

'ਸ਼ਾਵਾ ਸੇ ... ਸ਼ਾਵਾ ਸੇ ....' ਆਪਣਾ ਰੋਣ ਥੰਮ ਕੇ ਅਜੈਬ ਨੇ ਹਵਾ ਵਿੱਚ ਹੀ ਹੱਥ ਨਾਲ ਥਾਪੜਾ ਦੇ ਕੇ ਉਹਨੇ ਹੱਲਾਸ਼ੇਰੀ ਦੇ ਸ਼ਰਮ ਦੇਣੀ ਚਾਹੀ। ਧਰਤੀ ਤੋਂ ਰੇਤੇ ਦੀ ਲੱਪ ਭਰ ਕੇ ਹਵਾ ਵਿੱਚ ਉਡਾ ਦਿੱਤੀ । ਬਲੌਰਾ ਦੋ ਕਰਮਾਂ ਤੁਰ ਕੇ ਖੜ੍ਹ ਗਿਆ ਤੇ ਮੋਢੇ ਉੱਤੇ ਦੀ ਪਿੱਛੇ ਭਉਂਕੇ ਵੇਖਦਾ ਬੋਲਿਆ 'ਜੇ ਸ਼ਾਵਾ ਸੇ ਕਹਿ ਕੇ ਹੌਂਸਲਾ ਦਿੰਨਾ ਤਾਂ ਬਾਪੂ ਮਰਨ ਤੋਂ ਪਹਿਲਾਂ ਤੈਨੂੰ ਸੂੰਅ ਆ-ਗੀ' ਜੇਬ ਵਿੱਚ ਨੋਟ ਕੱਢ ਕੇ ਉਹਦੇ ਵੱਲ ਸੁੱਟ ਦਿੱਤਾ, 'ਆ ਚੱਕ, ਛਪੜੀ 'ਤੇ ਜਾ ਕੇ ਪ੍ਰਸ਼ਾਦ ਵੰਡ, ਨਹੀਂ ਤਾਂ ਫੇਰ ਡੱਫ ਲੀਂ "।
ਅਜੈਬ ਨੇ ਪੂਰੇ ਜ਼ੋਰ ਨਾਲ ਸੱਜੇ ਹੱਥ ਦੀਆਂ ਘਰੂੰਡਾਂ ਮੂੰਹ 'ਤੇ ਮਾਰੀਆਂ।
ਮਾਸ ਉਧੜ ਕੇ ਨਹੁੰਆਂ ਵਿੱਚ ਅੜ ਗਿਆ। ਵਾਲਾਂ ਦੀਆਂ ਜੜ੍ਹਾਂ ਪੱਟੀਆਂ ਗਈਆਂ, ਜਿਨ੍ਹਾਂ ਨੂੰ ਕਿੰਨਾ ਚਿਰ ਘੂਰ ਕੇ ਵੇਖਦਾ ਰਿਹਾ। ਹਵਾ ਨਾਲ ਨੋਟ ਉੱਡ ਕੇ ਉਹਦੇ ਪੈਰਾਂ ਵਿੱਚ ਆ ਗਿਆ।
ਛੱਤੜੇ ਵਿੱਚ ਬੈਠਾ ਅਜੈਬ ਚਿੱਤ ਵਿੱਚ ਕੋਸਦਾ ਈ ਰਹਿੰਦਾ, ਜਦੋਂ ਵਿਹੜੇ ਵਿੱਚ ਕੰਮ ਕਰਦੀ ਦੀਸਾਂ ਨੂੰ ਵੇਖ ਲੈਂਦਾ, 'ਵਿਹਲੀ ਰੰਨ ਨੂੰ ਗਲੀ ਦਾ ਝਾਕਾ' ਬੀੜੀਆਂ ਧੁਖਾ ਕੇ ਉੱਡਦੇ ਧੂੰਏਂ ਵੱਲ ਵੇਖ ਕੇ ਗੱਲ ਕਰਦਾ, 'ਦੀਸਾਂ ਜੇ ਕਿਸੇ ਨਾਲ ਨਿਕਲ ਜੇ ਤਾਂ ਪੌ-ਬਾਰਾਂ' ਧੂੰਏਂ ਦੀ ਲਕੀਰ ਫਿੱਕੀ ਪੈਂਦੀ ਵੇਖ ਫੇਰ ਦੱਬ ਕੇ ਸੂਟਾ ਮਾਰ ਕੇ ਬੱਦਲ ਬਣਾ ਲੈਂਦਾ, ਇਹਦੇ ਵਿਚਾਲ ਦੀ ਘਰ 'ਚ ਫਿਰਦੀ ਦੀਸਾਂ ਨੂੰ ਵੇਖਦਾ, 'ਵਿਆਹ 'ਤੇ ਖਰਚ ਕਰਨਾ ਕੇੜਾ ਸਉਖਾ, ਬਾਲਾ ਈ ਹੁੰਦੈ, ਘਰ ਦਾ ਥੱਲਾ ਨਿਕਲ-ਜੂ ਬੀੜੀਆਂ ਤੋਂ ਵੀ ਹੱਥ ਧੋ ਕੇ ਬਹਿਜਾਂਗੇ, ਚਹੁ ਦਿਨਾਂ ਦੀ ਚੁੰਜ-ਕਥਾ, ਫੇਰ ਕੀ ਐ, ਕੈ ਹਜ਼ਾਰਾਂ ਰੁਪਈਆ ਪਾਣੀ ਆਨੂੰ ਵਹਿ-ਜੂ' ਸੁਰਤ ਉਦੋਂ ਟੁੱਟਦੀ ਜਦੋਂ ਬੀੜੀ ਸਾਰੀ ਮੱਚ ਕੇ ਉਂਗਲਾਂ ਦੇ ਪੋਟੇ ਸਾੜ ਦਿੰਦੀ । ਉਂਗਲਾਂ 'ਤੇ ਫੂਕ ਮਾਰਦਾ, 'ਕੁੜੀ ਵਿਔਣੀ ਤਾਂ ਨੰਗ ਜੱਟ-ਲੀ ਮੌਤ ਆ ਨਿਰੀ, ਨਾਲ ਊਂ ਵੀ ਕੇੜ੍ਹਾ ਸਾਡੀ ਅਲਿਦਾ ਨਿਕਲੂ, ਹੇ ਸੱਚੇ ਪਾਸ਼ਾ ਕਰਦੇ ਵਸਦਿਆਂ 'ਚ ਕਾਹਤੋਂ ਸਾਡੇ ਪਿੰਡਿਆਂ ਦੀ ਮਿੱਟੀ ਦਾ ਨਾਸ਼ ਮਾਰਦੈਂ.....
ਨੋਟ ਚੱਕ ਕੇ ਜੇਬ ਵਿੱਚ ਪਾ ਲਿਆ ਤੇ ਉੱਠ ਕੇ ਪਿੱਲੀ ਇੱਟ ਨੂੰ ਜ਼ੋਰ ਨਾਲ ਠੁੱਡਾ ਮਾਰ ਕੇ ਭੰਨ੍ਹ ਦਿੱਤਾ। ਇੱਟਾਂ ਦੀ ਚੌਂਕੜੀ ਬਣਾ ਕੇ, ਕੋਲ ਪਏ ਤੌੜੇ ਵਿੱਚੋਂ ਪਾਣੀ ਨਾਲ ਅੱਖਾਂ, ਹੱਥ, ਮੂੰਹ ਨੁੰ ਪੂਰਾ ਮਲ ਕੇ ਧੋ ਲਿਆ। ਹੱਥ-ਪੈਰ ਸਾਫੇ ਨਾਲ ਪੂੰਝ ਕੇ, ਨੋਟ ਲੈ ਕੇ ਓਮੇ ਦੀ ਹੱਟੀ 'ਤੇ ਤੁਰ ਗਿਆ।
ਲੱਡੂਆਂ ਦਾ ਪ੍ਰਸ਼ਾਦ ਲਿਫਾਫੇ ਵਿੱਚ ਪਾ ਕੇ ਸਾਫੇ ਦੇ ਲੜ੍ਹ ਬੰਨ੍ਹ ਕੇ ਮੋਢੇ ਤੋਂ ਪਿੱਛੇ ਮੌਰਾਂ 'ਤੇ ਸੁੱਟ ਲਿਆ। ਚਿੱਤ ਵਿੱਚ ਵਾਖਰੂ-ਵਾਖਰੂ ਦਾ ਜਾਪ ਕਰਦਾ ਹੋਇਆ ਕਾਹਲੇ ਪੈਰੀਂ ਚੱਲ ਪਿਆ। ਬੂਹੇ ਵਿੱਚ ਖੜ੍ਹ ਕੇ ਗੁਰਦੁਆਰੇ ਦੇ ਗ੍ਰੰਥੀ ਨੂੰ ਆਵਾਜ਼ ਮਾਰੀ, 'ਓਏ ਬਾਬਾ ਜੀ, ਬਾਬਾ ਜੀ ਓਏ.... ਉਹਦੀ ਆਵਾਜ਼ ਵਿੱਚ ਕਿਸੇ ਦਬਕੇ ਜਿਹੀ ਗੜ੍ਹਸ ਸੀ। ਸਬਰ ਦਾ ਬੰਨ੍ਹ ਟੁੱਟ ਚੁੱਕਿਆ ਸੀ।