

'ਬਲਤੇਜ ਸਿਉਂ ਕੋਲ ਐ ਇਕੱਤੀ ਕਿੱਲੇ ਜੀ, ਹਰ ਵਰ੍ਹੇ ਇਕ-ਅੱਧ ਕਿੱਲਾ ਨਾਲ ਵੀ ਰਲਾ ਲੈਂਦੇ ਐ, ਬਹੁਤ ਕਮਾਈ ਕਰਦੇ ਐ ਜੀ' ਪਟਵਾਰੀ ਆਪਣੇ ਪਿੰਨ ਨੂੰ ਉਹਦੇ ਨਾਮ 'ਤੇ ਰੱਖ ਦਿੱਤਾ।
'ਏਨਾ ਨਾਲ ਨਹੀਂ ਆਪਾਂ ਨੂੰ ਪੜਤਾ ਪੈਣਾ, ਏਨੀ ਧਰਤੀ ਹੋਣ ਦੇ ਬਾਦ ਵੀ ਏਹ ਅਜੇ ਖੋਹਣੀ ਕਰੀ ਜਾਂਦੇ, ਰੱਜੇ ਈ ਨਹੀਂ, ਕੋਈ ਹੋਰ ਘਰ ਵੇਖ ਉਹਨੇ ਨਾਂਹ ਵਿੱਚ ਧੌਣ ਹਿਲਾ ਦਿੱਤੀ।
ਫੇਰ ਕੁਝ ਵਰਕੇ ਉਹਨੇ ਅੱਗੇ ਪਿੱਛੇ ਹੋਰ ਪਲਟੇ ਤੇ 'ਹਾਂ... ਆਹ ਲਓ ਫੇਰ, ਹਰਨੇਕ ਕੋਲ ਐ ਜੀ, ਐਨ ਪੂਰੇ ਸਰਦੇ-ਵਰਦੇ ਐ, ਕਿਸੇ ਦੀ ਕਾਣ ਨਈਂ ਮੰਨਦਾ' ਉਹਨੇ ਝਟਕਾ ਮਾਰ ਕੇ ਫਾਇਲ ਉਹਦੇ ਵੱਲ ਸਰਕਾ ਦਿੱਤੀ।
ਬਲੌਰਾ ਕੋਲ ਪਈ ਕੁਰਸੀ ਖਿੱਚ ਕੇ, ਉੱਤੇ ਪੈਰਾਂ ਭਾਰ ਬਹਿ ਗਿਆ ਤੇ ਫੇਰ ਠੋਡੀ 'ਤੇ ਹੱਥ ਧਰ ਕੇ ਸੋਚਣ ਲੱਗ ਪਿਆ, 'ਏਹ ਬੰਦੇ ਤਾਂ ਹੈਗੇ ਆ ਨਾ, ਕੇ ਕੱਲੇ ਰੱਜੇ ਈ ਐ' ਉਹ ਦੀ ਰਮਜ਼ ਬੁੱਝ ਕੇ ਪਟਵਾਰੀ ਨੇ ਸਿਰਫ ਸਿਰ ਹਿਲਾ ਕੇ ਹਾਮੀ ਭਰ ਦਿੱਤੀ। ਉਹਨੇ ਸੱਜੀ ਅੱਖ ਬੰਦ ਕਰਕੇ ਤਲੀ ਨਾਲ ਮਲੀ ਤੇ ਫੇਰ ਪਲਕ-ਝਪਕ ਕੇ ਬੱਸ 'ਹੂੰਅ' ਕਿਹਾ। ਇਹ ਰਿਸ਼ਤਾ ਜਾਣੀ ਕਾਫੀ ਜਚ ਗਿਆ।
ਬੂਹਾ ਜੜਣ ਕਰਕੇ ਪਟਵਾਰੀ ਦਾ ਦਿਲ ਘਬਰਾ ਰਿਹਾ ਸੀ ਤਾਂ ਉਹ ਮੂੰਹ ਵਿੱਚ ਤੁਕ ਗਾਉਣ ਲੱਗ ਪਿਆ ਤੇ ਨਾਲ਼ੇ ਉਹਦੇ ਵੱਲ ਕਾਣੀ ਜਿਹੀ ਅੱਖ ਨਾਲ ਵੇਖਦਾ ਹੋਇਆ, ਅਲਮਾਰੀ ਵਿੱਚ ਫਿਰ ਰਜਿਸਟਰ ਚੱਕ ਕੇ ਚਿਣਨ ਲੱਗ ਪਿਆ।
'ਹੂੰ..' ਬੁੱਲ ਘੁੱਟ ਕੇ ਮੀਚ ਲਏ ਤੇ ਅੱਖਾਂ ਦੇ ਦੋਏ ਕੋਏ ਸਿਕੋੜ ਕੇ, ਗੀਜੇ ਵਿੱਚੋਂ ਨੋਟ ਕੱਢ ਕੇ ਪਟਵਾਰੀ ਦੇ ਅੱਗੇ ਮੇਜ਼ 'ਤੇ ਸੁੱਟ ਦਿੱਤਾ, ਜਿਵੇਂ ਕਤੀੜ ਨੂੰ ਬੁਰਕੀ ਪਾਈ ਹੁੰਦੀ ਹੈ। ਉਹਨੇ ਅੱਗੇ ਹੋ ਕੇ ਹਵਾ ਨਾਲ ਸਰਕ ਕੇ ਹੇਠਾਂ ਡਿੱਗਦਾ ਨੋਟ ਚੁੱਕਣ ਲਈ ਹੱਥ ਪੈਂਟ ਵਿੱਚੋਂ ਬਾਹਰ ਕੱਢਿਆ ਈ ਸੀ ਕਿ ਬਲੌਰੇ ਨੇ ਨਾਲ ਹੀ ਬੁਸ਼ਕਰ ਮਾਰ ਦਿੱਤੀ, 'ਮੁੰਅ ਅ.....'
ਤਾਂ ਪਟਵਾਰੀ ਨੇ ਝਟਕੇ ਨਾਲ ਹੱਥ ਪਿੱਛੇ ਖਿੱਚ ਲਿਆ। ਇਸ ਨੋਟ ਨੂੰ ਚੱਕ ਕੇ ਜੇਬ ਵਿੱਚ ਪਾਉਣ ਦਾ ਜੇਰਾ ਨਹੀਂ ਪਿਆ। ਨੋਟ ਤੋਂ ਡੂੰਮਣੇ ਵਾਂਗ ਡਰੀ ਗਿਆ। ਫੇਰ ਨੋਟ ਨੂੰ ਰੁਮਾਲ ਨਾਲ ਚੱਕ ਕੇ, ਜਿਵੇਂ ਕੱਪੜੇ ਨਾਲ ਤੱਤੀ ਚੀਜ਼ ਚੁੱਕੀ ਦੀ ਹੈ, ਵਿਸ਼ਣੂ ਦੀ ਤਸਵੀਰ ਅੱਗੇ ਉਸ ਪਾਸੇ ਕਰਕੇ ਧਰ ਦਿੱਤਾ, ਜਿੱਥੇ ਦੇਵਤਿਆਂ ਦੇ ਹਿੱਸੇ ਆਏ ਰਤਨ ਪਏ ਸੀ, ਜੋ ਸਾਗਰ ਵਿੱਚੋਂ ਰਿੜਕ ਕੇ ਬਾਹਰ ਕੱਢੇ ਸੀ।
*** *** ***
ਬਲੌਰੇ ਨੇ ਨੋਟਾਂ ਨਾਲ ਭਰੀ ਗੱਠੜੀ ਸੰਦੂਕ ਵਿੱਚ ਐਨ ਜਵਾਂ ਰਜਾਈਆਂ ਦੀ ਤਹਿ ਥੱਲੇ ਦੱਬ ਕੇ ਰੱਖ ਦਿੱਤੀ ਫੇਰ ਪਿੱਤਲ ਦਾ ਮੁੱਠੀ ਜਿੰਦਰਾ ਕੁੱਢੇ ਨੂੰ ਲਾਇਆ। ਦੋਵਾਂ ਹੱਥਾਂ ਵਿੱਚ ਫੜ੍ਹ ਕੇ, ਸਾਰੇ ਸਰੀਰ ਦਾ ਭਾਰ ਪਾ ਕੇ ਖਿੱਚ ਕੇ ਵੇਖਿਆ। ਜਿੰਦਰਾ ਜਵਾਂ ਨਹੀਂ ਜਕਿਆ।