ਸੰਸਾਰ ਉਹ ਅਜਾਇਬ-ਘਰ ਹੈ ਜਿਥੇ ਮੈਂ, ਮਨੁੱਖ ਰੂਪ ਵਿਚ, ਆਪਣੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਵੇਖੀ ਹੈ। ਮੇਰੀ ਬਾਦਸ਼ਾਹ ਬਣਨ ਦੀ ਇੱਛਾ, ਕਿੰਨੀ ਮੂਰਖਤਾ ਹੈ ਜਦੋਂ ਕਿ ਮੇਰੇ ਆਪੇ ਵਰਗਾ ਮੇਰੇ ਵਰਗੇ ਸਰੀਰ ਵਾਲਾ ਇਕ ਮਨੁੱਖ ਅੱਗੇ ਹੀ ਬਾਦਸ਼ਾਹ ਹੈ। ਅਤੇ ਜਦੋਂ ਮੈਂ ਇਹ ਵੇਖਦਾ ਹਾਂ ਕਿ ਕੇਵਲ ਰਾਜ ਭਾਗ ਮਨੁੱਖ ਦੀ ਹਸਤੀ ਵਿਚ ਮਾਮੂਲੀ ਵੀ ਵਾਧਾ ਨਹੀਂ ਕਰਦੇ, ਮੈਂ ਇਨ੍ਹਾਂ ਸਾਰਿਆਂ ਦਾ ਤਿਆਗ ਲੋਚਦਾ ਹਾਂ ਅਤੇ ਇਕ ਗਰੀਬ ਹੋਣ ਤੋਂ ਭਾਵ, ਮੈਨੂੰ ਕੇਵਲ ਆਪਣੀ ਨਜ਼ਰ ਦਾ ਰੁਖ਼ ਮੋੜ ਕੇ ਆਪਣੇ ਵਰਗੇ ਹਜ਼ਾਰਾਂ ਨੂੰ ਵੇਖਣ ਦੀ ਲੋੜ ਹੈ, ਜੋ ਉਸ ਪੂਰਤੀ ਵੱਲ ਜਾ ਰਹੇ ਹਨ। ਗਰੀਬੀ ਦੀ ਦਰਿਦਰਤਾ ਅਤੇ ਨਖਿਧ ਹਾਲਤ ਮਨੁੱਖ ਵਿਚ ਕੋਈ ਵਾਧਾ ਘਾਟਾ ਨਹੀਂ ਕਰਦੇ। ਜੇ ਮੈਂ ਆਪ ਇਨ੍ਹਾਂ ਟੀਚਿਆਂ ਅਤੇ ਇੱਛਾਵਾਂ ਦੀਆਂ ਸਫ਼ਲਤਾਵਾਂ ਅਤੇ ਨਾਕਾਮੀਆਂ ਦੇ ਅਣਗਿਣਤ ਰੰਗਾਂ ਨੂੰ ਵੇਖਾਂ ਤਾਂ ਇੱਛਾਵਾਂ ਅਤੇ ਸਫਲਤਾ ਲਈ ਕੀਤੇ ਜਤਨਾਂ ਦੁਆਰਾ ਨੰਗੀ ਕਰਕੇ ਰੱਖੀ ਰੂਹ ਦੀ ਤਬਾਹੀ ਵੇਖ, ਸਹਿਮ ਹੀ ਜਾਵਾਂਗਾ। ਮੇਰੀ ਕੋਈ ਇੱਛਾ ਨਹੀਂ।
ਮੈਂ ਜਿਥੇ ਹਾਂ ਠੀਕ ਹਾਂ। ਮੈਂ ਕੇਵਲ ਆਪਣੇ ਆਪ ਨੂੰ ਮੰਦਰ ਦੇ ਦੀਵੇ ਵਾਂਗ-ਸਾੜ ਦਿਆਂਗਾ। ਕਿਵੇਂ ਗੁਲਾਬ, ਆਪਣੀ ਮਾਂ ਟਹਿਣੀ ਤੇ ਖਿੜਦਾ ਹੈ, ਮੈਂ ਕੇਵਲ ਜੀਵਨ ਦੀ ਚਮਕ ਵਿਚ ਜਲ ਉਠਦਾ ਹਾਂ। ਸਿਮਰਨ, ਇਸ ਤਰ੍ਹਾਂ ਇਕ ਰੂਹਾਨੀ ਸੁਭਾ ਹੈ। ਜਿਵੇਂ ਕੁੱਤੇ ਵਿਚ ਮਨੁੱਖ ਨੂੰ ਪਿਆਰ ਕਰਨ ਦਾ ਵਧਦਾ ਸੁਭਾ ਹੈ, ਇਸ ਤਰ੍ਹਾਂ ਸਿਮਰਨ ਵਾਲੇ ਮਨੁੱਖ ਵਿਚ ਆਪਣੇ ਦੇਵਤਾ ਵੱਲ ਵਧਣ ਦੀ ਸੁਭਾਵਿਕ ਰੁੱਚੀ ਹੈ। ਉੱਚਿਆਂ ਵੱਲੋਂ ਪਿਆਰ ਦੀ ਛੋਹ, ਪਿਆਰ ਦੇ ਬੁਲਾਰੇ ਦਾ, ਪਿਆਰ ਦੀਆਂ ਕੋਮਲ ਤੇ ਤਰਸ ਭਰੀਆਂ ਨਜ਼ਰਾਂ ਦਾ ਹੁੰਗਾਰਾ ਭਰਨ ਦੀ ਰੁਚੀ ਨੂੰ ਕਾਇਮ ਰੱਖਣਾ ਤਾਂ ਲਾੜੀ ਦੀ ਲਾੜੇ ਨੂੰ ਮਿਲਣ ਲਈ ਕੀਤੀ ਜਾ ਰਹੀ ਤਿਆਰੀ ਵਾਂਗ ਹੈ। ਉਸ ਦੇ ਰਾਹ ਤੇ ਲਗੀਆਂ ਅੱਖੀਆਂ, ਉਸ ਦੇ ਨਾਮ ਦਾ ਜਾਪ ਕਰਦੀਆਂ ਹਨ ਅਤੇ ਮੇਰਾ ਸਰੀਰ ਵੀ ਉਸ ਦੇ ਨਾਮ ਨੂੰ ਪੁਕਾਰ ਪੁਕਾਰ ਖੁਸ਼ ਹੁੰਦਾ ਹੈ, ਜੋ ਆ ਰਿਹਾ ਹੈ, ਆ ਰਿਹਾ ਹੈ।