

ਅੰਦਾਜ਼ਾ ਲਗਾ ਕੇ ਪੋਥੀ ਖੋਲ੍ਹ ਲਈ ਤੇ ਲਕੀਰਾਂ ਦੀ ਮੇਲ-ਤੁਕਾਂਤ ਕਰਕੇ ਮਨ ਵਿੱਚ ਭਵਿੱਖ ਬਾਣੀ ਬਣਾਈ ਗਿਆ ਤੇ ਬੋਲਿਆ, 'ਜੇੜ੍ਹੇ ਬੰਦੇ ਐਂਤਕੀ ਦੀ ਪੂਰਨਮਾਸ਼ੀ ਨੂੰ ਮਰਨਗੇ, ਉਹ ਜਾਣਗੇ ਸਿੱਧੇ ਈ ਰੱਬ ਦੇ ਚਰਨਾਂ 'ਚ
'ਚਰਨਾਂ 'ਚ... ਹੂੰਅ' ਚੇੜ੍ਹ ਮੰਨ ਕੇ ਆਪਣੇ ਨਾਲ ਈ ਗੱਲਾਂ ਕਰਨ ਲੱਗ ਪਿਆ, 'ਜਿਉਂਦੇ ਜੀਅ ਨੂੰ ਘੱਟ ਠੁੱਡੇ ਮਾਰੇ ਆ ਬੀ ਮਰਨ ਬਾਦ ਵੀ, ਜਾ ਕੇ ਉਹਦੇ ਪੈਰਾਂ ਵਿੱਚ ਬਹਿ ਜਾਈਗੇ, ਝਟਕੇ ਨਾਲ ਖੜਾ ਹੋ ਗਿਆ, 'ਬਾਕੀ ਮੈਂ ਵੇਖੂੰ ਕੀ ਬਣਦੈ।'
ਫਿਰ ਉੱਥੋਂ ਉਠ ਕੇ ਮਲ੍ਹਮ ਲਏ ਬਿਨਾਂ ਈ ਇੱਧਰ ਆ ਕੇ ਜੀਪ ਦੀ ਅਗਲੀ ਸੀਟ ਉੱਤੇ ਬਹਿ ਕੇ ਬੋਲਿਆ, ਚੱਲ ਬਾਈ ਖਿੱਚ ਦੇ ਕੰਮ...'
*** *** ***
ਓਮੇ ਸੇਠ ਨੇ ਤਾੜੀ ਮਾਰ ਕੇ, ਹੱਟੀ ਦੇ ਰੌਸ਼ਨਦਾਨਾਂ ਵਿੱਚ ਬੈਠੇ ਕਬੂਤਰ ਉਡਾ ਦਿੱਤੇ। ਸੋਟੀ ਨਾਲ ਉਹਨਾਂ ਦੇ ਆਲ੍ਹਣੇ ਲਾਹ ਕੇ ਬਾਹਰ ਲਿਆ ਸੁੱਟੇ ਤਾਂ ਇਨ੍ਹਾਂ ਵਿੱਚ ਪਏ ਆਂਡੇ ਫੁੱਟ ਜਾਣ ਕਰਕੇ, ਨੱਕ 'ਤੇ ਬਾਂਹ ਕਰਦੇ ਹੋਇਆਂ ਸੂਗ ਮੰਨੀ, 'ਏਨ੍ਹਾ ਨੇ ਅੱਢ ਲਹੂ ਪੀਤਾ, ਹੇ ਰਾਮ... ਰਾਧੇ... ਰਾਧੇ... !' ਤੇ ਫੇਰ ਅੰਦਰ ਆ ਕੇ ਰੇਡੀਓ ਦੀ ਸੁੱਚ ਨੂੰ ਘੁੰਮਾ ਕੇ ਟੇਸ਼ਣ ਲੱਭ ਕੇ ਲਾ ਲਿਆ ਤੇ ਗਾਣਾ ਸੁਣਨ ਲੱਗ ਪਿਆ।
'ਮਾਂ ਦੀਏ ਲਾਡੋ ਨੀ ਟਾਹਲੀ ਵਾਲੇ ਖੇਤ ਨਾ ਜਾਈਂ,
ਖੇਤ ਨਾ ਜਾਈਂ, ਖੇਤ ਨਾ ਜਾਈਂ,
ਹਾਂ, ਮਾਂ ਦੀਏ ਲਾਡੋ, ਨੀਂ ਟਾਹਲੀ ਵਾਲੇ ਖੇਤ ਨਾ ਜਾਈ.....।
ਗਲੀ ਵਿੱਚੋਂ ਲੰਘਦੇ ਬਲੌਰੇ ਨੇ ਪੈਰ ਮਲ ਲਏ। ਜਾਣੇ ਧਰਤੀ ਵਿੱਚ ਗੱਡੇ ਹੀ ਗਏ। ਗੁੱਸੇ ਨਾਲ ਐਸੀ ਚਿੱਤ ਨੂੰ ਕਚਿਆਈ ਚੜ੍ਹੀ, ਉਹ ਕਾਹਲੇ ਪੈਰੀਂ ਹੱਟੀ 'ਤੇ ਆ ਕੇ ਖੜ੍ਹ ਗਿਆ। ਗਾਣਾ ਚੱਲੀ ਗਿਆ। ਤਾਂ ਉਹਦੀ ਬੁੱਕਲ ਵਿੱਚੋਂ ਰੇਡੀਉ ਨੂੰ ਚੱਕ ਕੇ ਜ਼ੋਰ ਨਾਲ ਥੱਲੇ ਮਾਰਿਆ, ਪਰ ਫੇਰ ਵੀ ਉਹ ਖਰੜ ਆਵਾਜ਼ ਵਿੱਚ ਗਾਉਂਦਾ ਰਿਹਾ।
'ਮਾਂ ਦੀਏ ਲਾਡੋ ਨੀਂ ਟਾਹਲੀ ਵਾਲੇ ਖੇਤ ਨਾ ਜਾਂਈ...।
ਪਰ੍ਹੇ ਪਿਆ ਚਾਰ ਪੰਜ ਇੱਟਾਂ ਦਾ ਖੰਗਰ ਚੱਕ ਕੇ, ਸਿਰ ਤੋਂ ਲਿਆ ਕੇ, ਜ਼ੋਰ ਨਾਲ ਮਾਰਿਆ, ਤਾਂ ਹੱਟੀ ਵਿੱਚ ਪਈਆਂ ਚੀਜਾਂ ਦੇ ਨਾਲ ਭਰੇ ਮਰਤਬਾਨਾਂ ਵਿੱਚ ਕੰਬਣੀ ਛਿੜ ਗਈ। ਰੇਡੀਓ ਵਿੱਚੋਂ ਧੂੰਆਂ ਨਿਕਲ ਗਿਆ ਤੇ ਬੰਦ ਹੋ ਗਿਆ। ਓਮਾ ਡਰਦਾ ਹੋਇਆ ਉੱਠ ਕੇ ਅੰਦਰਲੇ ਬੂਹੇ ਕੋਲ ਜਾ ਕੇ ਖੜ੍ਹ ਗਿਆ, ਜੋ ਉਹਦੇ ਘਰ ਵਿੱਚ ਜਾ ਕੇ ਖੁੱਲ੍ਹਦਾ ਸੀ, ਕਿਤੇ ਭੂਸਰਿਆ ਬੰਦਾ ਉਹਦੇ ਹੀ ਨਾ ਕੁਛ ਚੱਕ ਕੇ ਮਾਰ ਦੇਵੇ। ਮੂੰਹ ਵਿੱਚੋਂ ਚੂੰ ਨਹੀਂ ਕੱਢੀ।
ਉਹਨੇ ਆਕਾਸ਼ ਵੱਲ ਵੇਖ ਕੇ ਜ਼ੋਰ ਨਾਲ ਥੁੱਕ ਦਿੱਤਾ ਤੇ ਫੇਰ ਆਪਣੀ ਬੋਲ- ਬਾਣੀ ਤੇ ਕਾਬੂ ਕਰਦਾ ਬੋਲਿਆ, 'ਸੇਠਾ ਆਹ ਕੈ-ਰੁਪਈਆਂ ਦਾ ਸੀਗਾ ਤੇਰਾ ਢਿੱਮ-ਢੈਣਾ ਜਾ'