

ਢਾਬੇ ਦਾ ਸਾਰਾ ਖਰਚ ਦੇ ਕੇ ਬਲੌਰਾ, ਦੀਸਾਂ ਨੂੰ ਜੀਪ ਵਿੱਚ ਚੜਾ ਕੇ ਬੱਸ ਸਟੈਂਡ ਵੱਲ ਨੂੰ ਆ ਗਿਆ। ਫੁੱਲਾਂ ਵਾਲੇ ਨਾਕੇ ਕੋਲ ਜੀਪ ਰੁਕਵਾ ਲਈ, 'ਆਹ ਬਿੰਦ-ਝੱਟ ਰੋਕੀਂ, ਮਾੜੀ ਜੀ ਹਕੀਮ ਤੋਂ ਦਵਾਈ ਲੈ-ਲਾਂ' ਚਾਲਕ ਨੇ ਸੜਕ 'ਤੇ ਇਕ ਪਾਸੇ ਟਾਲ ਕਰਕੇ ਰੋਕ ਲਈ।
ਕਾਹਲੀ ਨਾਲ ਚਾਦਰੇ ਦੇ ਲੜ੍ਹ ਉੱਪਰ ਕਰਕੇ, ਉਹ ਨਾਲ ਦੀ ਗਲੀ ਵਿੱਚ ਵੜ੍ਹ ਗਿਆ। ਦੁਕਾਨ ਤੋਂ ਪਹਿਲਾਂ ਹੀ ਇਕ ਖੁੰਜ ਵਿੱਚ ਆਪਣੀ ਪਾਟੀ ਬੋਰੀ ਤੇ ਪੋਥੀਆਂ ਰੱਖ ਕੇ, ਬੈਠੇ ਹੋਏ ਪੰਡਤ ਤੇ ਨਜ਼ਰ ਆ ਗਈ। ਜੀਹਦੇ ਅੱਗੇ ਪਿੱਤਲ-ਲੋਹੇ ਦੀਆਂ ਛਾਪਾਂ ਪਈਆਂ ਸਨ । ਉਹਦੀ ਟੱਲੀ ਦੀ ਟਣਕਾਰ ਸੁਣ ਕੇ ਬਲੌਰਾ ਕੋਲ ਪਈ ਪੀੜੀ 'ਤੇ ਜਚ ਕੇ ਬਹਿ ਗਿਆ। ਸੱਜੇ ਹੱਥ ਦੀ ਤਲੀ ਨੂੰ ਹਿੱਕ ਨਾਲ ਘਸਾ ਕੇ ਸਾਫ ਕੀਤਾ ਤੇ ਉਹਦੇ ਅੱਗੇ ਕਰ ਦਿੱਤਾ, 'ਕਰ-ਖਾਂ ਭੋਰਾ ਚਾਨਣ'
'ਵਾਹ ਜੀ ਵਾਹ' ਪੰਡਤ ਇਉਂ ਹੱਲਾਸ਼ੇਰੀ ਦਿੰਦਾ ਹੋਇਆ, ਆਪਣੀ ਧੋਤੀ ਨਾਲ, ਰੱਸੀ ਨਾਲ ਬੰਨ੍ਹ ਕੇ ਗਲ ਵਿੱਚ ਲਮਕਾਈ ਐਨਕ ਦੇ ਸ਼ੀਸ਼ੇ ਸਾਫ ਕਰਨ ਲੱਗ ਪਿਆ, ਤੇ ਐਨਕ ਅੱਖਾਂ ਤੇ ਚਾੜ ਕੇ, ਚਿਹਰੇ 'ਤੇ ਹਾਸੀ ਲਿਆ ਕੇ, ਕਿੰਨਾ ਕੁਛ ਬੋਲੀ ਗਿਆ । ਬਲੌਰਾ ਸੁਣੀ ਗਿਆ ਤੇ ਅਖੀਰ ਜਦ ਉਹਨੇ ਦੱਕਸਣਾ ਮੰਗਣ ਲਈ ਆਪਣੀ ਪਿੱਤਲ ਦੀ ਕਚਕੋਲ ਅੱਗੇ ਕੀਤੀ ਤਾਂ ਉਹਨੇ ਤੇਵਰ ਬਦਲ ਕੇ ਕਿਹਾ, 'ਪੰਡਤ ਜੀ ਜੋ ਕੁਛ ਮੈਂ ਪੁੱਛਣਾ ਸੀ, ਉਹ ਤੂੰ ਦੱਸਿਆ ਈ ਨਈਂ, ਹੁਰ ਈ ਵਲੈਤੀ ਘੋੜੀ ਨੂੰ ਠਿੱਬੀ ਲਾ-ਤੀ'।
'ਪੁੱਛੋ ਜਜ਼ਮਾਨ' ਫੇਰ ਪੰਡਤ ਨੇ ਬਨਾਉਟੀ ਰੀਝ ਨਾਲ ਵੇਖਿਆ, 'ਲੇਖ ਬੌਤ ਤਿੱਖੇ ਨੇ ਬੱਚਾ, ਪੱਕਾ ਈ ਸੁਰਗ ਮਿਲੂ....
'ਸੁਰਗ ਤਾਂ ਪੰਡਤ ਜੀ ਆਪਾਂ ਡਾਂਗ ਨਾਲ ਲਵਾਂਗੇ, ਜੇ ਉਹਨੇ ਨਾ ਵੀ ਦਿੱਤਾ' ਬਲੌਰੇ ਨੇ ਮੁੱਛ ਨੂੰ ਵੱਟ ਚਾੜ ਕੇ ਪੰਡਤ ਦੇ ਗਲ ਵਿੱਚ ਪਾਈ ਸਿਵਜ਼ੀ ਦੀ ਤਸਵੀਰ ਵੱਲ ਵੇਖ ਕੇ ਘੂਰੀ ਵੱਟੀ, 'ਏਥੇ ਨਰਕ ਥੋੜਾ ਭੋਗ ਲਿਆ' ਫੇਰ ਉਹਦੇ ਚਿਤ ਵਿੱਚ ਫੁਰਨਾ ਫੁਰਿਆ, ਜਦੋਂ ਕਿਸੇ ਬੰਦੇ ਨੂੰ ਹੱਥ ਪੱਲਾ ਹਿਲਾਏ ਬਿਨਾਂ ਸਵ ਕੁਛ ਮਿਲੇ, ਉਹ ਹੁੰਦਾ ਸਵਰਗ 'ਚ, ਤੇ ਜਿਸਨੂੰ ਹੱਥੀਂ ਕਰਕੇ ਵੀ ਨਾ ਕੁਛ ਮਿਲੇ ਉਹ ਹੁੰਦਾ ਨਰਕ।
ਪੰਡਤ ਨੇ ਆਪਣਾ ਹੱਥ ਢਿੱਲਾ ਕਰ ਲਿਆ, ਜੀਹਦੇ ਵਿੱਚ ਬਲੌਰੇ ਦਾ ਹੱਥ ਫੜ੍ਹਿਆ ਸੀ ਤੇ ਸਲਾਹ ਦਿੱਤੀ, 'ਫੇਰ ਜੇ ਸਵ ਕੁਛ ਡਾਂਗ ਨਾਲ ਈ ਲੈਣਾ ਤਾਂ ਮੇਰੇ ਜਿਹੇ ਨੂੰ ਹੱਥ ਵਿਖੌਣ ਦਾ ਕੀ ਲਾਭ'
'ਆਹ ਵੇਖ ਕੇ ਦੱਸ ਖਾਂ, ਬੀ ਮਰਨ-ਮਰੌਣ ਲਈ ਕੇੜ੍ਹਾ ਦਿਨ ਚੰਗਾ ਰਹੂ, ਕਿਦੋਂ ਆਹ ਰੱਬ ਮੱਥੇ ਲੱਗੂ' ਜੇਬ ਵਿੱਚੋਂ ਵੀਹ ਦਾ ਨੋਟ ਕੱਢ ਕੇ ਉਹਦੀ ਕਚਕੌਲ ਵਿੱਚ ਰੱਖ ਦਿੱਤਾ।
ਪੰਡਤ ਕਿਸੇ ਚਾਅ ਵਿੱਚ ਉਹਦੇ ਹੱਥ ਨੂੰ ਪਰਖੀ ਗਿਆ। ਲਕੀਰਾਂ ਦਾ