

ਲੜ ਵਿੱਚੋਂ ਸਰੋਂ ਦੇ ਬੀਜਾਂ ਦੀ ਨਿੱਕੀ ਜਿਹੀ ਪੋਟਲੀ ਉਹਨੂੰ ਫੜ੍ਹਾ ਦਿੱਤੀ, ਤੇ ਇਸ ਵਾਰ ਆਪ ਉਹਦੇ ਦੋਵੇਂ ਹੱਥ ਕੋਈ ਵਾਅਦਾ ਲੈਣ ਦੀ ਰੀਝ ਨਾਲ ਘੁੱਟ ਕੇ ਬੋਲਿਆ, 'ਬੈਸ ਆਹ ਸਰੋ' ਦਾ ਛਿੱਟਾ ਜਾ ਕੇ ਮੇਰੇ ਵਾਹਣ ਵਿੱਚ ਦੇ-ਦਿਆ ਕਰੀਂ, ਉਹ ਆਵਦੇ ਹੱਥੀਂ ਕਿਤੇ ਲੰਘਦੀ-ਵੜ੍ਹ ਦੀ ਸਾਗ ਤੋੜ ਕੇ ਲੈ-ਜਿਆ ਕਰੂ...'
ਬਲੌਰੇ ਦੀ ਧੁੱਪਾਂ ਨਾਲ ਪੱਕ-ਪੱਕ ਕੇ ਐਨ ਜਵਾਂ ਖੰਗਰ ਹੋਈ ਚਮੜੀ ਵੇਖ ਕੇ, ਪੀਰੂ ਦਾ ਜਿਵੇਂ ਗਚ ਭਰ ਗਿਆ, ਜਿਵੇਂ ਉਹਦੇ ਵਿੱਚ ਚੱਤੋ ਪਹਿਰ ਹੀ ਕੋਈ ਸ਼ੈਅ ਰਿੱਜੀ ਜਾਂਦੀ ਹੋਵੇ। ਫੇਰ ਉਹਦੇ ਹੱਥਾਂ ਨੂੰ ਫੜ੍ਹ ਕੇ ਨਿਰਖ ਕਰਕੇ ਵੇਖਿਆ, ਸੱਜੇ ਹੱਥ ਨਾਲੋਂ ਖੱਬੇ ਹੱਥ 'ਤੇ ਸੱਟਾਂ ਦੇ ਡੂੰਘੇ ਨਿਸ਼ਾਨ ਸੀ । ਉਹਦੇ ਹੱਥਾਂ ਨੂੰ ਸਿਰ ਤੋਂ ਉਚੇ ਚੱਕ ਕੇ ਆਪਣੇ ਜਾਣੀ ਆਕਾਸ਼ ਨੂੰ ਵਖਾ ਕੇ ਬੋਲਿਆ, 'ਜਦੋਂ ਰੱਬ ਤੇਰੇ ਹੱਥਾਂ ਵੰਨੀ ਵੱਖੂ, ਭੈਣ ਦੇਣੇ ਨੂੰ ਸ਼ਰਮ ਤਾਂ ਆਉ, ਬਈ ਏਹ ਬੰਦੇ ਸਾਰੀ ਉਮਰ ਚੰਮ ਜੋਤ-ਜੋਤ ਕੇ ਖੇਤਾਂ ਵਿੱਚ ਕਮਾਉਂਦੇ ਰਹੇ, ਤੇ ਕਦੇ ਢਕਾਰ ਨਹੀਂ ਲੈ ਕੇ ਵੇਖਿਆ, ਤੇ ਫੇਰ ਆਪਣੇ ਹੱਥਾਂ ਦੀ ਵੀ ਅਜਿਹੀ ਹਾਲਤ ਵੇਖ ਕੇ ਬੋਲਿਆ, 'ਰੱਬ ਨੂੰ ਆਪਣਾ ਪਾਪ ਲੈ ਕੇ ਬੈਠੂ, ਵੱਖੀ ਜਾਂਈ ਮਰ ਕੇ'
ਬਲੌਰੇ ਨੇ ਗੋਢਿਆਂ ਤੇ ਹੱਥ ਰੱਖ ਕੇ ਬਿਨਾਂ ਉਠਦੇ ਹੋਇਆਂ, ਕੋਲ ਪਏ ਤੌੜਿਆਂ ਦੇ ਢੇਰ ਤੋਂ ਥਾਪ ਦੇ ਕੇ ਮੋੜ ਦਿੱਤਾ, 'ਰੱਬ ਨੂੰ ਤਾਂ ਆਪਣੇ ਮੱਥੇ ਲੱਗਣਾ ਔਖਾ ਹੋਜੂ ਪੀਰੂ 'ਤੇ ਫੇਰ ਉਸ ਦਿਨ ਪੰਡਤ ਵਾਲੀ ਦੱਸੀ ਤਰੀਕ ਦੇ ਹਿਸਾਬ ਨਾਲ ਪੀਰੂ ਨੂੰ ਕਾਰਡ ਵੰਡਣ ਦੀ ਪੱਕੀ ਠੋਕਵੀਂ ਹਦਾਇਤ ਦਿੱਤੀ, 'ਸੰਗਰਾਂਤ ਤੋਂ ਅਗਲੇ ਦਿਨ ਈ ਵੰਡਣੇ ਐ ਬਾਈ’
ਤੇ ਉਹਦੇ ਜਾਂਦੇ ਹੋਏ ਦੀ ਚਾਦਰੇ ਵਿੱਚੋਂ ਨੰਗੀ ਹੁੰਦੀ ਲੱਤ ਵੱਲ ਪੀਰੂ ਵੇਖਣ ਲੱਗ ਪਿਆ।
*** *** ***
ਘਰ ਦੇ ਸਾਰੇ ਵਿਹੜੇ ਵਿੱਚ ਲਾਈਆਂ ਟਾਹਲੀਆਂ ਨੂੰ ਕਈ ਦਿਨ ਬੀਤ ਗਏ।
ਟਾਹਲੀਆਂ ਦੇ ਜੜ੍ਹ ਮਾਰ ਲਈ ਸੀ, ਸਿਰਫ ਪੰਜ ਕੁ ਟਾਹਲੀਆਂ ਈ ਸੁੱਕ ਗਈਆਂ ਸੀ, ਜਿਨ੍ਹਾਂ ਦੀ ਜੜ੍ਹ ਨਾਲ਼ੋਂ ਮਿੱਟੀ ਜਵਾਂ ਭੁਰ ਗਈ ਸੀ, 'ਜੇੜ੍ਹੇ ਬੂਟੇ ਦੀ ਜੜ੍ਹ ਰੱਬ ਨੂੰ ਦਿਖ-ਜੇ, ਉਹ ਨੀਂ ਕਦੇ ਬਹਾਲ ਹੁੰਦਾ, ਸੁੱਕ ਜਾਂਦੈ' ਜਦ ਉਹਨੂੰ ਨਸੀਬੋ ਦੀ ਗੱਲ ਯਾਦ ਆਈ ਤਾਂ ਖਿੱਝ ਕੇ ਹੱਸ ਪਿਆ। ਫੇਰ ਆਪ ਨੂੰ ਸੋਚ ਆਈ, 'ਸੈਂਤ ਉਨ੍ਹਾਂ ਦੀ ਜੜ੍ਹ ਰੱਬ ਨੂੰ ਦਿਖ-ਗੀ ਹੋਣੀ ਐ, ਤਾਂ ਹੀ ਉਹ ਹਜੇ ਤਾਂਈ ਬਹਾਲ ਨਹੀਂ ਹੋਏ-ਗੇ, ਰੱਬ ਤੋਂ ਵੀ ਬਹੁਤ ਕੁਛ ਲਕੋਅ ਕੇ ਰੱਖਣਾ ਪੈਂਦਾ, ਜੇ ਏਥੇ ਧਰਤੀ ਤੇ ਵਸਣਾ ਹੋਏ ਤਾਂ...'
ਜਦੋਂ ਉਹ ਪੱਟਾਂ 'ਤੇ ਹੱਥ ਰੱਖ ਕੇ ਖੜ੍ਹਾ ਹੋਇਆ ਤਾਂ ਉਹਦੇ ਗੋਢਿਆਂ ਦੇ ਜੋੜਾਂ ਵਿੱਚੋਂ ਖਾਸ ਕਰਕੇ ਲੱਕ ਵਿੱਚੋਂ ਕੜ-ਕੜ ਕਰਕੇ ਕੜਾਕੇ ਨਿਕਲੇ । ਬਹੁਤ ਚਿਰ ਇਉਂ ਪੈਰਾਂ ਭਾਰ ਬਹਿਣ ਕਰਕੇ ਅਜਿਹਾ ਹੋਇਆ ਤੇ ਸਿਰ ਨੂੰ ਹੰਦਾਲੀ ਚੜ੍ਹ ਗਈ।