Back ArrowLogo
Info
Profile

ਜਵਾਂ ਤੇਰੇ ਅਰਗਾ, ਤੇਰੇ ਬਿਨਾ ਉਹਦਾ ਕਿਸੇ ਹੋਰ ਨਾਲ ਨਿਸ਼ਾਅ ਵੀ ਨਈਂ ਹੋਣਾ, ਜੇ ਤੇਰੇ ਤੋਂ ਮਾਸਾ ਘੱਟ ਹੋਇਆ ਨਾ ਤੇਰੇ ਕੁੱਟ ਬਹੁਤ ਪਊਗੀ'।

ਘੀਚਰ ਨੇ ਹੱਥ ਦੀ ਇੱਕ ਉਂਗਲ ਅਕਾਸ਼ ਵੱਲ ਖੜ੍ਹੀ ਕੀਤੀ ਤੇ ਰਗਾਂ ਨੂੰ ਘੁੱਟ ਕੇ ਬੋਲਿਆ, 'ਜੋ ਦਾਤੇ ਨੂੰ ਮਨਜੂਰ ਐ, ਹੁਣ ਓ-ਈ ਹੋਣ ਦੇ.. ' ਤੇ ਚਾਹ ਵਾਲੀ ਜੂਠੀ ਬਾਟੀ ਰੇਤੇ ਨਾਲ ਮਾਂਜਣ ਲੱਗ ਪਿਆ।

'ਦਾਤੇ ਨੂੰ ਤਾਂ ਏਹੀ ਮਨਜੂਰ ਐ ਬਈ ਤੇਰੀ ਧੌਣ ਵੱਢ ਕੇ ਸਾਰੇ ਰਾਹ ਠੁੱਡੇ ਮਾਰਦਾ ਹੋਇਆ, ਹੱਡਾ ਰੋੜ੍ਹੀ ਵਿੱਚ ਸੁੱਟ ਆਵਾਂ' ਕਾਪੇ ਨੂੰ ਮੰਜੇ ਦੇ ਪਾਵੇ ਤੇ ਮਾਰਿਆ, 'ਪਰ ਮੈਂ ਏਡਾ ਲਾਈ ਲੱਗ ਨੀ, ਬਈ ਕਿਸੇ ਲੱਡੀ-ਬੁੱਚੀ ਦੇ ਪਿੱਛੇ ਲੱਗਾਂ' ਆਪਣੇ ਦਿਲ ਵਿੱਚ ਪਈ ਸਾਰੀ ਵਿਥਿਆ ਸੁਣਾ ਦਿੱਤੀ।

'ਸਿਆਣਾ ਬਣ ਬਾਈ' ਪੌਣੇ ਵਿੱਚ ਵਧੀਆਂ ਰੋਟੀਆਂ ਦੇ ਨਿੱਕੇ-ਨਿੱਕੇ ਟੋਟੇ ਕਰਕੇ ਖਾਲ ਦੀ ਵੱਟ ਤੇ ਰੱਖ ਦਿੱਤੇ।

'ਸਿਆਣਾ ਬਣ ਕੇ ਬਹੁਤ ਕੁਛ ਗਵਾ-ਲੇਂਗਾ ਘੀਚਰਾ ਉਹਨੂੰ ਮਨੌਤ ਦਿੱਤੀ ਤੇ ਫੇਰ ਦੋ ਪੁਲਾਘਾਂ ਚਲ ਕੇ ਰੁਕ ਗਿਆ 'ਆਹ ਸਿਆਣਪ ਤਾਂ ਹੁਣ ਮੈਂ ਸਾਰੀ ਉਮਰ ਆਵਦੇ ਕੋਲ ਦੀ ਲੰਘਣ ਨੀ ਦੇਣੀ, ਕੋਈ ਹੁਰ ਕੰਮ ਐਂ ਤਾਂ ਬ-ਸ਼ੱਕ ਦੱਸੀਂ- ਹੋ ਜੂ।

ਹਵਾ ਦੇ ਆਏ ਵਰੋਲੇ ਵਿੱਚੋਂ ਬਲੋਰਾ ਅੱਖਾਂ ਬੰਦ ਕੀਤੇ ਬਗੈਰ ਹੀ ਲੰਘ ਗਿਆ। ਸ਼ੋਰੇ ਨਾਲ ਖਾਧੀ ਮਿੱਟੀ ਪੈਣ ਕਰਕੇ ਅੱਖਾਂ ਦੇ ਆਨੇ ਲਹੂ ਰੰਗੇ ਹੋ ਗਏ ਸੀ। ਵਰੋਲਾ ਰੁੱਕਿਆ ਤਾਂ ਬਲੌਰਾ ਖੇਤਾਂ ਵਿੱਚੋਂ ਦੀ ਤਰੇਲੇ ਨਰਮੇ ਦੇ ਟੂਸਿਆਂ ਤੇ ਲਾਡ ਨਾਲ ਹੱਥ ਫੇਰਦਾ ਹੋਇਆ, ਸੂਰਜ ਵੱਲ ਤੁਰਦਾ ਜਾ ਰਿਹਾ ਸੀ।

ਘੀਚਰ ਨੇ ਵੇਖਿਆ, ਵਰੋਲੇ ਵਾਲੀ ਥਾਂ ਕਾਪਾ ਗੱਡਿਆ ਪਿਆ ਸੀ।

*** *** ***

71 / 106
Previous
Next