

ਜਾਵੇ, ਖਰਾ ਕਰਨਾ ਇੰਨ੍ਹਾਂ ਨੂੰ...
'ਹੈਂ...।' ਅਜੈਬ ਆਪਣੇ ਖੁਸ਼ਕ ਹੋਏ ਗਿੱਟੇ ਤੋਂ ਸੰਗਲ ਨਾਲ ਪਏ ਨਿਸ਼ਾਨ ਨੂੰ ਨਹੁੰਆਂ ਨਾਲ ਖੁਰਕ ਕਰਨ ਲੱਗ ਪਿਆ।
'ਕਰ ਲਾ ਚਾਰ ਗੱਲਾਂ, ਫੇਰ ਨਾ ਆਖੀਂ ਬਾਪੂ, ਪਤਾ ਨ੍ਹੀ ਕੇੜ੍ਹੇ ਜਰਮ 'ਚ ਮੇਲ ਹੋਣੇਂ ਆਂ' ਉਹ ਖੜਾ ਹੋ ਗਿਆ। ਸਿਰ ਤੋਂ ਸਾਫਾ ਲਾਹ ਕੇ ਲੱਕ ਨਾਲ ਬੰਨ੍ਹ ਲਿਆ, 'ਏਸ ਜੱਗ 'ਤੇ ਮੈਨੂੰ ਤਾਂ ਕੋਈ ਟੱਕਰਿਆ ਨ੍ਹੀਂ ਬਾਪੂ, ਜੀਹਦੇ ਨਾਲ ਪੰਗਾ ਲੈ ਕੇ ਮੇਰੇ ਕੰਨਾਂ ਚੋਂ ਸੇਕਾ ਨਿਕਲ਼ੇ, ਹੁਣ ਪਾਉਣਾ ਜਾ ਕੇ ਮੈਂ ਰੱਬ ਦੇ ਗਲਾਵੇ 'ਚ ਹੱਥ, ਕਰਦਾ ਕੋਈ ਧੱਕਾ ਮੁੱਕੀ, ਇਉਂ ਹੱਥ 'ਤੇ ਹੱਥ ਰੱਖਿਆਂ ਕੁਛ ਨ੍ਹੀਂ ਵੱਟਿਆ ਜਾਣਾ, ਏਨੇ ਭੈਣ ਦੀ...' ਫੇਰ ਗਾਲ੍ਹ ਕੱਢਦਾ ਹੋਇਆ ਰੁਕ ਗਿਆ, 'ਮਾਂ-ਭੈਣ ਦੀ ਗਾਲ੍ਹ ਤਾਂ ਕਾਹਨੂੰ ਕੱਢਣੀ ਐ, ਏਹ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ' ਆਕਾਸ਼ ਵੱਲ ਵੇਖ ਕੇ, 'ਆਉਨਾ ਏਥੇ ਤੇਰੀ ਸੰਘੀ ਤੇ ਗੋਡਣੀ ਧਰਨ ਲਈ ਭੱਜੀ ਨਾ ਕਿਤੇ, ਜੇ ਪਿਉਂ ਦਾਂ' ਕਚੀਚੀ ਲਈ ਤਾਂ ਬੱਦਲਾਂ ਨੂੰ ਤੇਜ਼ੀ ਨਾਲ ਤੁਰਦਿਆਂ ਵੇਖ ਕੇ ਇਉਂ ਲੱਗਿਆ ਜਿਵੇਂ ਰੱਬ ਅੱਡੀਆਂ ਨੂੰ ਥੁੱਕ ਲਾ ਕੇ ਟਿੱਬ ਗਿਆ ਹੋਵੇ।
ਅਜੈਬ ਦੇ ਗਿੱਟੇ ਵਿੱਚੋਂ ਲਾਹ ਕੇ ਸੰਗਲ ਨੂੰ ਲਿਆ ਕੇ ਸੁਆਤ ਦੇ ਸੱਜੇ ਤਖਤੇ ਦੀ ਚੂਲ੍ਹ ਕੋਲ ਰੱਖ ਦਿੱਤਾ ਤੇ ਲਾਲਟੈਣ ਬਾਲ ਕੇ ਜੰਗਲੇ ਵਿੱਚ ਰੱਖ ਦਿੱਤੀ। ਕੋਲ ਹੀ, ਬੋਰੀ 'ਤੇ ਪਿਆ ਕੁੱਜਾ ਚੁੱਕ ਕੇ ਵੀ ਰੱਖ ਦਿੱਤਾ । ਦਾਣਿਆਂ ਵਾਲੀ ਬੋਰੀ ਵਿੱਚੋਂ ਭਰ- ਭਰ ਕੇ ਸਾਰੇ ਵਿਹੜੇ ਵਿੱਚ ਖਿਲਾਰ ਦਿੱਤੇ। ਕੋਠੇ ਦੀਆਂ ਛੱਤਾਂ 'ਤੇ ਵੀ। ਦਾਣੇ ਕੰਧ ਲੰਘ ਕੇ ਦਾਰੋ ਕੇ ਵਿਹੜੇ ਵਿੱਚ ਵੀ ਜਾ ਡਿੱਗੇ, ਜਿਨ੍ਹਾਂ ਨੂੰ ਦਾਰੋ ਚੁਗ-ਚੁਗ ਕੇ ਖਾਣ ਲੱਗੀ, ਜੋ ਤੰਦੂਰ 'ਤੇ ਬੱਠਲ ਰੱਖਣ ਆਈ ਸੀ ਮੀਂਹ ਦੀ ਵਾਛੜ ਤੋਂ ਬਚਾਅ ਕਰਨ ਲਈ।
ਉਹ ਦਾਣਿਆਂ ਦਾ ਬੁੱਕ ਭਰ ਕੇ ਹਵਾ ਵਿੱਚ ਉੱਤੇ ਉਛਾਲ ਦਿੰਦਾ ਤੇ ਫੇਰ ਮੂੰਹ ਖੋਲ੍ਹ ਕੇ ਉਪਰ ਚੱਕ ਕੇ, ਬਾਹਵਾਂ ਨੂੰ ਖਿਲਾਰ ਕੇ ਗੋਲ-ਗੋਲ ਘੁੰਮਦਾ। ਖੁਦ ਨੂੰ ਕਣੀਆਂ ਵਾਂਗ ਇਨ੍ਹਾਂ ਦਾਣਿਆਂ ਵਿੱਚ ਭਿਉਣ ਦਾ ਚਾਅ ਕਰਦਾ ਰਿਹਾ। ਨਿੱਕਾ ਹੁੰਦਾ, ਮੀਹ ਵਿੱਚ ਨਹਾਉਂਦਾ ਹੋਇਆ ਗਾਉਂਦਾ ਸੀ...।
'ਕਾਲੀਆਂ ਇੱਟਾਂ ਕਾਲੇ ਰੋੜ੍ਹ ਮੀਂਹ ਵਰਸਾਦੇ ਜ਼ੋਰੋ-ਜ਼ੋਰ...’ ਪਰ ਅੱਜ ਉਹਦੇ ਦਿਲ ਨੂੰ ਚਾਂਗਰ ਮਾਰੀ, 'ਚਿੱਟੀਆਂ ਇੱਟਾਂ ਚਿੱਟੇ ਰੋੜ੍ਹ, ਦਾਣੇ ਵਰ੍ਹਾ-ਦੇ ਜ਼ੋਰੋ-ਜ਼ੋਰ' ਹਿੱਕ ਤੇ ਦਾਣੇ ਵੱਜ ਕੇ ਥੋੜ੍ਹੇ ਜਿਹੇ ਵਾਲਾਂ ਨਾਲ ਖਹਿ ਕੇ ਉਛਲ ਵੀ ਜਾਂਦੇ।
ਉਹ ਅੰਦਰ ਜੰਗਲੇ ਵਿੱਚ ਪਈ ਲਾਲਟੈਣ ਨੂੰ ਚੱਕ ਕੇ ਬਾਹਰ ਲੈ ਆਇਆ ਤੇ ਮੂੰਹ ਵਿੱਚ ਫੜ੍ਹ ਕੇ ਖੜ੍ਹ ਗਿਆ। ਇਹਦੇ ਪੈਂਦੇ ਮਿੱਸੇ ਚਾਨਣ ਵਿੱਚ ਆਪਣੇ ਦੋਵੇਂ ਹੱਥਾਂ ਨੂੰ ਚੰਦ ਵੱਲ ਕਰਕੇ ਵਿਖਾਉਣ ਲੱਗ ਪਿਆ, 'ਵੇਹਣਾਂ, ਵੇਖ ਆਉਂਦੀ ਐ ਸ਼ਰਮ ਕੇ ਨਈਂ" ਕਿੰਨਾ ਚਿਰ ਹੱਥਾਂ ਨੂੰ ਉਹਦੇ ਅੱਗੇ ਪੁੱਠੇ ਸਿੱਧੇ ਕਰੀ ਗਿਆ । ਫੇਰ ਖੱਬੇ ਅੰਗੂਠੇ ਨਾਲ ਸੱਜੇ ਹੱਥ ਦੇ ਅੰਗੂਠੇ ਤੇ ਉਂਗਲ ਵਿੱਚਲੇ ਮਾਸ 'ਤੇ ਦਾਬ ਦੇਣ ਲੱਗ