ਅਸਲ ਗੱਲ ਇਉਂ ਹੈ ਕਿ ਗੁਰੂ ਜੀ ਦੇ ਨਾਲ ਫੌਜ ਥੋੜੀ ਸੀ ਤੇ ਅੱਗੋਂ, ਜਿਨ੍ਹਾਂ ਨਾਲ ਟਾਕਰਾ ਪਿਆ ਸੀ, ਉਹ ਬਹੁਤ ਹੀ ਵਧੇਰੇ ਸਨ। ਇਹ ਗੱਲ ਲਖ ਕੇ ਗੁਰੂ ਜੀ ਨੇ ਇਕ ਮਾਰ ਦਾ ਟਿਕਾਣਾ ਲੱਭ ਕੇ ਉਥੇ ਪੈਰ ਜਮਾਏ ਤੇ ਆਪਣੇ ਅਚੁਕ ਤੀਰਾਂ ਦੀ ਬਰਖਾ ਨਾਲ ਆਪਣੀ ਗਿਣਤੀ ਦੇ ਘਾਟੇ ਨੂੰ ਪੂਰਾ ਕੀਤਾ। ਖਾਲਸੇ ਨੂੰ ਆਪਣੇ ਤੋਂ ਬਿਨਾਂ ਆਪਣੇ ਪੈਰੀਂ ਤੇ ਆਪਣੇ ਦਿਮਾਗੀ ਲੜਨੇ ਦਾ ਮੌਕਾ ਦਿੱਤਾ ਕਿ ਇਨ੍ਹਾਂ ਵਿਚ ਬਲ ਭਰੇ ਤੇ ਜਾਚ ਆਵੇ। ਇਹ ਹਾਰ ਦਾ ਮੂੰਹ ਬੀ ਵੇਖਣ ਤੇ ਹਾਰ ਵੇਲੇ ਨਾ ਹਾਰਣ ਦੀ ਜਾਚ ਬੀ ਸਿੱਖਣ। ਤੀਜਾ ਪਰਮਾਰਥਿਕ ਅਸੂਲ ਬੀ ਗੁਰੂ ਜੀ ਨੇ ਹੀ ਸਿਖਾਉਣਾ ਸੀ ਕਿ ਹੰਕਾਰ ਵਿਚ ਆਉਣਾ ਠੀਕ ਨਹੀਂ, ਹੰਕਾਰ ਮਤ ਮਲੀਨ ਕਰਦਾ ਹੈ: ਪਰ ਸ਼ੈ ਭਰੋਸਾ, ਸੈ ਟੇਕ ਤੇ ਚੜ੍ਹਦੀਆਂ ਕਲਾਂ ਬਲ ਭਰਦੀਆਂ ਤੇ ਮਤ ਨੂੰ ਨਿਰਮਲ ਰਖਦੀਆਂ ਹਨ।
ਗੁਰੂ ਜੀ ਤਾਂ ਇਕ ਉਸ ਵੇਲੇ ਦੇ ਮੌਕੇ ਮੂਜਬ ਜੁੱਧ ਦੀ ਚਾਲ ਸੰਭਾਲ ਰਹੇ ਸਨ, ਪਰ ਖ਼ਾਲਸੇ ਨੇ ਆਪਣੇ ਵਿਚ ਗੁਰੂ ਨਾ ਵੇਖ ਕੇ ਧੀਰਜ ਛੋੜ ਦਿੱਤਾ। ਸੂਰੇ ਗੁਰੂ ਨੇ ਫੇਰ ਧੀਰਜ ਬਨਾਇਆ, ਆਪਣੀ ਗੁਪਤ ਤਾਕਤ ਦੇ ਸਦਾ ਸਹਾਈ ਰਹਿਣ ਦਾ ਨਿਹਚਾ ਪੱਕਾ ਕਰਾ ਦਿੱਤਾ ਤੇ ਅੱਜ ਦੇ ਜੁੱਧ ਵਿਚ ਜੋ ਸਬਕ ਸਿਖਾਇਆ ਸੋ ਖ਼ਾਲਸੇ ਦਾ ਖਾਸ ਗੁਣ ਹੋ ਪ੍ਰਗਟਿਆ ਤੇ ਅਜ ਤਕ ਖ਼ਾਲਸੇ ਨੇ ਨਹੀਂ ਭੁਲਾਇਆ:- ਦੁਸ਼ਮਨ ਦੇ ਵਧੀਕ ਬਲ ਪੈ ਜਾਣ ਤੇ ਭੱਜ ਉਠਣਾ ਤੇ ਕੁਛ ਦੂਰ ਜਾ ਕੇ ਪੈਰ ਜਮਾ ਕੇ ਡੱਟ ਜਾਣਾ। ਦੁਸ਼ਮਨ ਖੁਸ਼ੀ ਵਿਚ ਵਧਿਆ ਆਉਂਦਾ ਹੈ ਤੇ ਆਪਣੀ ਸੋਚ ਵਿਚ ਨਹੀਂ ਹੁੰਦਾ; ਵੈਰੀ ਦੇ ਬੇਪਰਵਾਹ ਵਧੇ ਆਉਣ ਤੇ ਅਚਾਨਕ ਅਗੋਂ ਪੈ ਕੇ ਉਸਦੇ ਪੈਰ ਉਖੇੜ ਦੇਣੇ ਤੇ ਮੈਦਾਨ ਮਾਰ ਲੈਣਾ! ਦੂਜੀ ਵਿਉਂਤ ਇਹ ਕਿ ਐਸੇ ਜ਼ੋਰ ਪੈਣ ਤੇ ਪਿਛਲੇ ਪੈਰੀਂ ਹਟਣਾ, ਹਟੀ ਜਾਣਾ ਪਰ੍ਹੇ ਬੱਧੀ, ਆਪਣੀ ਸਫ ਨਹੀਂ ਟੁੱਟਣ ਦੇਣੀ। ਦੁਸਮਨ ਨਾਲ ਲੜੀ ਜਾਣਾ ਮਾਰੀ ਜਾਣਾ, ਮਰੀ ਜਾਣਾ, ਪਿੱਛੇ ਹਟੀ ਜਾਣਾ, ਪਰ ਐਸਾ ਪੈਂਤੜਾ ਬੱਧ ਪਿੱਛੇ ਹਟਣਾ ਕਿ ਦੁਸ਼ਮਨ ਨੂੰ ਹੱਲਾ ਕਰਨ ਦਾ ਹੌਂਸਲਾ ਨਾ ਪਵੇ ਤੇ ਇਉਂ ਵੈਰੀ ਨੂੰ ਹਫਾ ਦੇਣਾ। ਇਸ ਕਰਤਬ ਦਾ ਕਮਾਲ ਖਾਲਸੇ ਨੇ ਵਡੇ ਘੱਲੂਘਾਰੇ ਵਿਚ ਦਿਖਾਲਿਆ