*
ਜੇ ਲੱਜਪਾਲ ਮੁਹੱਬਤ ਕਰੀਏ
ਕੀਹਦੇ ਨਾਲ਼ ਮੁਹੱਬਤ ਕਰੀਏ
ਅੱਖਾਂ ਪਾੜਕੇ ਵੇਖੇ 'ਨੇਰ੍ਹਾ
ਬੱਤੀਆਂ ਬਾਲ਼ ਮੁਹੱਬਤ ਕਰੀਏ
ਵੇਖ ਲਵਾਂਗੇ ਜੋ ਹੋਵੇਗਾ
ਹੁਣ ਫ਼ਿਲਹਾਲ ਮੁਹੱਬਤ ਕਰੀਏ
ਏਨਾ ਕਾਹਨੂੰ ਸੋਚੀ ਜਾਨਾ ਏ
ਦੇ ਮਿਸਕਾਲ ਮੁਹੱਬਤ ਕਰੀਏ
ਜਿਵੇਂ ਮਰਜ਼ੀ ਹਿਜਰ ਨਖੱਤਾ
ਮਗਰੋਂ ਟਾਲ ਮੁਹੱਬਤ ਕਰੀਏ
ਇਹ ਵੀ ਮੈਨੂੰ ਆਪੇ ਈ ਦੱਸਦੇ
ਕਿੰਨੇ ਸਾਲ ਮੁਹੱਬਤ ਕਰੀਏ
ਸੱਜਣਾ ਸਾਨੂੰ ਘੁੱਟਕੇ ਲਾ ਲੈ
ਸੀਨੇ ਨਾਲ ਮੁਹੱਬਤ ਕਰੀਏ
ਸਾਹਵਾਂ ਦਾ ਐਤਬਾਰ ਨਈਂ 'ਬੁਸ਼ਰਾ'
ਛੇਤੀ ਨਾਲ਼ ਮੁਹੱਬਤ ਕਰੀਏ