

ਵੰਨੀ ਨੀਂ, ਤੇਰੀ ਤੋਰ 'ਤੇ ਉਹਦੇ ਆਲੀ ਰਚਕ ਐ ਬੇਲੀਆ, ਉਹਤੋਂ ਤਾਂ ਨਿਬਾ ਨਈਂ ਹੋਇਆ, ਤੈਥੋਂ ਨਿਬਾ ਹੋ-ਜੂ'
ਇਹ ਸੁਣ ਕੇ ਹਰਨੇਕ ਨੂੰ ਕੁਛ ਸੁੱਝਿਆ ਨਹੀਂ ਅੱਗੋਂ ਕੀ ਮੋੜਾ ਦੇਵੇ, ਪਰ ਫੇਰ ਜਕ ਦਿਣੇ ਪਟਵਾਰੀ ਦੀ ਘਰੋਂ ਤੁਰਨ ਵੇਲ਼ੇ ਆਖੀ ਗੱਲ ਯਾਦ ਆ ਗਈ, 'ਓਹਦਾ ਮਤਾ ਈ ਕੁਛ ਹੋਰੂੰ-ਜੇ ਐ, ਪਤਾ ਨ੍ਹੀ ਪਤਿਉਰੇ ਦਾ ਕੀ ਮੂੰਹੋਂ ਕੱਢ ਮਾਰੇ, ਪਰਤਿਆਵੇਂ ਬਾਲ੍ਹੇ ਲੈਂਦਾ' ਫੇਰ ਉਹਦੀ ਧੌਣ ਕਿਸੇ ਹਾਮੀ ਵਿੱਚ ਹਿੱਲ ਗਈ ਤੇ ਨਾਲ ਈ ਹਵਾ ਦਾ ਠੰਡਾ ਬੁੱਲ੍ਹਾ ਵਗਿਆ ਤਾਂ ਬਲੌਰੇ ਨੇ ਰੱਟੀ ਪਾਈ ਰੱਖੀ, 'ਆਹ ਧੌਣ ਕਿਤੇ ਵਾ ਨਾਲ ਤਾਂ ਨਈਂ ਹਲੋਰਾ ਖਾ-ਗੀ, ਏਥੇ ਧੋਬੀ ਬੌਤ ਫਿਰਦੇ ਐ, ਕਿਤੇ ਐਵੇਂ ਰਾਮ ਵਾਂਗੂੰ ਨਾ ਕਿਸੇ ਦੀ ਚੁੱਕ 'ਚ ਆ ਕੇ ਮੇਰੀ ਭੈਣ ਨਾਲ ਵੈਰ ਪੀਹਣ ਬਹਿ-ਜੀਂ" ਛੁਹਾਰੇ ਨਾਲ ਠੋਡੀ ਨੂੰ ਚੁੱਕ ਲਿਆ ਤੇ ਕਣੱਖਾ ਜਿਹਾ ਵੇਖਿਆ, 'ਉਹ ਤਾਂ ਕੱਲੀ ਸੀਤਾ ਈ ਸੀਗੀ ਬੇਲੀਆ, ਜੇੜ੍ਹੀ ਚੁੱਪ-ਚੁਪੀਤੇ ਭੁੱਬਲ 'ਚ ਬਹਿ-ਗੀ ਸੀ, ਮੇਰੀ ਚੌੜ੍ਹ ਨਾ ਜਾਣੀ, ਏਹ ਤਾਂ ਨਿਰਾ ਲਾਬੂੰ ਐ, ਅਸੀਂ ਤਾਂ ਰੱਬ ਦੀਆਂ ਗੱਲਾਂ 'ਚ ਨਈਂ ਆਉਂਦੇ, ਤੂੰ ਨਾ ਵੇਖੀ ਕਿਤੇ ਰੱਬ ਵਾਂਗ ਲੋਕਾਂ ਦੀਆਂ ਗੱਲਾਂ 'ਚ ਆ ਕੇ, ਆਵਦਾ ਘਰ ਉਜਾੜ ਕੇ ਬਹਿ- ਜੇਂ’ ਸਾਨੂੰ ਖੰਗਰ ਇੱਟ ਅਰਗੇ ਬੰਦੇ ਦੀ ਭਾਲ ਐ, ਰੱਬ ਅਰਗੇ ਬੰਦੇ ਦੀ ਨਈਂ" ਫੇਰ ਉਹਦੇ ਮੋਢੇ 'ਤੇ ਹੱਥ ਰੱਖ ਕੇ ਬੋਲਿਆ, 'ਖਾਣਾ ਹੁਣ ਮੇਰੇ ਕੋਲੋਂ ਛੁਹਾਰਾ ਕੇ ਨਈਂ, ਪਚਾ-ਲੇਂ-ਗਾ'
ਹਰਨੇਕ ਨੂੰ ਅੱਜ ਰੱਬ ਬਹੁਤ ਛੋਟਾ ਲੱਗਣ ਲੱਗ ਪਿਆ ਸੀ ਤੇ ਉਹਨੇ ਬਲੌਰੇ ਦੇ ਹੱਥ ਵਿੱਚੋਂ ਆਪ ਹੀ ਛੁਹਾਰਾ ਦੰਦੀ ਵੱਢ ਕੇ ਖਾ ਲਿਆ, 'ਲੋਟ ਐ ਬਾਈ ਤੇ ਪੈਰੀਂ ਹੱਥ ਲਾ ਦਿੱਤੇ। ਦੋਵਾਂ ਦੇ ਚਿਹਰਿਆਂ 'ਤੇ ਆਈ ਰੌਣਕ ਵੇਖ ਕੇ, ਚਿਰਾਂ ਤੋਂ ਸੇਲ੍ਹੀ ਤੇ ਆਈ ਪੱਗ ਨੂੰ ਨਾਜਰ ਨੇ ਹੱਥ ਨਾਲ ਥਾਂ ਸਿਰ ਕਰ ਲਿਆ ਤੇ ਬੁੜ੍ਹੀਆਂ ਨੇ ਸਿਰਾਂ ਤੋਂ ਸਰਕੀਆਂ ਚੁੰਨੀਆਂ ਟਿਕਾਣੇ 'ਤੇ ਕਰ ਲਈਆਂ।
ਬਲੌਰੇ ਨੇ ਜੇਬ ਵਿੱਚੋਂ ਦਾਣਿਆਂ ਦੀ ਲੱਪ ਵੀ ਜਕ ਦਿਣੇ ਖਿਲਾਰ ਕੇ, ਉਹਨੂੰ ਜੱਫੀ ਵਿੱਚ ਘੁੱਟਿਆ ਤੇ ਫੇਰ ਇਕ ਲੱਪ ਹੋਰ ਆਕਾਸ਼ ਵੱਲ ਸੁੱਟ ਦਿੱਤੀ, ਜੋ ਉਹਨਾਂ ਤੇ ਕਣੀਆਂ ਵਾਂਗ ਦਾਣਾ-ਦਾਣਾ ਹੋ ਕੇ ਡਿੱਗੀ।
ਹਰਨੇਕ ਦੀ ਮਾਂ ਤੇ ਭੈਣ ਦੋਵੇਂ ਉੱਥੋਂ ਉਠ ਕੇ ਮੰਡੀ ਨੂੰ ਆ ਗਈਆਂ। ਸਭ ਦੇ ਚਿਹਰਿਆਂ 'ਤੇ ਹਾਸੇ-ਖੇੜ੍ਹੇ ਸੀ । ਸਾਰੀ ਸ਼ਗਨ ਵਾਲੀ ਸਮੱਗਰੀ ਤੇ ਹੋਰ ਨਿੱਕ ਸੁੱਕ ਲੈ ਕੇ ਤੁਰਤ-ਪੈਰੀਂ ਆ ਗਈਆਂ।
ਬਲੌਰੇ ਨੇ ਉਂਗਲ ਵਿੱਚੋਂ ਛਾਪ ਲਾਹ ਕੇ ਦੀਸਾਂ ਨੂੰ ਫੜ੍ਹਾ ਦਿੱਤੀ, ਪਰ ਦੀਸਾਂ ਨੇ ਇਹ ਛਾਪ ਆਪਣੀ ਉਂਗਲ ਵਿੱਚ ਪਾ ਲਈ ਤੇ ਘੀਚਰ ਦੀ ਦਿੱਤੀ ਛਾਪ ਲਾਹ ਕੇ ਹਰਨੇਕ ਦੀ ਉਂਗਲ ਵਿੱਚ ਪਾ ਦਿੱਤੀ।
'ਬਾਬਾ ਜੀ ਨਈਂ ਆਏ' ਨਾਜਰ ਨੇ ਐਵੇਂ ਸਰਸਰੀ ਈ ਗੱਲਾਂ ਵਿੱਚ ਪੁੱਛ ਲਿਆ।