Back ArrowLogo
Info
Profile

ਚਵਾ-ਚਵੀ

ਗਲੀ ਵਿੱਚ ਬੈਠੇ ਆਵਾਰਾ ਕੁੱਤੇ ਬਲੌਰੇ ਨੂੰ ਵੇਖ ਕੇ ਅੱਜ ਭਉਂਕੇ ਨਹੀਂ ਤਾਂ ਹੈਰਾਨੀ ਨਾਲ ਉਹਦੀ ਰੂਹ ਵਿੱਚ ਚਿੱਬ ਪੈ ਗਿਆ। ਕਾਲੇ ਕੁੱਤੇ ਵੱਲ ਮੁੱਕੀ ਵੱਟ ਕੇ, ਦਾਬਾ ਮਾਰਿਆ, 'ਹਟ...' ਪਰ ਕੁੱਤੇ ਦੇ ਮੂਹ ਤੋਂ ਮੱਖੀ ਨਹੀਂ ਉਡੀ । ਉਬਾਸੀ ਲੈ ਕੇ ਉਵੇਂ ਪਿਆ ਰਿਹਾ। ਉਹਨੇ ਪਿੱਛੇ ਗਲੀ ਵਿੱਚ ਨਜ਼ਰ ਮਾਰੀ, ਉਹਨੂੰ ਆਪਣੀ ਕੋਈ ਪੈੜ੍ਹ ਵੀ ਬਣੀ ਹੋਈ ਵਿਖਾਈ ਨਹੀਂ ਦਿੱਤੀ।

ਉਹਨੇ ਆਪਣੀ ਨਬਜ਼ ਨੂੰ ਦੂਜੇ ਹੱਥ ਵਿੱਚ ਫੜ੍ਹ ਕੇ ਟੋਇਆ, ਕੋਈ ਰੜਕ ਨਹੀਂ ਲੱਗੀ। ਜਾਪਿਆ, ਕਿਤੇ ਏਨ੍ਹਾਂ ਲਈ ਮਰ ਗਿਆ। ਇਹ ਕੁੱਤੇ ਤਾਂ ਗਲੀ ਵਿੱਚ ਆਉਂਦੇ ਨੂੰ ਵੇਖ ਕੇ, ਦੂਰੋਂ ਹੀ ਕੱਚਾ ਵੱਢ ਖਾਣ ਤੱਕ ਆਉਂਦੇ ਸੀ ਪਰ ਅੱਜ ਇਨ੍ਹਾਂ ਨੇ ਕਿਹੜੀ ਨੇਸ਼ਤੀ ਲੜ੍ਹ ਬੰਨ੍ਹੀ ਹੋਈ ਸੀ।

ਦੀਸਾਂ ਦੇ ਵਿਆਹ ਤੋਂ ਬਾਦ ਉਹ ਘਰ ਵਿੱਚੋਂ ਬਾਹਰ ਨਹੀਂ ਸੀ ਨਿਕਲ ਸਕਿਆ। ਘਰ ਵਿੱਚ ਖਾਣ ਲਈ ਕਿੰਨੀ ਭਾਜੀ ਪਈ ਸੀ ਤੌੜਿਆਂ ਵਿੱਚ, 'ਬਾਪੂ ਮੇਰੀ ਤਾਂ ਤੇਰੇ ਨਾਲ ਏਨੇ ਕੁ ਅੰਨ-ਜਲ ਦੀ ਸਾਂਝ ਐ' ਇਹਦੇ ਵਿੱਚੋਂ ਬਾਟੀ ਭਰ ਕੇ ਅਜੈਬ ਨੂੰ ਫੜ੍ਹਾ ਦਿੰਦਾ ਤੇ ਬੱਕਰੀ ਚੋਅ ਕੇ ਖਾਰਾ ਦੁੱਧ ਪੀ ਲੈਂਦਾ। ਹੁਣ ਜਿਵੇਂ ਇਹੀ ਉਹਦਾ ਰਿਜ਼ਕ ਬਣ ਗਿਆ।

ਇਨ੍ਹਾਂ ਦੋ-ਚਿੱਤੀਆਂ ਵਿੱਚ ਉਹ ਗਲੀਆਂ ਦਾ ਗਾਰਾ ਮਿੱਧਦਾ ਹੋਇਆ ਪੀਰੂ ਘੁਮਿਆਰ ਦੇ ਬੂਹੇ ਅੱਗੇ ਜਾ ਕੇ ਖੜ੍ਹ ਗਿਆ। ਕੰਧਾਂ ਦੀ ਥਾਂਵੇਂ ਝਾਫਿਆਂ ਦੀ ਵਾੜ ਸੀ, ਜੀਹਨੇ ਉਹਦੇ ਕੱਚੇ ਕੋਠੇ ਨੂੰ ਘੇਰਾ ਪਾਇਆ ਸੀ।

ਬੂਹੇ ਦੀ ਥਾਂ, ਟੇਢੀ ਕਰਕੇ ਰੱਖੀ ਹੋਈ ਲੱਕੜ ਲੰਘ ਕੇ ਜਦ ਦੋ ਕਦਮ ਚੱਲ ਕੇ ਅੱਗੇ ਆਇਆ ਤਾਂ 'ਗਾਂਹ ਈ ਆਜਾ, ਆ ਬਹਿ-ਜਾ' ਪੀਰੂ ਨੇ ਆਪਣੇ ਥੱਲੇ ਪਈਆਂ ਦੋ ਇੱਟਾਂ ਵਿੱਚੋਂ ਇੱਕ ਇੱਟ ਕੱਢ ਕੇ ਅੱਗੇ ਰੱਖ ਦਿੱਤੀ, ਤੇ ਹੱਥ ਨਾਲ ਝਾੜ ਕੇ ਕਿਹਾ, 'ਹੁਣ ਬਹਿ ਤਖਤ ਤੇ, ਉਹ ਚਿਲਮ ਨੂੰ ਬੀੜੀ ਅਤੇ ਸੁੱਖੇ ਦੇ ਪੱਤਿਆਂ ਵਿੱਚ ਰਲਾ ਕੇ ਬਣਾਏ ਮਲਬੇ ਨਾਲ ਨੱਪ-ਨੱਪ ਕੇ ਭਰ ਰਿਹਾ ਸੀ।

ਬਲੌਰੇ ਦੀਆਂ ਅੱਖਾਂ ਵਿੱਚ ਰਾਤ ਦੇ ਉਨੀਂਦਰੇ ਦੀ ਰੜਕ ਪੈ ਰਹੀ ਸੀ। ਰਾਤੀ ਕਿੰਨੀ ਈ ਮਿੱਟੀ ਕਹੀ ਦੇ ਟੱਕਿਆਂ ਨਾਲ ਬੁੜਕ ਦੇ ਉਹਦੀ ਅੱਖ ਵਿੱਚ ਪੈਂਦੀ ਰਹੀ, ਜੀਹਨੂੰ ਕੱਢਣ ਦੀ ਕੋਸ਼ਿਸ਼ ਕਰਦਾ ਤਾਂ ਰੜਕ ਬਾਹਲੀ ਈ ਪੈਂਦੀ। ਘਰ ਦੀ ਹਰ ਸ਼ੈਅ ਨੂੰ ਪੂਰੀ ਪਰਖ ਕਰਨ ਦੀ ਰੀਝ ਨਾਲ ਵੇਖਣ ਲੱਗ ਪਿਆ ਤਾਂ ਪੀਰੂ ਨੇ ਉਹਦੀ ਨਜ਼ਰ ਵੱਲ ਵੇਖ ਕੇ ਜਿਹੜੀ ਪਾਸੇ ਉਹ ਜਾਂਦੀ ਪਈ ਸੀ, ਬੋਲਿਆ, 'ਕਾਹਦੀ ਨਿਰਖ ਕਰੀ ਜਾਨੈਂ' ਬਾਈ' ਚਿਲਮ ਭਰ ਕੇ, ਉਹਦੇ ਹੇਠ ਲੀਰ ਵਲ੍ਹੇਟ ਲਈ, ਜੀਹਦੇ ਨਾਲ ਮੂੰਹ ਲਾ ਕੇ ਸੂਟਾ ਮਾਰਦਾ ਸੀ।

'ਤੂੰ ਆਹ ਇੱਕੇ ਕੋਠੜੇ ਵਿੱਚ ਈ ਸਾਰੀ ਉਮਰ ਕੱਢ-ਲੀ, ਲੋਕੀ ਤਾਂ ਸਭ ਕੁਛ ਹੁੰਦੇ ਸੁੰਦੇ ਵੀ ਲੁੱਟ ਮਚਾਈ ਬੈਠੇ ਐ' ਮੋਢੇ ਮਾਰ ਕੇ ਸੋਚਾਂ ਵਿੱਚ ਗੋਤਾ ਖਾ ਗਿਆ,

94 / 106
Previous
Next