*
ਵਿਹੜੇ ਦੇ ਵਿਚ ਇਕ ਦਿਨ ਆਇਆ ਸੰਗਦਾ ਸੰਗਦਾ ਇਸ਼ਕ
ਮੈਂ ਪੁੱਛਿਆ ਤੇ ਆਖਣ ਲੱਗਾ ਮੈਂ ਹਾਂ ਝੰਗ ਦਾ ਇਸ਼ਕ
ਸਿਖਰ ਦੁਪਹਿਰੇ ਨੰਗੇ ਪੈਰੀਂ ਮੌਜ 'ਚ ਲੁੱਡੀਆਂ ਪਾਉਂਦਾ
ਅੱਜ ਮੈਂ ਆਪਣੀ ਅੱਖੀਂ ਤੱਕਿਆ ਇਕ ਮਲੰਗ ਦਾ ਇਸ਼ਕ
ਹੋ ਸਕਦਾ ਏ ਨਿਭ ਜਾਵੇ ਪਰ ਡਰ ਲੱਗਦਾ ਏ ਸੁਣਕੇ
ਪੱਥਰਾਂ ਨਾਲ਼ ਤੇ ਨਿਭ ਨਈਂ ਸਕਦਾ ਕੱਚੀ ਵੰਗ ਦਾ ਇਸ਼ਕ
ਅੱਖਾਂ ਵਿਚ ਲਿਸ਼ਕਾਰੇ ਮਾਰੇ ਮੁੜ ਮੁੜ ਉਹਨੂੰ ਤੱਕਾਂ
ਕਾਲ਼ੇ ਰੰਗ ਦੇ ਬੋਹੜ ਲਿਖਿਆ ਚਿੱਟੇ ਰੰਗ ਦਾ ਇਸ਼ਕ
ਇਸ਼ਕ ਇਸ਼ਕ ਦਾ ਰੌਲ਼ਾ ਪਾਉਣਾ ਚੰਗੀ ਗੱਲ ਨਈਂ ਮੁੜ ਜਾਹ
ਇਹ ਵੀ ਚੇਤੇ ਰੱਖੀਂ ‘ਬੁਸ਼ਰਾ’ ਸੂਲ਼ੀ ਟੰਗਦਾ ਇਸ਼ਕ