‘ਊਂ..ਹੂੰ..’ ਅੰਗਰੇਜ਼ ਨੇ ਖੰਗੂਰਾ ਮਾਰ ਕੇ ਬਲੌਰੇ ਨੂੰ ਨਾਲ ਜਾਣ ਲਈ ਕਿਹਾ। ਉਹ ਤੁਰ ਪਿਆ ਤਾਂ ਦੋ ਪੁਲਾਘਾਂ ਦੀ ਵਿੱਥੀ ਤੇ ਨਸੀਬੋ ਵਿਹੜੇ ਵਿੱਚ, ਹੂੰਜ ਕੇ ਇੱਕਠੇ ਕੀਤੇ ਕੂੜੇ ਦੇ ਢੇਰ ਨੂੰ ਫਰੋਲੀ ਜਾਂਦੀ ਸੀ। ਇੰਜ ਨਿੱਕ-ਸੁਕ ਛਾਂਟ ਲੈਦੀਂ, ਜਿੰਨ੍ਹਾਂ ਨੂੰ ਝੋਕੇ ਵਿੱਚ ਲਾ ਕੇ ਨਿੱਤ ਅੱਗ ਬਾਲ ਲੈਂਦੀ।
'ਖੁਸ਼ੀ ਮੱਥਾ ਮਾਰ ਬੇਬੇ, ਏਥੇ ਬੰਦੇ ਚੋਂ ਨੀ ਕੁਸ ਥਿਔਂਦਾ ਕੂੜੇ ਚੋਂ ਕੀ ਲੱਬ-ਲੇਂ- ਗੀ, ਜੋ ਕੋਲ਼ੇ ਐ ਓਵੀ ਗਮਾ-ਲੇਂ-ਗੀ' ਬਲੌਰਾ ਝੱਗੇ ਦੇ ਗਦਾਮ ਜੜ੍ਹਦਾ ਹੋਇਆ ਪੈਰ ਮਲ ਗਿਆ। ਜੁੱਤੀ ਦੀ ਸਿਉਣ ਅੱਜ ਫੇਰ ਪੱਥੀ ਕੋਲੋਂ ਉੱਧੜੀ ਵੇਖੀ, ਜੀਹਨੂੰ ਕਿੰਨੇ ਵਾਰ ਮੋਚੀ ਤੋਂ ਤੋਪਾ ਭਰਵਾ ਕੇ ਲੈ ਆਇਆ ਸੀ।
ਪੁੱਠੇ ਹੱਥ ਨਾਲ ਨਸੀਬੋ ਨੇ ਸੇਲ੍ਹੀ ਨੂੰ ਆਈ ਸਲਾਬ ਪੂੰਝੀ ਤੇ ਪਥੱਲਾ ਮਾਰ ਕੇ ਬਹਿ ਗਈ। ਇਉਂ ਬਾਹਲਾ ਚਿਰ ਪੈਰਾਂ ਭਾਰ ਬਹਿਣ ਕਰਕੇ ਵੀ ਮੁਰਚੇ ਦੁੱਖਣ ਲੱਗ ਪੈਂਦੇ ਸੀ, ਤੇ ਬੋਲੀ, ‘ਬੰਦੇ...! ਔਤ ਪੈਣੀ ਦੇ ਕੇੜ੍ਹੇ ਬੰਦੇ, ਮਰਿਆਂ ਨਾਲ਼ੋਂ ਭੈੜੇ ਐ, ਬੰਦੇ ਵੀਰ ਪਹਿਲਾਂ ਹੁੰਦੇ ਸੀਗੇ, ਹੁਣ ਤੇ ਨਿਰੀ ਪਖੰਡ ਦੀ ਜੈਰ ਐ, ਸੱਪ ਲੜ-ਜੇ ਤਾਂ ਹੂਈਂ ਮਰ-ਜੇ' ਕੂੜੇ ਦੇ ਢੇਰ ਚੋਂ ਮੀਂਗਣ ਚੁੱਕ ਕੇ ਉਹਨੂੰ ਵਿਖਾ ਕੇ ਬੋਲੀ, ‘ਮੀਂਗਣਾ ਅਰਗੇ ਤਾਂ ਮਾਂਜਣੇ ਰਹਿ-ਗੇ ਬੰਦਿਆਂ ਦੇ, ਜਿਦੋਂ ਬਾਬਾ ਜਲੌਰ ਸੂੰ ਮੁੱਕਿਆ ਨਾ ਓਦੋਂ ਫੁੱਲਾਂ ਨਾਲ ਮੱਘਾ ਡਟਿਆ ਗਿਆ, ਮੱਘਾ, ਜਿਉਂਦੇ ਬੰਦੇ ਦੇ ਹੱਡ ਤਾਂ ਪੁੱਤ ਝੋਰੇ ਖਾ ਜਾਂਦੇ ਐ ਫੁੱਲ ਕਿੱਥੇ ਭਾਲਣ, ਛੀ-ਵੀਹਾਂ ਉਮਰ ਭੋਗ ਕੇ ਪੂਰਾ ਹੋਇਆ..”
'ਬੇਬੇ ਹੁਣ ਤੇ ਲੋਕਾਂ ਨੂੰ ਗੰਗਾ ਚ ਫੁੱਲ ਪੌਣ-ਲੀ ਨੀ ਥਿਔਣੇ, ਬੰਦੇ ਪੂਰੇ ਨੀ ਹੁੰਦੇ, ਸੌਰੀ ਦੇ ਊਣੇ-ਊਣੇ ਜੇ ਈ ਤੁਰ ਜਾਂਦੇ ਐ' ਕੱਛ ਵਿੱਚੋਂ ਮੂਕਾ ਕੱਢ ਕੇ, ਹੱਥ ਨਾਲ ਪੂਣੀ ਕਰਕੇ, ਸਿਰ ਤੇ ਉੱਗੜ-ਦੁੱਗੜ ਵਲਾਂਵੇ ਮਾਰਨ ਲੱਗ ਪਿਆ।
ਨਸੀਬੋ ਦੇ ਚਿੱਤ ਵਿੱਚ ਕਿਸੇ ਗੁੱਜੇ ਚਾਅ ਨੇ ਧੁੱਕੀ ਪਾ ਕੇ ਧੂੜਾਂ ਪੱਟ ਦਿੱਤੀਆਂ, ਤਾਂ ਬੋਲੀ 'ਜਲੌਰ ਸੂੰ ਤਾਂ ਵੀਰ ਗੱਲਾਂ ਕਰਦਾ ਮੁੱਕਿਆ ਸੀਗਾ, ਗੱਲਾਂ ਨੀ ਸੀਗੀਆਂ ਮੁੱਕੀਆਂ, ਹੁਣ ਤੇ ਜੈ-ਖਾਣੀਆਂ ਗੱਲਾਂ ਮੁੱਕ ਜਾਂਦੀਆਂ, ਪਿੱਛੋਂ ਜੇ ਆ ਕੇ ਬੰਦੇ ਊਈਂ ਚੁੱਪ ਜੇ ਰਹਿ ਜਾਂਦੇ ਐ, ਅਣ-ਮੁੱਕੇ ਈ ਤੁਰ ਪੈਂਦੇ ਨੇ..'
ਅੰਗਰੇਜ਼ ਦੇ ਮੂੰਹ ਵਿੱਚ ਟਾਹਲੀ ਦੀ ਦਾਤਣ ਸੀ, ਜੀਹਨੂੰ ਚੱਬਦਾ ਹੋਇਆ, ਉਹ ਕੂੜੇ ਦੇ ਢੇਰ ਤੇ ਥੁੱਕਦਾ ਤਾਂ ਥੁੱਕ ਦੇ ਭੂਰ-ਛਿੱਟੇ ਨਸੀਬੋ ਦੇ ਮੂੰਹ-ਮੱਥੇ ਤੇ ਪੈਂਦੇ, ਜਿੰਨ੍ਹਾਂ ਨੂੰ ਉਹ ਚੁੰਨੀ ਦੇ ਪੱਲੇ ਨਾਲ ਪੂੰਜ ਲੈਂਦੀ। ਉਸ ਨੇ ਖਿੱਝ ਕੇ ਬਲੌਰੇ ਦੇ ਸੱਜੇ ਡੌਲੇ ਨੂੰ ਹਲੂਣ ਕੇ ਕਿਹਾ, 'ਲੱਤਾਂ ਨੂੰ ਕੀ ਜੂੜ ਨੜ ਲਿਆ, ਤੁਰ ਪੈ, ਧੁੱਪ ਤਾਂ ਮਿੱਟੀ ਦੇ ਖੁਰ ਵੱਢਣ ਲੱਗ-ਪੀ, ਸੂਰਜ ਘਰੇ ਚਾੜ ਕੇ ਗੁੱਡੇ ਆਨੂੰ ਘਰੇ ਤਾਂ ਨ੍ਹੀ ਭੁੰਜੇ ਲਾਹੁਣਾ...।
'ਏਨਾਂ ਕਾਗਤਾਂ ਨਾਲ ਕੀ ਰੋਟ ਪੱਕ-ਜੂ, ਉੱਠ ਕੇ ਤੁਰ ਪੈ' ਬਲੌਰੇ ਨੇ ਚਿੱਤ ਦੀ ਸਾਰੀ ਤਾਅ ਨਸੀਬੋ ਤੇ ਕੱਢ ਮਾਰੀ। ਚਿੱਤ ਕਰਦਾ ਸੀ ਕਿ ਅੰਗਰੇਜ਼ ਦੇ ਵੱਟ ਕੇ ਚੰਡ ਮਾਰੇ, ਪਰ ਏਸ ਘਰ ਨੂੰ ਆਦਤ ਪੈ ਚੁੱਕੀ ਸੀ, ਆਖੇ, 'ਭੂਤਨੀ ਦਿਆ ਪਰੇ ਨ੍ਹੀ ਥੁੱਕ ਮਰ ਹੁੰਦਾ..'।