ਬਨ ਜੁੱਧ
* ਭਾਈ ਵੀਰ ਸਿੰਘ
ਜਾਦੂ ਹੇਠ ਸਿਖਣੀ, ਦੀਪ ਕੌਰ, ਚੌਂਦਾ ਪਿੰਡ, ਪੰਮਾਂ,
ਕਲਾਲ ਗੁਰੂ ਕਾ ਲਾਲ, ਆਲਮ ਚੰਦ ਬਲੀਆ ਚੰਦ ਜੁੱਧ
1.
ਅੰਮ੍ਰਿਤ ਵੇਲਾ ਹੈ, ਸ਼ਾਂਤਿ ਹੈ, ਏਕਾਂਤ ਹੈ, ਚੁੱਪ ਹੈ, ਸੁਹਣੀ ਠੰਢ ਪੈ ਰਹੀ ਹੈ। ਆਨੰਦਪੁਰ ਹੈ, ਕੀਰਤਨ ਹੈ, ਕੀਰਤਨ ਦੀ ਮਿੱਠੀ ਮਿੱਠੀ ਧੁਨਿ ਕੰਨੀ ਆ ਰਹੀ ਹੈ। ਮਾਨੋਂ ਚੁੱਪ ਚੁੱਪ ਧਾਰੇ ਸਮਾਧੀ ਵਿਚ ਟਿਕੀ ਹੋਈ ਹੈ ਤੇ ਇਸ ਸੁਹਾਵੇ ਕੀਰਤਨ ਦਾ ਸੰਗੀਤਕ ਰਸ ਉਸ ਨੂੰ ਆਪੇ ਵਿਚ ਮਗਨ ਕਰ ਰਿਹਾ ਹੈ। ਮਲਕੜੇ ਇਕ ਇਕ ਦੋ ਦੋ ਸਿੱਖ ਆਉਂਦੇ ਹਨ ਤੇ ਸਹਿਜ ਨਾਲ ਦੀਵਾਨ ਵਿਚ ਟਿਕਦੇ ਜਾਂਦੇ ਹਨ। ਐਡੇ ਛੋਪਲੇ ਪੈਰ ਧਰਦੇ ਹਨ ਕਿ ਅਗੇ ਬੈਠਿਆਂ ਨੂੰ ਰਤਾ ਪਤਾ ਨ ਲਗੇ ਤੇ ਸੁਰਤ ਪਰ ਖਿੰਡਾਉ ਦਾ ਅਸਰ ਨ ਪਵੇ। ਇਸ ਤਰ੍ਹਾਂ ਦੇ ਸ਼ਾਂਤਿ ਪ੍ਰਭਾਉ ਵਿਚ ਵੇਲਾ ਹੋ ਗਿਆ ਸਾਹਿਬਾਂ ਦੇ ਆਉਣ ਦਾ, 'ਸਤਿਨਾਮ' 'ਸ੍ਰੀ ਵਾਹਿਗੁਰੂ' ਦੀ ਧੁਨਿ ਲਗ ਗਈ। ਸੰਗਤ ਸਾਰੀ ਅਦਬ ਨਾਲ ਉੱਠ ਕੇ ਖੜੋ ਗਈ। ਆਪ ਆਏ, ਹਾਂ, ਆਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਦੀਵਾਨ ਵਿਚੋਂ ਸਾਰਿਆਂ ਦੇ ਨੀਉਂਦੇ ਸੀਸਾਂ ਵਿਚ 'ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇ ਦਾ ਉਤਰ ਦੇ, ਮਲਯਾਗਰ ਦੀ ਸਮੀਰ ਵਾਂਙੂ ਸਹਿਜੇ ਤੁਰਦੇ ਜਾ ਬਿਰਾਜੇ ਨਿਜ ਸਿੰਘਾਸਨ ਉਤੇ। ਕੀਰਤਨ ਫੇਰ ਜਾਰੀ ਹੋ ਗਿਆ। ਚੁਪ ਵਰਤ ਗਈ, ਸ਼ਾਂਤਿ ਰਸ ਵਧੇਰੇ ਹੋ ਗਿਆ। ਸਾਰੀ ਸੰਗਤ ਨੇ ਆਨੰਦ ਲਿਆ, ਉਹ ਆਨੰਦ ਹੈ ਜੋ ਅੰਦਰੇ ਹੈ ਤੇ ਅੰਦਰੋਂ ਨਾਮ ਵਿਚ ਲੱਗਿਆਂ ਮਿਲ ਪੈਂਦਾ ਹੈ {ਅੰਤਰਿ ਖੂਹਟਾ