

ਬਲੌਰਾ ਬਾਟੀ ਵਿੱਚੋਂ ਚਾਹ ਗਲਾਸ ਵਿਚ ਧਾਰ ਬਣ ਕੇ ਉਧਲਦਾ ਹੋਇਆ, 'ਕਾਹਦਾ ਡਰ ਮੰਨੀ ਖੜ੍ਹਾਂ, ਆਵਦੇ ਚੇਤੇ ਦੀ ਦੱਸ, ਜੇ ਪੂਰ ਨਾ ਚਾੜ੍ਹੀ ਫੇਰ ਪਿਉ ਦਾ ਨਾ ਕਹੀਂ। ਮੁੱਛ ਦਾ ਵਾਲ ਪੱਟ ਕੇ ਉਹਦੀ ਮੁੱਠੀ ਵਿੱਚ ਦੱਬ ਦਿੱਤਾ, 'ਲੈ ਫੇਰ ਮੰਗਲਾ ਅੱਜ ਜੋ ਵਰ ਮੰਗਣਾ, ਜੋ ਰੱਬ ਦੀ ਔਕਾਤ ਚ ਨਹੀਂ ਉਹ ਮੈਂ ਦਿਨਾ... । ਫੂਕ ਮਾਰ ਕੇ ਚੁਸਕੀ ਭਰੀ। ਚੁਸਕੀ ਦੀ ਘਰਰ ਸੁਣ ਕੇ ਕੋਲ ਬੈਠੇ ਕਾਲੇ ਕੁੱਤੇ ਨੇ ਕੰਨ ਉੱਤੇ ਚੱਕ ਲਏ ਤੇ ਫੇਰ ਉਵੇਂ ਹੀ ਮੂੰਹ ਪੂੰਜਿਆਂ ਤੇ ਰੱਖ ਕੇ ਅਰਾਮ ਨਾਲ ਬਹਿ ਗਿਆ।
'ਬਾਈ ਰੋਟੀ ਵੀ ਹੈਗੀ ਐ, ਜੇ ਬੁਰਕੀ ਖਾਣੀ ਐ ਤਾਂ, ਛੱਕ ਲੈ' ਉੱਠ ਕੇ ਤੂਤ ਦੀਆਂ ਛਮਕਾਂ ਨਾਲ ਬੰਨ੍ਹੇ ਰੋਟੀਆਂ ਵਾਲੇ ਪੋਣੇ ਦੀ ਗੰਢ ਖੋਲ੍ਹ ਕੇ, ਵਿੱਚੋਂ ਰੋਟੀ ਕੱਢ ਕੇ, ਅਧਰਕ ਦੀ ਚਟਣੀ ਰੱਖ ਕੇ, ਚਾਪ ਮੱਖਣੀ ਦੀ ਪਾਈ, ਤੇ ਉਹਦੇ ਵੱਲ ਕਰ ਦਿੱਤੀ। ਇਸ ਪੌਣੇ ਵੱਲ ਕੁੱਤਾ ਸਵੇਰ ਦਾ ਵੇਖੀ ਜਾਂਦਾ ਸੀ । ਹੁਣ ਪੌਣਾ ਖੁਲ੍ਹਿਆ ਵੇਖ ਕੇ ਜ਼ੋਰ ਨਾਲ ਪੂਛ ਘੁੰਮਾਈ ਗਿਆ ਤੇ ਮੂੰਹ ਵਿੱਚ 'ਚੂੰ ਚੂੰ..' ਦੀ ਅਵਾਜ਼ ਕੱਢਣ ਲੱਗ ਪਿਆ।
ਗਲਾਸ ਨੂੰ ਦੌਣ ਵਿੱਚ ਫਸਾ ਕੇ, ਦੋਵਾਂ ਹੱਥਾਂ ਨਾਲ ਰੋਟੀਆਂ ਫੜੀਆਂ। ਬੁਰਕੀ ਨਾਲ ਮਖਣੀ ਤੇ ਚਟਣੀ ਨੂੰ ਚੰਗੀ ਤਰ੍ਹਾਂ ਰਲਾ ਕੇ, ਘੁੱਟਾਂ ਬਾਟੀ ਖਾਣ ਲੱਗਿਆ। ਇੱਕ ਬੁਰਕੀ ਤੋੜ ਕੇ ਆਪ ਖਾਂਦਾ ਤੇ ਦੂਜੀ ਬੁਰਕੀ ਤੋੜ ਕੇ ਕੁੱਤੇ ਅੱਗੇ ਸੁੱਟ ਦਿੰਦਾ, 'ਦੀਸਾਂ ਦੇ ਸਾਕ ਲਈ ਮੈਂ ਕੋਈ ਚੰਗੇ ਘਰ ਦਾ ਮੁੰਡਾ ਲੱਬੀ ਜਾਨਾਂ, ਫੇਰ ਅਲਾਬਾਂ ਨਾ ਦੇਈ ਡੂਚਣਾ ਥੋਨੂੰ ਕੱਠਿਆਂ ਨੂੰ ਜਿਊਣ ਨੀ ਦਿੱਤਾ।'
ਜਦ ਬਲੌਰਾ ਪੂਰੀ ਤਰ੍ਹਾਂ ਧਾਰ ਕੇ ਖਹਿੜੇ ਹੀ ਪੈ ਗਿਆ ਤਾਂ ਉਹਨੂੰ ਅਸਲ ਗੱਲ ਤੇ ਆਉਣਾ ਹੀ ਪਿਆ, 'ਧੀਆਂ ਤੇ ਧਰੇਕਾਂ ਤਾਂ ਆਵਦੇ ਘਰੇ ਈ ਸੋਹਦੀਆਂ ਬਾਈ' ਫੇਰ ਜਿਵੇਂ ਲੰਮੀ ਚੁੱਪ ਧਾਰ ਕੇ ਆਪਣੀ ਕਹੀ ਗੱਲ ਦਾ ਮੋੜ ਦਿੱਤਾ, 'ਆਸ਼ਕ ਵੀ ਫੇਰ ਪਿੰਡ ਦੀ ਜੂਹ ਤੋਂ ਬਾਹਰ ਈ ਸੋਂਹਦੇ ਨੇ...।
ਰੋਟੀ ਖਾ ਕੇ ਬਲੌਰੇ ਨੇ ਠਰ ਚੁੱਕੀ ਚਾਹ ਦੀ ਇੱਕ ਵੱਡੀ ਘੁੱਟ ਭਰ ਕੇ ਮੂੰਹ ਵਿੱਚ ਕੁਰਲੀ ਕੀਤੀ। ਜਾੜ੍ਹਾਂ ਵਿੱਚ ਅੜ੍ਹੀਆਂ ਰੋਟੀ ਦੀਆਂ ਬੋਟੀਆਂ ਕੱਢ ਕੇ, ਅੰਦਰ ਡਕਾਰ ਗਿਆ, 'ਮੈਂ ਤਾਂ ਮੁੱਕੀ ਮਾਰ ਕੇ ਧਰਤੀ ਚ ਚਿੱਬ ਪਾਦੂੰ... ਕਿਸੇ ਤੋਂ ਡਰ ਨਾ..'।
'ਡਰ..।' ਘੀਚਰ ਉਹਦੇ ਅੱਗੇ ਮੌਤ ਦੀਆਂ ਸਿਵਾਰਾਂ ਗਾਉਣ ਲੱਗ ਪਿਆ, 'ਕਾਈ ਡਰ ਨੀ, ਨਾਲ਼ੇ ਤੈਥੋਂ ਭੱਜ ਕੇ ਜਾਵਾਂਗੇ ਵੀ ਕਿੱਥੇ, ਧਰਤੀ ਮੁੱਕ-ਜੂ'।
ਉਹਦੇ ਵੱਲ ਗਹੁ ਨਾਲ ਵੇਖ ਕੇ ਦਿਲ ਵਿੱਚ ਘਰੇੜ ਕੱਢੀ, 'ਐਵਜੇ ਮਿਰਜ਼ੇ ਤਾਂ ਚੱਡਿਆਂ 'ਚ ਪੂਛੜ ਲੈ ਕੇ ਸੌ ਸਾਲ ਤੱਕ ਜਿਉਂਦੇ ਨੇ' ਫੇਰ ਥੋੜ੍ਹਾ ਜਿਹਾ ਸਿਰ ਮਾਰ ਕੇ ਹੱਸ ਪਿਆ, 'ਫੇਰ ਲੱਬਲਾ ਤੂੰ ਈ ਕਾਈ ਚੱਜ ਦਾ ਮੁੰਡਾ, ਹੈ ਕੋਈ ਨਿਗ੍ਹਾ ਹੇਠ ਤਾਂ ਦੱਸਦੀਂ, ਜਕੀ ਨਾ, ਆਪਣੀ ਤਾਂ ਘਰ ਦੀ ਗੱਲ ਐ, ਦਿਲ ਦੀ ਵੀ... ਜੂਠੇ ਗਲਾਸ ਨੂੰ ਜ਼ੋਰ ਨਾਲ ਮੰਜੇ ਦੇ ਸੰਘੇ ਵਿੱਚ ਫਸਾ ਕੇ ਕਾਪੇ ਦੀ ਧਾਰ ਤੇ ਤਲੀ ਫੇਰਦਾ ਹੋਇਆ, ਸੈਨਤ ਨਾਲ ਜਾਂਦੀ ਵਾਰ, ਉਹਨੂੰ ਜੋਹ ਕੇ ਵੇਖਿਆ, 'ਹੂੰ..... ਪਰ ਹੋਵੇ ਐਨ