*
ਖ਼ਾਬਾਂ ਵਿਚ ਵੀ ਆ ਸਕਨੀ ਆਂ
ਤੇਰੇ ਹੋਸ਼ ਉਡਾ ਸਕਨੀ ਆਂ
ਜੇ ਮੈਂ ਚਾਹਵਾਂ ਉਂਗਲੀ ਉੱਤੇ
ਸਾਰਾ ਸ਼ਹਿਰ ਨਚਾ ਸਕਨੀ ਆਂ
ਵਹਿਮ ਏ ਤੇਰਾ ਤੇਰੀ ਖ਼ਾਤਰ
ਸਾਰੀ ਉਮਰ ਲੰਘਾ ਸਕਨੀ ਆਂ
ਜ਼ਿਹਨ 'ਚ ਰੱਖੀਂ ਤੇਰੇ ਨਾਲ਼ੋਂ
ਬਹੁਤਾ ਸ਼ੋਰ ਮਚਾ ਸਕਨੀ ਆਂ
ਭਾਵੇਂ ਲੱਖ ਕੁਚੱਜੀ ਆਂ ਪਰ
ਮਿੱਠੇ ਚੌਲ਼ ਪਕਾ ਸਕਨੀ ਆਂ
ਗੱਲਾਂ ਵਿਚ ਵਲ਼ਾ ਕੇ ਓਹਨੂੰ
ਜੰਨਤ 'ਚੋਂ ਕਢਵਾ ਸਕਨੀ ਆਂ
‘ਬੁਸ਼ਰਾ’ ਮੈਨੂੰ ਲਗਦਾ ਸੀ ਮੈਂ
ਰੱਬ ਨਾਲ਼ ਆਢਾ ਲਾ ਸਕਨੀ ਆਂ