ਸ੍ਰੀ ਦਸਮੇਸ਼ ਪਿਤਾ ਜੀ ਦੀ ਤੀਰ ਅੰਦਾਜ਼ੀ ਕਮਾਲ ਦੀ ਸੀ-ਹੁਣ ਤਾਂ ਲੋਕ ਸਮਝ ਨਹੀਂ ਸਕਦੇ ਕਿਉਂਕਿ ਤੀਰ-ਅੰਦਾਜ਼ੀ ਦਾ ਰਿਵਾਜ ਨਹੀਂ ਰਿਹਾ, ਬੰਦੂਕ ਨਾਲੋਂ ਤਦੋਂ ਤੀਰ ਛੇਤੀ ਚਲਾਇਆ ਜਾ ਸਕਦਾ ਸੀ ਤੇ ਇਸ ਹੁਨਰ ਦੇ ਕਮਾਲ ਵਾਲੇ ਗੁਰੂ ਜੀ ਕਈ ਵੇਰ ਇਸ ਨਾਲ ਬਹੁਤ ਕਾਮਯਾਬੀ ਲਿਆ ਕਰਦੇ ਸਨ {ਤੀਰ ਅੰਦਾਜ਼ੀ ਅਜੇ ਬੀ ਭੀਲਾਂ ਵਿਚ ਐਤਨੀ ਕੁ ਹ ਕਿ ਸੇਧ ਤੇ ਤੀਰ ਮਾਰ ਕੇ ਨਿਸ਼ਾਨੇ ਫੰਡ ਲੈਂਦੇ ਹਨ। ਸੁਣੀ ਆਵਾਜ਼ ਦੀ ਸੇਧ ਤੇ ਪੈਰ ਵਿਚ ਕਮਾਨ ਧਰਕੇ ਇਕ ਛੱਤ੍ਰੀ ਦਾ ਮੂੰਹ ਨਾਲ ਚਲਾਇਆ ਤੀਰ ਨਿਸ਼ਾਨੇ ਬੈਠਾ ਅਸਾਂ ਆਪ ਬੀ ਡਿਠਾ ਹੈ}
ਸਿੰਘ ਸਮਝੇ ਕਿ ਗੁਰੂ ਜੀ ਚਲੇ ਗਏ ਹਨ ਤੇ ਸਾਨੂੰ ਛੱਡ ਗਏ ਹਨ, ਪਰ ਗੁਰੂ ਜੀ ਲਾਭ ਵਾਲੇ ਟਿਕਾਣੇ ਨੂੰ ਤਾੜ ਕੇ ਉਥੇ ਅਚਿੰਤ ਖੜੋਤੇ ਆਪਣੀ ਧਨੁਖ ਵਿਦ੍ਯਾ ਦੇ ਕਮਾਲ ਨਾਲ ਫਤਹ ਪਾਉਣ ਦਾ ਬਾਨ੍ਹਣੂ ਬੰਨ੍ਹ ਰਹੇ ਸਨ। ਅਜ ਦੇ ਨਿਕੇ ਜਿਹੇ ਜੰਗ ਵਿਚ ਦਾਤਾ ਜੀ ਆਪਣਿਆਂ ਨੂੰ ਫਤਹ ਦੇ ਕਰਤਬ ਸਿਖਾ ਗਏ: ਜਿਨ੍ਹਾਂ ਦਾ ਕਿ ਜਸ ਹੁਣ ਤਾਂਈਂ ਹੁੰਦਾ ਹੈ। ਆਨੰਦਪੁਰ ਇਸ ਖੁਸ਼ੀ ਦੇ ਸਮਾਗਮ ਹੋਏ, ਰਾਤ ਨੂੰ ਘਰ ਘਰ ਦੀਪਮਾਲਾ ਹੋਈ, ਸਾਦੀਆਨੇ ਵੱਜੇ ਤੇ ਵਧਾਈਆਂ ਮਿਲੀਆਂ। ਮਾਤਾ ਜੀ ਨੇ ਅਰਦਾਸੇ ਸੁਧਾਏ, ਸਿਰ ਵਾਰਨੇ ਕੀਤੇ, ਗੁਰੂ ਨਾਨਕ ਦੇਵ ਜੀ ਦੇ ਹਜ਼ੂਰ ਵਿਚ ਕੜਾਹ ਪ੍ਰਸ਼ਾਦ ਧਰਕੇ ਸ਼ੁਕਰਾਨੇ ਕੀਤੇ। ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਦੀਵਾਨ ਸਜਿਆ, ਸੰਗਤਾਂ ਅੱਜ ਉਮਡਕੇ ਆਈਆਂ, ਨਗਰੀ ਦੇ ਲੋਕ ਬੀ ਸਾਰੇ ਆਏ। ਜਦੋਂ ਭੋਗ ਪੈ ਗਿਆ ਤੇ ਪ੍ਰਸ਼ਾਦ ਵਰਤ ਗਿਆ ਤਦ ਸਭ ਨੇ ਸ੍ਰੀ ਗੁਰੂ ਜੀ ਨੂੰ ਵਧਾਈਆਂ ਦਿੱਤੀਆਂ। ਭਾਈ ਨੰਦ ਲਾਲ ਜੀ ਦੀ ਇਕ ਗ਼ਜ਼ਲ ਹੈ ਜੋ ਉਸ ਸਮੇਂ ਤੇ ਆਖੀ ਗਈ ਜਾਪਦੀ ਹੈ, ਜੋ ਐਉਂ ਹੈ:-
ਜਿੱਧਰ ਜਾਵੇਂ ਪ੍ਯਾਰੇ ਮੇਰੇ! ਤੇਰਾ ਹੋਵੇ ਰਬ ਰਾਖਾ।
ਦਿਲ ਤੇ ਦੀਨ ਲੈ ਗਿਓਂ ਮੇਰਾ, ਤੇਰਾ ਹੋਵੇ ਰਖ ਰਾਖਾ।
ਬੁਲਬੁਲ ਅਤੇ ਗੁਲਾਬ ਦੁਏ ਹਨ, ਵਿਚ ਉਡੀਕਾਂ ਤੇਰੀਆਂ ਦੇ,
ਫੇਰਾ ਪਾ ਹੁਣ ਚਮਨ ਅਸਾਡੇ, ਤੇਰਾ ਹੋਵੇ ਰਬ ਰਾਖਾ।