Back ArrowLogo
Info
Profile

ਵਾਵੇ-ਅੰਗ

ਬਲੌਰੇ ਨੇ ਸਾਰੇ ਇਲਾਕੇ ਵਿੱਚ ਪੁੱਛ-ਪ੍ਰਤੀਤ ਵਾਲੇ ਬੰਦਿਆਂ ਤੋਂ ਪੜਤਾਲ ਕੀਤੀ, ਕਿ ਜ਼ਮੀਨ ਕਿਹੜੇ ਪਿੰਡ ਦੀ ਸਭ ਤੋਂ ਚੰਗੀ ਹੈ। ਜਿੱਥੇ ਫਸਲ ਪੂਰੀ ਜੰਮ ਕੇ ਹੁੰਦੀ ਹੈ, ਹਾੜੀ ਤੇ ਸਾਉਣੀ। ਸ਼ੋਰੇ ਨਾਲ ਖਾਧੇ ਵਾਹਣਾਂ ਵਿੱਚ ਤਾਂ ਆਪਣੇ ਪੈਰਾਂ ਵਿੱਚ ਨੱਕ ਰਗੜ ਕੇ ਲਕੀਰਾਂ ਕੱਢਣ ਹੀ ਹੁੰਦਾ।

ਰੱਬ ਤੋਂ ਖੋਹ ਕੇ ਖਾਣ ਵਾਲੀ ਗੱਲ ਹੈ।

ਅਗਲੇ ਦਿਨ ਸਿਰ 'ਤੇ ਨਸਵਾਰੀ ਪੱਗ ਬੰਨ੍ਹ ਕੇ ਪੂਰੀ ਨਿਰਖ਼ ਕਰਕੇ, ਉਸ ਪਿੰਡ ਦੇ ਪਟਵਾਰੀ ਕੋਲ ਤਹਿਸੀਲ ਵਿੱਚ ਚਲਾ ਗਿਆ। ਦੋਵਾਂ ਹੱਥਾਂ ਵਿੱਚ ਸਾਫਾ ਫੜ੍ਹ ਕੇ, ਮਾਣ ਨਾਲ ਫਤਿਹ ਬੁਲਾ ਦਿੱਤੀ। ਪਟਵਾਰੀ ਨੇ ਪਿੰਨ ਦੇ ਪੁੱਠੇ ਪਾਸੇ ਨਾਲ ਬਾਂਹ 'ਤੇ ਖੁਰਕ ਕਰਦੇ ਹੋਇਆਂ, ਐਨਕ ਦੇ ਫਰੇਮ ਉੱਤੋਂ ਦੀ ਉਹਦੇ ਵੱਲ ਵੇਖ ਕੇ, ਧੌਣ ਹਿਲਾ ਕੇ ਹਾਮੀ ਭਰੀ ਤੇ ਨਾਲ ਹੀ ਬਹਿਣ ਲਈ ਬੈਂਚ ਵੱਲ ਇਸ਼ਾਰਾ ਕਰ ਦਿੱਤਾ।

ਮੇਖਾਂ ਵਾਲ਼ੇ ਬੈਂਚ 'ਤੇ ਬਹਿ ਗਿਆ, ਜਿਹੜਾ ਲੋਕਾਂ ਦੇ ਬਹਿਣ ਨਾਲ ਘਸ- ਘਸ ਕੇ ਮਲਾਈ ਵਾਂਗ ਕੂਲਾ ਹੋਇਆ ਪਿਆ ਸੀ। ਉਹਨੇ ਸਾਹਮਣੀ ਕੰਧ 'ਤੇ ਜਿੱਧਰ ਪਟਵਾਰੀ ਲੱਕੜ ਦੀ ਕੁਰਸੀ ਡਾਹ ਕੇ ਬੈਠਾ ਸੀ, ਵਿਸ਼ਣੂ ਭਗਵਾਨ ਦੀ ਤਸਵੀਰ ਲੱਗੀ ਵੇਖ ਕੇ, ਚਿੱਤ ਵਿੱਚ ਔਖ ਮੰਨ ਗਿਆ।

ਇੰਨੇ ਉਸ ਨੂੰ ਪੰਡਤ ਆਸੇ ਦੀ ਉਹ ਗੱਲ ਯਾਦ ਆ ਗਈ, ਜਿਹੜੀ ਉਹਨੇ ਕਈ ਵਰ੍ਹੇ ਪਹਿਲਾਂ, ਭਰੇ ਦਿਨ ਵਿੱਚ ਧੂਣੀ ਸੇਕੀ ਜਾਂਦੇ ਨੇ ਸੁਣੀ ਸੀ। ਅੱਖਾਂ ਬੰਦ ਕਰਕੇ, ਸੱਜੇ ਹੱਥ ਨਾਲ ਖੱਬੀ ਬਾਂਹ ਦਾ ਜੋੜ ਫੜ੍ਹ ਲਿਆ, ਤੇ ਖੱਬੀ ਬਾਂਹ ਦੀ ਹਥੇਲੀ 'ਤੇ ਠੋਡੀ ਰੱਖ ਕੇ, ਪੂਰੀ ਨੀਝ ਨਾਲ ਗੱਲ ਦੁਬਾਰਾ ਸੁਣਨ ਲੱਗ ਪਿਆ।

'ਬਾਬਾ ਭਲਾਂ ਆਹ ਅਸੁਰ ਅਮ੍ਰਿਤ ਚਾਕੇ ਕਾਹਤੋਂ ਭੱਜ ਗੇ ਸੀ, ਏਨਾਂ ਨੂੰ ਏਨੀ ਕੀ ਤੱਤੀ ਕਾਹਲੀ ਪਈ ਸੀ'

'ਭਤੀਜ ਤੈਨੂੰ ਘਾਣੀ ਨੀ ਪਤਾ ਸਾਰੀ' ਤੇ ਫੇਰ ਉਹਨੇ ਡੱਕੇ ਨਾਲ ਧੂਣੀ ਦੇ ਕੋਲਿਆਂ ਨੂੰ ਫਰੋਲਿਆ, ਤੇ ਡੱਕਾ ਵਿੱਚ ਈ ਸੁੱਟ ਦਿੱਤਾ। 'ਜਦੋਂ' ਆਂਹਦੇ ਬਈ ਦੇਵਤਿਆਂ ਨਾਲ ਰਲ ਕੇ, ਨਹੀਂ ਅਸੁਰਾਂ ਨਾਲ ਦੇਵਤਿਆਂ ਨੇ ਰਲ ਕੇ ਸਾਗਰ ਨੂੰ ਰਿੜਕਿਆ ਨਾ, ਤਾਂ ਉਹਦੇ 'ਚੋਂ ਕਈ ਅਨਮੋਲ ਰਤਨ ਨਿਕਲੇ, ਉਨ੍ਹਾਂ 'ਚ ਸਭ ਤੋਂ ਕੀਮਤੀ ਰਤਨ ਸੀ ਅਮ੍ਰਿਤ, ਏਹ ਅਮ੍ਰਿਤ ਜੀਨੇ ਪੀ ਲੈਣਾ ਸੀ ਨਾ, ਉਹ ਅਮਰ ਹੋ ਜਾਣਾ ਸੀਗਾ, ਵਿਸ਼ਣੂ ਤੋਂ ਜਾਣੀ ਏਹ ਜਰਿਆ ਨੀ ਗਿਆ ਕੇ ਉਹ ਅੰਮ੍ਰਿਤ ਪੀਣ 'ਤੇ ਅਮਰ ਹੋਣ, ਨਾਲੇ ਪਹਿਲਾਂ ਵੀ ਚਾਲ ਖੇਡ ਕੇ ਅਸੁਰਾਂ ਨੂੰ ਨਾਗ ਦੇ ਮੂੰਹ ਵੰਨੀ ਲਾਇਆ ਸੀਗਾ, ਨਾਗ ਦੇ ਮੂੰਹ 'ਚੋਂ ਐਸੀ ਅੱਗ ਵਰ੍ਹਦੀ ਸੀ ਰਹੇ ਰੱਬ ਦਾ ਨਾਂ, ਜੀਹਦੇ ਨਾਲ ਕੋਈ ਵੀ ਭਸਮ ਹੋ ਸਕਦਾ ਸੀਗਾ'

72 / 106
Previous
Next