬਣਾਇਆ ਕੁੜ੍ਹਤਾ ਲਾਹ ਕੇ ਪਾਸੇ ਵੱਟ ਤੇ ਰੱਖ ਦਿੱਤਾ। ਪਾਣੀ ਦਾ ਗਲਾਸ ਕੋਲ ਵਗਦੀ ਖਾਲ ਵਿੱਚੋਂ ਭਰ ਕੇ ਫੜਾਉਂਦੇ ਨੇ ਪੁੱਛਿਆ, 'ਬਾਈ ਏਧਰ ਕਵੇਂ ਚਾਲੇ ਪਾਏ'।
'ਜ਼ੋਰ ਤਾਂ ਮੇਰੇ ਚ ਏਨਾ, ਜੇ ਪਾਣੀ ਨੂੰ ਘੂਰਦਿਆਂ, ਓਨੂੰ ਵੀ ਕਿਹੜਾ ਮੁੜ੍ਹਕਾ ਨਾ ਲਿਆ ਦਿਆਂ' ਸਟੀਲ ਦੇ ਗਲਾਸ ਨੂੰ ਜ਼ੋਰ ਨਾਲ ਘੁੱਟਿਆ, ਪਾਣੀ ਬਾਹਰ ਨੂੰ ਡੁੱਲ ਗਿਆ ਤੇ ਗਲਾਸ ਥੋੜ੍ਹਾ ਜਿਹਾ ਚਿੱਬਾ ਹੋ ਗਿਆ। ਫੇਰ ਦੋਵੇਂ ਤਲੀਆਂ ਚ ਗਲਾਸ ਨੂੰ ਦੂਜੇ ਲੋਟ ਘੁੱਟ ਕੇ ਸਿੱਧਾ ਕਰ ਲਿਆ ਤੇ ਬਚਿਆ ਪਾਣੀ ਡੀਕ ਲਾ ਕੇ ਪੀ ਲਿਆ।
ਘੀਚਰ ਨੇ ਮੰਜੇ ਦੇ ਪਾਵੇ ਕੋਲ ਆਪਣੇ ਗੋਢੇ ਟੇਕ ਕੇ, ਧੌਣ ਉਹਦੇ ਅੱਗੇ ਰੱਖ ਦਿੱਤੀ, 'ਤੇਰੇ ਜ਼ੋਰ ਨੂੰ ਮੈਂ ਤਾਂ ਮੰਨਾਂ, ਜੇ ਇੱਕੇ ਟੱਕ ਨਾਲ ਮੇਰੀ ਧੌਣ ਲਾਹ ਕੇ ਔਹ ਪਰ੍ਹੇ ਮਾਰੇਂ, ਬਾਹਾਂ ਦੀ ਪੁੱਠੀ ਬੁੱਕਲ ਮਾਰ ਕੇ ਅੱਖਾਂ ਬੰਦ ਕਰ ਲਈਆਂ, ਜੇ ਸਿਰ ਵੱਢਿਆ ਜਾਵੇ ਤਾਂ ਉਹ ਦੋ ਪੈਰਾਂ ਵਿੱਚ ਆ ਡਿੱਗੇ।
ਬਲੌਰੇ ਨੇ ਕਾਪੇ ਦੀ ਧਾਰ ਗਿੱਚੀ ਤੇ ਹੌਲੀ-ਹੌਲੀ ਫੇਰੀ ਤਾਂ ਲਾਲ ਲਕੀਰ ਜਿਹੀ ਵਾਹੀ ਗਈ, 'ਚਾਹ ਦੀ ਬਣਾ ਘੁੱਟ ਕੇਰਾਂ ਡੱਕਵੀਂ ਜੀ, ਥਿਆਰ ਨੂੰ ਆਵਦੇ ਕੋਲੋਂ ਦੂਰ ਈ ਰੱਖੀਏ, ਜਿੰਨੇ ਜਿਵੇਂ ਥਿਆਰ ਤਿੱਖੇ ਹੋਏ ਜਾਂਦੇ ਐ, ਓਨੀ ਬੰਦੇ ਕੁੱਤੇ ਹੋਈ ਜਾਂਦੇ ਐ' ਕਾਪਾ ਮੋਢੇ ਤੇ ਤਾਣ ਕੇ ਰੱਖ ਲਿਆ।
ਘੀਚਰ ਨੇ ਨਰਮੇ ਦੀ ਵੱਟ ਵਿੱਚ ਕੌਲੀ ਦੇ ਕੰਢੇ ਨਾਲ ਖੁਰਚ ਕੇ ਟੋਆ ਪੱਟ ਕੇ ਲਿਆ। ਕੱਚ ਮਿੱਟੀ ਦੇ ਤਲੇ ਰੱਖ ਕੇ ਆਰਜ਼ੀ ਚੁੱਲ੍ਹਾ ਬਣਾ ਲਿਆ। ਝੋਕਾ ਲਾ ਕੇ, ਫੂਕਾਂ ਮਾਰ ਕੇ ਮਚਾਉਂਦੇ ਘੀਚਰ ਨੂੰ ਫੇਰ ਥੋੜ੍ਹੀ ਜਿਹੀ ਧੌਂਸ ਨਾਲ ਪੁੱਛਿਆ, 'ਦੀਸਾਂ ਨਾਲ ਵਿਆਹ ਕਰੌਣ ਚ ਜੇਰਾ ਰੱਖਦੈਂ, ਹੈ-ਗੀ ਆ ਨਵੀ ਤਾਂ ਬੋਲਦੇ ਪਤੰਦਰਾਂ ਕਾਪੇ ਦੀ ਚੁੰਜ ਨਾਲ ਮਿੱਟੀ ਦੀ ਰੋੜ੍ਹੀ ਪੱਟ ਕੇ ਜ਼ੋਰ ਦੀ ਸਿਨ੍ਹ ਕੇ ਉਹਦੇ ਕੰਨ ਦੀ ਜੜ੍ਹ ਚ ਮਾਰੀ, 'ਬੋਲਦਾ ਨ੍ਹੀ ਕੇ ਸੰਗ ਗਿਆ ਹੂੰ..।
ਘੀਚਰ ਨੇ ਨੀਵੀਂ ਪਾਈ ਰੱਖੀ ਇਸ ਵਰ੍ਹੇ ਚਾਚੇ ਨਾਲੋਂ ਅੱਡ ਹੋਣ ਬਾਦ ਆਪਣੇ ਹਿੱਸੇ ਆਈ ਅੱਠ ਕਿੱਲੇ ਪੈਲੀ ਵਿੱਚ, ਲੱਕ ਜਿੱਡੇ ਨਰਮੇ ਦੇ ਟੂਸਿਆਂ ਵੱਲ ਝਾਕਣ ਲੱਗ ਪਿਆ, ਜਿਹਨੂੰ ਗੁਲਾਬੀ ਤੇ ਚਿੱਟੇ ਫੁੱਲ ਲੱਗੇ ਹੋਏ ਸੀ। ਉਹਦੇ ਅੱਗੇ ਕੋਈ ਜੁਆਬ ਨਾ ਮਿਲਣ ਤੇ ਥੋੜ੍ਹੀ ਜਿਹੀ ਤੈਸ਼ ਵਿੱਚ ਆ ਗਿਆ, 'ਬੋਲ..'।
ਸਾਫ਼ੇ ਦੇ ਲੜ੍ਹ ਨਾਲ ਚੁੱਲ੍ਹੇ ਤੋਂ ਪਤੀਲਾ ਲਾਹ ਕੇ ਚਾਹ ਬਾਟੀਆਂ ਵਿੱਚ ਕੱਪੜ-ਛਾਣ ਕਰ ਲਈ ਤੇ ਉਹਦੇ ਵੱਲ ਬਾਟੀ ਧੱਕ ਕੇ ਅੱਗੇ ਕਰਦੇ ਨੇ ਕਿਹਾ, 'ਜੇ ਮਿੱਠਾ ਨਰਮ ਹੋਇਆ ਤਾਂ ਹੋਰ-ਪਾ-ਲੀਂ ਬਾਈ, ਤੱਤੀ ਚਾਹ ਚ ਛੇਤੀ ਖੁਰ ਜੂ, ਨਹੀਂ ਤਾਂ ਮਿੱਠਾ ਖੋਰਦੇ ਤੋਂ ਚਾਹ ਠਰਜੂ..।