*
ਇੰਝ ਨਾ ਮੈਨੂੰ ਤੱਕ ਵੇ ਅੜਿਆ
ਲੋਕੀਂ ਕਰਦੇ ਸ਼ੱਕ ਵੇ ਅੜਿਆ
ਮੈਂ ਸੁਣਨੀ ਏ ਪਿਆਰ ਕਹਾਣੀ
ਸੁਣਨੀ ਆਖਰ ਤੱਕ ਵੇ ਅੜਿਆ
ਰੰਗ ਬਰੰਗੀਆਂ ਵੰਗਾਂ ਪਵਾ ਦੇ
ਪਾਵਾਂ ਕੂਹਣੀਆਂ ਤੱਕ ਵੇ ਅੜਿਆ
ਇਕ ਦੂਜੇ ਤੇ ਕਿਉਂ ਕਰਨੇ ਆਂ
ਆਪਾਂ ਦੋਵੇਂ ਸ਼ੱਕ ਵੇ ਅੜਿਆ
ਜੇ ਤੂੰ ਆਪਣੇ ਹੱਥੀਂ ਦੇਵੇਂ
ਜ਼ਹਿਰ ਲਵਾਂਗੀ ਫੱਕ ਵੇ ਅੜਿਆ
ਕੰਧਾਂ ਦੇ ਵੀ ਕੰਨ ਹੁੰਦੇ ਨੇ
ਭੋਰਾ ਜਿਹਾ ਤੇ ਝੱਕ ਵੇ ਅੜਿਆ
'ਬੁਸ਼ਰਾ' ਸ਼ਹਿਰ 'ਚ ਜੀਅ ਨੀ ਲਗਦਾ
ਮੈਂ ਚੱਲੀ ਆਂ ਚੱਕ ਵੇ ਅੜਿਆ