

'ਆਹੀ ਬੀ ਤੇਰੇ ਨੰਗ ਭਰਾ ਨੇ ਦਿੱਤਾ ਈ ਕੱਖ ਨੀ.' ਦੀਸਾਂ ਦੇ ਸਿਰ 'ਤੇ ਹੱਥ ਫੇਰਿਆ ਤੇ ਨੀਵੀਂ ਪਾਈ ਉਹ ਚੁੰਨੀ ਨਾਲ ਮੱਥੇ ਦਾ ਮੁੜ੍ਹਕਾ ਪੂੰਝ ਗਈ, ਜਿਵੇਂ ਕਰਮਾਂ 'ਤੇ ਜੰਮੀ ਸਾਰੀ ਧੂੜ ਲਾਹ ਦਿੱਤੀ ਹੋਵੇ।
'ਨਾ ਜੀ ਨਾ' ਨਾਜਰ ਨੇ ਪੂਰੀ ਸ਼ਰਧਾ ਨਾਲ ਹੱਥ ਜੋੜੇ, 'ਕਿਸੇ ਨੂੰ ਔਖਾ ਕਰਕੇ ਲਵਾਇਆ ਖੋਟਾ ਧੇਲਾ ਵੀ ਤੁੱਕਦਾ ਨਹੀਂ ਹੁੰਦਾ, ਸਭ ਕੁਛ ਦਿੱਤਾ ਵਿਐ ਦਾਤੇ ਨੇ'
'ਚੱਲ ਕਿਸੇ ਨੂੰ ਤਾਂ ਰਜਾਇਆ ਨਾ ਰੱਬ ਨੇ, ਨਈਂ ਤਾਂ ਲੋਕ ਲੁੱਟ ਈ ਮਚਾਈ ਜਾਂਦੇ ਐਂ, ਜੇੜ੍ਹਾ ਧਿੱਜ ਗਿਆ, ਜਾਣੋ ਲੁੱਟਿਆ ਗਿਐ' ਅਕਾਸ਼ ਵੱਲ ਵੇਖ ਕੇ ਉਹਨੇ ਦਿਲ ਵਿੱਚ ਤਰਸ ਨਾਲ ਰੱਬ ਨੂੰ ਤਸੱਲੀ ਦਿੱਤੀ, 'ਐਵੇਂ ਨਾ ਹੁਣ ਬਾਹਲਾ ਡਰੀ ਜਾ, ਤੈਨੂੰ ਫੁੜਕਾ ਕੇ ਛਾਂਵੇ ਸਿੱਟੂੰ.....
ਆਪਣੀ ਝੋਲੀ ਵਿੱਚ ਪਏ ਮਖਾਣਿਆਂ ਦੀ ਚੁੰਨੀ ਵਿੱਚ ਗੰਢ ਮਾਰ ਕੇ, ਹਰਨੇਕ ਦੀ ਮਾਂ ਬੋਲੀ, 'ਦਾਜ-ਦੂਜ ਨਈਂ ਅਸੀਂ ਭਾਈ ਡੱਕਾ ਵੀ ਲੈਣਾ, ਹੱਥਾਂ ਵਿੱਚ ਬਰਕਤ ਰਵੇ' ਉਹਨੇ 'ਪੱਕੀ ਨਾਂਹ' ਵਿੱਚ ਹੱਥ ਖੜ੍ਹੇ ਕਰ ਦਿੱਤੇ।
'ਲੈ ਆਹ ਕੀ ਗੱਲ ਹੋਈ ਭਲਾਂ, ਦਾਜ-ਦੂਜ ਤਾਂ ਬੰਦੇ ਨੂੰ ਠੋਕ-ਵਜਾ ਕੇ ਲੈਣਾ ਚਾਈਦਾ' ਨਾਲ ਹੀ ਨਹੁੰਆਂ ਦੇ ਨਾਲ ਮੇਜ਼ ਨੂੰ ਖੜਕਾਉਣ ਲੱਗ ਪਿਆ। ਸਾਰਿਆਂ ਦੇ ਵੱਲ ਵੇਖ ਕੇ ਆਪਣੀ ਟਣਕਾਈ ਗੱਲ ਦੇ ਪਏ ਪ੍ਰਭਾਵ ਦੀ ਨਿਰਖ ਕਰੀ।
'ਦਾਜ, ਏਹ 'ਤੇ ਬੁਰੀ ਬਲਾਅ' ਨਾਜਰ ਨੇ ਹੈਰਾਨੀ ਨਾਲ ਸੰਗਦੇ ਹੋਇਆਂ, ਦਿਲ ਵਿੱਚ ਪੈਲੀ ਮਿਲਣ ਦੇ ਪਏ ਲਾਲਚ ਨੂੰ ਦੱਬਣ ਲਈ, ਆਪਣੀ ਆਖੀ ਪੜ੍ਹਾਈ ਦੇ ਪ੍ਰਭਾਵ ਵਿੱਚ ਇਨਕਾਰ ਕਰਕੇ, ਪਟਵਾਰੀ ਨਾਲ ਅੱਖ ਮਿਲਾ ਲਈ।
'ਏਹ ਤਾਂ ਤੇਰੇ ਮਨ ਦਾ ਓਹਲਾ, ਕੌਣ ਸਾਲਾ ਆਂਹਦਾ ਕਰਾ ਮੂੰਹ 'ਤੇ, ਦੀਸਾਂ ਵੀ ਅੱਧ ਦੀ ਮਾਲਕ ਐ ਜੀ, ਭੈਣ ਦੀ ਥਾਉਂ ਮੇਰਾ ਭਰਾ ਹੁੰਦੀ, ਫੇਰ ਵੀ ਅੱਧ ਵੰਡਾ ਲੈਂਦੀ ਡਾਂਗ ਨਾਲ' ਬਲੌਰੇ ਨੇ ਇਸ਼ਾਰੇ ਨਾਲ ਢਾਬੇ ਦੇ ਮੁੰਡੇ ਨੂੰ ਬਿੱਲ ਲੈ ਕੇ ਆਉਣ ਲਈ ਆਖਿਆ ਤੇ ਮੇਜ਼ 'ਤੇ ਪਿਆ ਗਲਾਸ ਚੱਕ ਕੇ ਖੜਕਾ ਦਿੱਤਾ, 'ਲੋਕਾਂ ਦਾ ਵੀ ਸਰਿਆ ਪਿਐ'
'ਏਨ੍ਹਾਂ ਦੀ ਸਮਝ ਤਾਂ ਰੱਬ ਨੂੰ ਵੀ ਨਹੀਂ ਆਈ 'ਪਟਵਾਰੀ ਨੇ ਮਾਮਲਾ ਭਖਦਾ ਵੇਖ ਕੇ ਤੰਦ ਰਲਾ ਦਿੱਤੀ, ਕਿਤੇ ਬਣੀ-ਬਣਾਈ ਸਾਰੀ ਰਿਸ਼ਤੇ ਦੀ ਗੱਲ ਨਾ ਵਿਗੜ ਜਾਵੇ।
'ਆਹੀ ਸਮਝ ਆਵੇ ਵੀ ਕਿਵੇਂ, ਰੱਬ ਵੀ ਕੇੜ੍ਹਾ ਬੰਦੇ ਦੇ ਮੱਥੇ ਲੱਗ ਕੇ ਉਹਦੀ ਸੁਣ ਦੈ, ਅੰਨ੍ਹਾਂ ਵੰਡੇ ਰਿਊੜੀਆਂ ਤੇ ਮੁੜ-ਮੁੜ ਆਪਣਿਆਂ ਨੂੰ ਦੇਵੇ’ ਫੇਰ ਗੱਲ ਨੂੰ ਤਰਕ ਨਾਲ ਪੂਰਾ ਕਰਿਆ, ‘ਕੁੜੀ-ਧਿਆਣੀ ਦੇ ਵਿਆਹ ਦਾਜ-ਵਿਆਰ ਲੱਖ- ਸਵਾ ਲੱਖ ਲਾਉਣ ਤੋਂ ਜਕਦੇ ਆਂ, ਪਰ ਉਹਦੇ ਹਿੱਸੇ ਬਹਿੰਦੀ ਲੱਖਾਂ ਦੀ ਪੈਲੀ ਕਵਜੇ ਚ' ਕਰਨੋ ਟਲ-ਦੇ ਨ੍ਹੀ ਹੂੰਅ' ਇਹ ਚਿਤਾਰੀ ਸੁਣ ਕੇ ਕਿਸੇ ਦੇ ਮੂੰਹ ਤੋਂ ਮੱਖੀ ਨਹੀਂ ਉੱਡੀ।