

ਤੇ ਚਾਬੀ ਬਾਹਰ ਲਿਆ ਕੇ ਦੀਸਾਂ ਨੂੰ ਆਵਾਜ਼ ਮਾਰ ਕੇ ਫੜਾ ਦਿੱਤੀ, 'ਆਹ ਲੈ ਕੁੰਜੀ, ਆਵਦੇ ਨਾਲੇ ਨਾਲ ਬੰਨ੍ਹ ਕੇ ਰੱਖੀਂ" ਤਿੱਖਾ ਵੇਖ ਕੇ ਉਹ ਪਰ੍ਹੇ ਨੂੰ ਤੁਰ ਗਈ ਤਾਂ ਚਾਬੀ ਹੱਥ ਵਿੱਚੋਂ ਬੁੜਕ ਕੇ ਥੱਲੇ ਡਿੱਗ ਪਈ। ਚਾਬੀ ਨੂੰ ਥੱਲਿਉਂ ਚੱਕ ਉਹਨੇ ਪੀੜੀ 'ਤੇ ਬੈਠੀ ਡੁਸਕ ਰਹੀ, ਦੀਸਾਂ ਦੇ ਲਮਕ ਰਹੇ ਨਾਲ਼ੇ ਦਾ ਸਿਰਾ ਫੜ੍ਹ ਕੇ, ਨਖਾਰੇ ਵਿੱਚ ਦੀ ਲੰਘਾ ਕੇ ਉੱਤੋਂ ਪੂਰੀ ਜਚਾ ਕੇ ਗੰਢ ਮਾਰ ਦਿੱਤੀ । ਕਿਸੇ ਸਹਿਮ ਨਾਲ ਉਹਦੇ ਚਿਹਰੇ ਵੱਲ ਵੇਖਣ ਲੱਗ ਪਿਆ।
ਅਜੈਬ ਨੇ ਵੀ ਅੱਖ ਦੀ ਲਿਸ਼ਕ ਨਾਲ ਸਾਰਾ ਮਾਹੌਲ ਜਾਚ ਲਿਆ। ਮੱਥਾ ਠਣਕ ਗਿਆ, ਜਿਵੇਂ ਨੋਟਾਂ ਦੀ ਖੁਸ਼ਬੂ ਆ ਗਈ ਹੁੰਦੀ ਹੈ। ਦੋ ਬੀੜੀਆਂ ਨੂੰ ਉਂਗਲਾਂ ਦੇ ਸੰਨ੍ਹ ਵਿੱਚ ਫਸਾ ਕੇ, ਮੁੱਠੀ ਘੁੱਟ ਕੇ ਜ਼ੋਰ ਨਾਲ ਸੂਟਾ ਮਾਰਿਆ, 'ਏਹ ਕਾਹਦੇ ਵੱਟੀ ਫਿਰਦੈ ਮਣਾਂ' ਫੇਰ ਚਿੱਤ ਵਿੱਚ ਗੱਲ ਦੇੜ੍ਹੀ 'ਪੈਸਾ ਹੈ ਈ ਐਸੀ ਚੀਜ਼' ਫੇਰ ਉਹਦੇ ਅੰਗੂਠੇ ਵੱਲ ਵੇਖਿਆ, ਜੋ ਨੀਲਾ ਹੋਇਆ ਪਿਆ ਸੀ।
ਨੀਲੇ ਅੰਗੂਠੇ ਨੇ ਅਜੈਬ ਦਾ ਮੂੰਹ ਚਿੜ੍ਹਾ ਦਿੱਤਾ। ਦੋ ਸੂਟੇ ਛੇਤੀ ਨਾਲ ਮਾਰ ਕੇ ਮੂੰਹ ਦਾ ਸਾਰਾ ਮਾਸ ਨੱਕ ਕੋਲ ਇਕੱਠਾ ਕਰਕੇ, ਬੀੜੀਆਂ ਨੂੰ ਸੁੱਕੀ ਪਰਾਲੀ ਤੇ ਸੁੱਟ ਦਿੱਤਾ ਜੀਹਦੇ ਵਿੱਚੋਂ ਕਾਫੀ ਧੂੰਆਂ ਨਿਕਲ ਪਿਆ।
ਚਿਹਰੇ 'ਤੇ ਸ਼ਾਂਤੀ ਦੇ ਭਾਵ ਰੱਖ ਕੇ 'ਆਹ ਪੈਲੀ ਦਾ ਦਣ ਡੁੱਕਿਆ, ਜੇੜ੍ਹੀ ਤੇਰੇ ਤੋਂ ਵੇਹਰਗੀ ਸੀ, ਕੁੜੀ ਤਾਂ ਸੌਖੀ ਕਰੀਗੇ, ਆਪਾਂ ਤੇ ਮੁੱਕੀ-ਧੱਕੇ ਈ ਖਾਣੇ ਆਂ' ਏਨਾ ਆਖ ਕੇ ਬਲੌਰੇ ਨੇ ਉਹਦੇ ਕੋਲ ਦੀ ਲੰਘਣ ਲਈ ਸੱਜੇ ਪੈਰ ਦੀ ਪੱਬੀ ਹੀ ਪੱਟੀ ਸੀ ਕਿ ਅਜੈਬ ਨਹੁੰਦਰਾਂ ਲੈ ਕੇ ਪਿੱਛੇ ਪੈ ਗਿਆ ਤੇ ਮੰਜੇ 'ਤੇ ਹੀ ਖੜਾ ਹੋ ਗਿਆ।
'ਆਵਦੇ ਨਾਉਂ ਦੀ ਬਚੀ-ਖੁਚੀ ਮੁੱਢੀ ਵੀ ਪੱਟ ਕੇ ਧਰਤੀ ਥੱਲੇ ਬਹਿ ਕੇ ਮੱਥਾ ਫੜ੍ਹ ਕੇ ਸਿਰ ਹਿਲਾਈ ਗਿਆ ਤੇ ਸੱਜੇ ਹੱਥ ਦੀ ਮੁੱਕੀ ਨਾਲ ਹਿੱਕ ਪਿੱਟ ਕੇ ਵੈਣ ਪਾਇਆ, 'ਧੱਕੇ ਖਾਣ ਲਈ ਵੀ ਅੰਨ ਦੀ ਬੁਰਕੀ ਲੋੜੀਂਦੀ ਐ' ਹੇਠਾਂ ਤੋਂ ਉਠ ਕੇ, ਹਲੂਣੀ ਲੈ ਉਹਦੇ ਗਲਾਂਵੇਂ ਨੂੰ ਹੱਥ ਪਾਉਣ ਲੱਗਿਆ ਤਾਂ ਉਹਦੀ ਅੱਖ ਨਾਲ ਅੱਖ ਮਿਲਾ ਕੇ ਭਮੰਤਰ ਗਿਆ, ਫੇਰ ਦੋਵੇਂ ਹੱਥਾਂ ਨਾਲ ਬੇਕਿਰਕੀ ਨਾਲ ਆਪਣਾ ਹੀ ਗਲਾਂਵਾਂ ਫੜ੍ਹ ਕੇ ਖਿੱਚਣ ਲੱਗ ਪਿਆ ਤੇ ਹਿੱਕ 'ਤੇ ਮੁੱਕੀਆਂ ਮਾਰਨ ਲੱਗ ਪਿਆ।
ਬਲੌਰੇ ਦਾ ਦਿਲ ਕਰਿਆ, ਲਪੇੜ ਮਾਰ ਕੇ ਔਹ ਪਰ੍ਹੇ ਸੁੱਟ ਦੇਵੇ, ਪਰ ਪਤਾ ਨਹੀਂ ਕਿਸ ਸ਼ਰਮ-ਹਯਾ ਨਾਲ ਉਹਨੇ ਇੰਜ ਨਹੀਂ ਕੀਤਾ। ਅੱਖਾਂ ਵਿੱਚ ਹਰਖ ਦੀ ਹੱਸਵੀਂ ਕਾਤਰ ਵੇਖ ਕੇ ਅਜੈਬ ਦੇ ਹੱਥ ਆਪੇ ਹੀ ਢਿੱਲੇ ਹੋ ਗਏ। ਇਹ ਤਰਲਾ ਉਹਨੇ ਕਦੇ ਨਸੀਬੋ ਦੀਆਂ ਅੱਖਾਂ ਵਿੱਚ ਵੇਖਿਆ ਸੀ, ਜਦ ਅਜੈਬ ਅੰਗੂਠੇ ਤੇ ਫੋਕੀ ਪੱਟੀ ਬੰਨ੍ਹ ਕੇ ਘਰੇ ਆਉਂਦਾ ਹੁੰਦਾ ਸੀ। ਪੱਟੀ ਤੋਂ ਨਸੀਬੋ ਕਿਸੇ ਪ੍ਰੇਤ ਵਾਂਗ ਡਰਦੀ, ਦੰਦਲ ਪੈਣ ਤੱਕ ਜਾਂਦੀ।